ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਧਮਕਾਉਣ ਤੋਂ ਬਾਜ਼ ਆਉਣ ਅਧਿਕਾਰੀ: ਮੇਹਰ ਸਿੰਘ ਥੇੜੀ

ਝੋਨੇ ਤੋਂ ਪਿੱਛਾ ਛੁਡਾਉਣ ਲਈ ਸਾਰੀਆਂ ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੀਨੀਅਰ ਆਗੂ ਮੇਹਰ ਸਿੰਘ ਥੇੜੀ ਨੇ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਹ ਕਹਿ ਕੇ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਝੋਨੇ ਦੀ ਸਿੱਧੀ ਬਿਜਾਈ ਨਾ ਕੀਤੀ ਤਾਂ ਕਿਸਾਨਾਂ ਦੀਆਂ ਸਬਸਿਡੀਆਂ ਬੰਦ ਕਰ ਦਿੱਤੀਆਂ ਜਾਣਗੀਆਂ।
ਅੱਜ ਇੱਥੇ ਕਿਸਾਨ ਆਗੂ ਮੇਹਰ ਸਿੰਘ ਥੇੜੀ ਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਮੂਹ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਲਈ ਕੋਟਾ ਨਿਰਧਾਰਿਤ ਕਰ ਦਿੱਤਾ ਹੈ ਕਿ ਏਨੇ ਰਕਬੇ ਹੇਠ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਜਾਵੇ, ਜਿਸ ਕਰਕੇ ਹੁਣ ਖੇਤੀਬਾੜੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਰਮਚਾਰੀ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਧਮਕਾ ਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਮਜਬੂਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਦੇਣ ਦਾ ਐਲਾਨ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਜਦੋਂਕਿ ਝੋਨੇ ਦੀ ਸਿੱਧੀ ਬਿਜਾਈ ਉੱਤੇ ਕਾਫ਼ੀ ਖਰਚਾ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਖਰਚਾ ਵੱਧਦਾ ਹੈ, ਫਸਲ ਦਾ ਝਾੜ ਘੱਟਦਾ ਹੈ। ਇਸ ਲਈ ਸਰਕਾਰ ਨੂੰ ਸਿੱਧੀ ਬਿਜਾਈ ਕਰਵਾਉਣ ਲਈ ਕਿਸਾਨਾਂ ਨੂੰ 10 ਹਜ਼ਾਰ ਪ੍ਰਤੀ ਏਕੜ ਦੇਣੇ ਚਾਹੀਦੇ ਹਨ। ਬਿਜਲੀ ਸਪਲਾਈ ਦੀ ਸਮੱਸਿਆ ਦਾ ਜਿਕਰ ਕਰਦਿਆਂ ਕਿਹਾ ਕਿ ਖੇਤੀ ਸੈਕਟਰ ਲਈ ਬਿਜਲੀ ਸਪਲਾਈ ਦਾ ਬੁਰਾ ਹਾਲ ਹੈ। ਬਿਜਲੀ ਸਪਲਾਈ ਨਾ ਹੋਣ ਕਾਰਨ ਕਿਸਾਨਾਂ ਦੀਆਂ ਮੋਟਰਾਂ ਨਹੀਂ ਚੱਲਦੀਆਂ, ਜਿਸ ਕਾਰਨ ਗੰਨਾ, ਮੱਕੀ ਅਤੇ ਹੋਰ ਫਸਲਾਂ ਸੁੱਕ ਰਹੀਆਂ ਹਨ।
ਕਿਸਾਨਾਂ ਨੇ ਸਰਕਾਰ ਅਤੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਕਿ ਕਿਸੇ ਕਰਮਚਾਰੀ ਦੀ ਡਿਊਟੀ ਖੇਤਾਂ ਵਿਚ ਲਗਾਈ ਜਾਵੇ ਜੋ ਕਿ ਨੋਟ ਕਰੇ ਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਵਧੇਰੇ ਪਾਣੀ ਲਗਦਾ ਹੈ ਜਾਂ ਕੱਦੂ ਕੀਤੇ ਖੇਤਾਂ ਵਿੱਚ ਪਾਣੀ ਜਿਆਦਾ ਲੱਗਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੱਦੂ ਕੀਤੇ ਖੇਤਾਂ ਵਿੱਚ ਸਿਰਫ਼ ਅੱਧਾ ਘੰਟਾ ਪਾਣੀ ਦੇਣਾ ਪੈਂਦਾ ਹੈ, ਜਦੋਂਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਅੱਠ ਘੰਟੇ ਤਕ ਪਾਣੀ ਦੇਣਾ ਪੈਂਦਾ ਹੈ ਅਤੇ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਝੋਨੇ ਦਾ ਸਿੱਧੀ ਬਿਜਾਈ ਲਈ ਬੀਜ 200 ਰੁਪਏ ਤੋਂ ਘੱਟ ਦਿਵਾਉਣ ਵਿੱਚ ਫੇਲ ਹੋ ਗਈ ਹੈ। ਪਹਿਲਾਂ ਕਿਸਾਨਾਂ ਨੂੰ ਮਹਿੰਗੇ ਮੁੱਲ ਤੇ ਬੀਜ ਲੈਣਾ ਪੈਂਦਾ ਹੈ, ਜੇ ਸਿੱਧੀ ਬਿਜਾਈ ਨਾਲ ਝੋਨਾ ਨਾ ਹੋਵੇ ਤਾਂ ਮੁੜ ਬੀਜ ਲੈਣ ਲਈ ਖਰਚਾ ਕਰਨਾ ਪੈਂਦਾ ਹੈ। ਇਹ ਪੁੱਛਣ ਤੇ ਕਿ ਜਦੋਂ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਤਾਂ ਕਿਸਾਨ ਕਿਹੜੀ ਫਸਲ ਬੀਜਣਗੇ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਝੋਨੇ ਤੋੱ ਖਹਿੜਾ ਛੁਡਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਝੋਨੇ ਨੇ ਪੰਜਾਬ ਦੀ ਜ਼ਮੀਨ, ਜਵਾਨੀ ਤੇ ਕਿਸਾਨੀ ਰੋਲ ਦਿੱਤੀ ਹੈ ਪ੍ਰੰਤੂ ਸਰਕਾਰ ਵੱਲੋਂ ਝੋਨੇ ਤੋੱ ਬਿਨਾਂ ਹੋਰਨਾਂ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਨਾ ਦਿੱਤੇ ਜਾਣ ਕਾਰਨ ਝੋਨਾ ਬੀਜਣਾ ਕਿਸਾਨਾਂ ਦੀ ਮਜਬੂਰੀ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਭਗਵੰਤ ਮਾਨ ਸਰਕਾਰ ਨੇ ਮੂੰਗੀ ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਐਲਾਨ ਕੀਤਾ ਹੈ, ਪਰ ਕਿਸਾਨ ਚਾਹੁੰਦੇ ਹਨ ਕਿ ਸਰਕਾਰ ਸਾਰੀਆਂ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦੇਵੇ ਤਾਂ ਕਿਸਾਨ ਖ਼ੁਦ ਹੀ ਝੋਨਾ ਬੀਜਣ ਤੋਂ ਹੱਟ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨ ਗੰਨਾ ਬੀਜਦੇ ਸੀ ਪ੍ਰੰਤੂ ਸਰਕਾਰ ਅਤੇ ਖੰਡ ਮਿਲਾਂ ਵੱਲੋਂ ਕਿਸਾਨਾਂ ਦੇ ਗੰਨੇ ਦੇ ਪਿਛਲੇ ਬਕਾਏ ਅਜੇ ਤੱਕ ਨਹੀਂ ਦਿੱਤੇ ਗਏ, ਜਿਸ ਕਰਕੇ ਕਿਸਾਨ ਗੰਨੇ ਦੀ ਫਸਲ ਬੀਜਣ ਤੋਂ ਦੂਰ ਹੋ ਗਏ ਹਨ।

ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਜਸਵੀਰ ਸਿੰਘ, ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ, ਹਕੀਕਤ ਸਿੰਘ ਘੜੂੰਆਂ, ਬਲਾਕ ਪ੍ਰਧਾਨ ਖੇੜਾ ਪ੍ਰਕਾਸ਼ ਸਿੰਘ, ਹਜ਼ੂਰਾ ਸਿੰਘ, ਗੁਰਦੇਵ ਸਿੰਘ ਜੰਡੋਲੀ, ਹਰਵਿੰਦਰ ਸਿੰਘ ਟਿਵਾਣਾ, ਬਲਜੀਤ ਸਿੰਘ ਚਮਾਰੂ, ਜਸਮੇਰ ਸਿੰਘ ਕਬੂਲਪੁਰ, ਗੁਰਜੀਤ ਸਿੰਘ, ਸੇਵਾ ਸਿੰਘ, ਸੁਖਵਿੰਦਰ ਸਿੰਘ ਤੇ ਬਚਿੱਤਰ ਸਿੰਘ, ਉਜਾਗਰ ਸਿੰਘ ਧਮੌਲੀ ਮੌਜੂਦ ਸਨ।

Load More Related Articles

Check Also

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 22 ਅਪਰੈਲ: ਇੱਥੋਂ ਦੇ ਸੰਤ…