ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ’ ਦੀ ਰਸਮੀ ਸ਼ੁਰੂਆਤ

‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਸਿਟੀ ਪਾਰਕ ਤੋਂ ਕੀਤਾ ਹਰਿਆਵਲ ਮੁਹਿੰਮ ਦਾ ਆਗਾਜ਼

ਸੀਜ਼ਨ ਵਿੱਚ ਅਸੀਂ ਮੁਹਾਲੀ ਜ਼ਿਲ੍ਹੇ ਵਿੱਚ 10 ਲੱਖ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਮਿੱਥਿਆ: ਅਮਿਤ ਤਲਵਾੜ

ਯੋਜਨਾ ਤਹਿਤ ਸੂਬੇ ਦੇ 115 ਵਿਧਾਨ ਸਭਾ ਹਲਕਿਆਂ ਵਿੱਚ 50-50 ਹਜ਼ਾਰ ਪੌਦੇ ਲਗਾਏ ਜਾਣਗੇ: ਡੀਐਫ਼ਓ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ:
ਜ਼ਿਲ੍ਹਾ ਪ੍ਰਸ਼ਾਸਨ ਨੇ ਵਣ ਮੰਡਲ ਮੁਹਾਲੀ ਦੇ ਸਹਿਯੋਗ ਨਾਲ ਅੱਜ ‘ਸ਼ਹੀਦ ਏ ਆਜ਼ਮ, ਸਰਦਾਰ ਭਗਤ ਸਿੰਘ ਹਰਿਆਵਲ ਲਹਿਰ’ ਸਰਕਾਰ ਦੀ ਫਲੈਗਸ਼ਿਪ ਹਰਿਆਲੀ ਸਕੀਮ ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਸਮਾਗਮ ਸਿਟੀ ਪਾਰਕ ਸੈਕਟਰ 68 ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵਿਸ਼ੇਸ਼ ਮਹਿਮਾਨ ਵਜੋਂ ਤੌਰ ਤੇ ਹਾਜ਼ਰ ਸਨ ਜਦਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ, ਸੀਆਰਪੀਐਫ਼ ਦੀ 2 ਬਟਾਲੀਅਨ, ਸਥਾਨਕ ਐਨਜੀਓਜ਼, ਸਕੂਲੀ ਬੱਚੇ ਤੇ ਬਹੁਤ ਸਾਰੇ ਵਰਗਾਂ ਦੇ ਲੋਕ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਵੀਜ਼ਨਲ ਜੰਗਲਾਤ ਅਫ਼ਸਰ ਕੰਵਰ ਦੀਪ ਸਿੰਘ ਨੇ ਦੱਸਿਆ ਕਿ ਇਹ ਸਕੀਮ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਮਨਾਉਣ ਲਈ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸੂਬੇ ਦੇ 115 ਵਿਧਾਨ ਸਭਾ ਹਲਕਿਆਂ ’ਚੋਂ ਹਰੇਕ ਵਿੱਚ ਪੰਜਾਹ ਹਜ਼ਾਰ ਪੌਦੇ ਲਗਾਏ ਜਾਣਗੇ। ਸਬੰਧਤ ਵਿਧਾਇਕ ਆਪਣੇ ਹਲਕੇ ਵਿੱਚ ਬੂਟੇ ਲਗਾਉਣ ਲਈ ਮਾਰਗਦਰਸ਼ਕ ਹੋਣਗੇ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਅੱਜ ਮੁਹਾਲੀ ਹਲਕੇ ਵਿੱਚ ਸਿਟੀ ਪਾਰਕ ਸੈਕਟਰ 68 ਮੁਹਾਲੀ ਵਿਖੇ ਵਿਸ਼ਾਲ ਇੱਕ ਰੋਜ਼ਾ ਬੂਟੇ ਲਗਾਉਣ ਦੀ ਮੁਹਿੰਮ ਅਤੇ ਵਣ ਮਹਾਂਉਤਸਵ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁਹਾਲੀ ਜ਼ਿਲ੍ਹੇ ਵਿੱਚ ਜੰਗਲਾਤ ਵਿਭਾਗ ਦੇ ਸਵੈ-ਸਹਾਇਤਾ ਸਮੂਹਾਂ ਦੁਆਰਾ ਜੰਗਲੀ ਉਪਜਾਂ ਤੋਂ ਬਣਾਏ ਗਏ ਇੱਕ ਨਵੀਨਤਮ ਸਾਰੇ ਜੈਵਿਕ ਉਤਪਾਦ, ਵਣ ਰੱਖੜੀਆਂ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਤੋਂ ਬਾਅਦ ਵਣ ਮਹਾਂਉਤਸਵ ਮਨਾਉਣ ਲਈ ਵਾਤਾਵਰਨ ਜਾਗਰੂਕਤਾ ਬਾਰੇ ਸਕਿੱਟ ਅਤੇ ਭੰਗੜਾ ਪੇਸ਼ ਕੀਤਾ ਗਿਆ।

ਡੀਐਫ਼ਓ ਨੇ ਦੱਸਿਆ ਕਿ ਪੌਦੇ ਲਗਾਉਣ ਦਾ ਕੰਮ ਵਿਲੱਖਣ ਢੰਗ ਨਾਲ ਕੀਤਾ ਗਿਆ, ਜਿਸ ਤਹਿਤ ਇਹ ਨਾ ਸਿਰਫ਼ ਸਿਟੀ ਪਾਰਕ ਵਿੱਚ, ਬਲਕਿ ਜ਼ਿਲ੍ਹੇ ਵਿੱਚ 20,000 ਤੋਂ ਵੱਧ ਪੌਦਿਆਂ ਵਾਲੀਆਂ 50 ਵੱਖ-ਵੱਖ ਥਾਵਾਂ ’ਤੇ ਇੱਕੋ ਸਮੇਂ ਲਗਾਇਆ ਗਿਆ ਅਤੇ ਇਸ ਸਮਾਗਮ ਦਾ ਲਾਈਵ ਪ੍ਰਸਾਰਣ ਕੀਤਾ ਗਿਆ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਸੂਬੇ ਵਿੱਚ ਗਰੀਨ ਕਵਰ ਨੂੰ ਵਧਾਉਣ ਲਈ ਸਰਕਾਰ ਦੀ ਇਹ ਸਕੀਮ ਸ਼ਲਾਘਾਯੋਗ ਕਦਮ ਹੈ ਜੋ ਕਿ ਸੂਬੇ ਦੇ ਹਰਿਆਵਲ ਵਿੱਚ ਹੋਰ ਵਾਧਾ ਕਰਨ ਲਈ ਮੀਲ ਪੱਥਰ ਸਾਬਿਤ ਹੋਵੇਗੀ। ਡਿਪਟੀ ਕਮਿਸ਼ਨਰ ਤਲਵਾੜ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਅਸੀਂ ਮੁਹਾਲੀ ਜ਼ਿਲ੍ਹੇ ਵਿੱਚ 10 ਲੱਖ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ ਤਾਂ ਜੋ ਹਰਿਆਲੀ ਨੂੰ ਵਧਾਉਣ ਅਤੇ ਹਰਿਆਲੀ ਦੇ ਸੰਦੇਸ਼ ਨੂੰ ਫੈਲਾਇਆ ਜਾ ਸਕੇ। ਡੀਐਫ਼ਓ ਕੰਵਰਦੀਪ ਸਿੰਘ ਨੇ ਦੱਸਿਆ ਕਿ ਇਸ ਮੌਨਸੂਨ ਸੀਜ਼ਨ ਦੌਰਾਨ ਜ਼ਿਲ੍ਹੇ ਭਰ ਵਿੱਚ ਵੱਡੇ ਪੱਧਰ ‘ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲੇ ਦੀ ਹਰਿਆਲੀ ਨੂੰ ਸਿਰਫ਼ ਜੰਗਲਾਂ ਵਿਚ ਹੀ ਨਹੀਂ ਸਗੋਂ ਜੰਗਲੀ ਖੇਤਰਾਂ ਤੋਂ ਬਾਹਰ ਵੀ ਵਧਾਉਣਾ ਹੈ।

Load More Related Articles

Check Also

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ ਸ਼ਿਕਾਇਤਕਰਤਾ ਅਨੁਸਾਰ ਐਸਐਚਓ…