Nabaz-e-punjab.com

ਅਣਦੇਖੀ: ਨਸ਼ੇੜੀਆਂ ਦਾ ਅੱਡਾ ਬਣਿਆਂ ਮੁਹਾਲੀ ਦਾ ਪੁਰਾਣਾ ਅੰਤਰਰਾਜੀ ਬੱਸ ਅੱਡਾ

ਗਮਾਡਾ ਨੇ ਪੁਰਾਣਾ ਬੱਸ ਅੱਡਾ ਢਾਹ ਕੇ ਲੋਕਾਂ ਨੂੰ ਆਵਾਜਾਈ ਸਹੂਲਤ ਤੋਂ ਵਾਂਝੇ ਕੀਤਾ: ਸਤਵੀਰ ਧਨੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ:
ਇੱਥੋਂ ਦੇ ਫੇਜ਼-8 ਵਿੱਚ ਪੁਰਾਣੇ ਅੰਤਰਰਾਜੀ ਬੱਸ ਅੱਡੇ ਦੀ ਇਮਾਰਤ ਪ੍ਰਸ਼ਾਸਨ ਦੀ ਕਥਿਤ ਅਣਦੇਖੀ ਦੇ ਚੱਲਦਿਆਂ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਈ ਹੈ। ਜਾਣਕਾਰੀ ਅਨੁਸਾਰ ਕਰੀਬ ਢਾਈ ਦਹਾਕੇ ਪਹਿਲਾਂ 1993-94 ਵਿੱਚ ਤਤਕਾਲੀ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਨੇ ਮੁਹਾਲੀ ਵਾਸੀਆਂ ਦੀ ਸਹੂਲਤ ਲਈ ਸ਼ਹਿਰ ਦੇ ਐਨ ਸੈਂਟਰ ਵਿੱਚ ਅੰਤਰਰਾਜੀ ਬੱਸ ਅੱਡਾ ਬਣਾਇਆ ਗਿਆ ਸੀ ਅਤੇ ਇੱਥੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਉਣ ਜਾਣ ਲਈ ਬੱਸਾਂ ਚੱਲਦੀਆਂ ਸਨ, ਪ੍ਰੰਤੂ ਮੌਜੂਦਾ ਕੈਪਟਨ ਸਰਕਾਰ ਨੇ ਪਿਛਲੇ ਸਾਲ ਗਮਾਡਾ ਰਾਹੀਂ ਆਪਣੀ ਹੀ ਸਰਕਾਰ ਦੇ ਬਣਾਏ ਹੋਏ ਪੁਰਾਣੇ ਬੱਸ ਅੱਡੇ ਦੀ ਇਮਾਰਤ ਨੂੰ ਤਹਿਸ ਨਹਿਸ ਕਰ ਦਿੱਤਾ। ਹਾਲਾਂਕਿ ਗਮਾਡਾ ਨੇ ਬੱਸ ਅੱਡਾ ਢਾਹੁਣ ਸਮੇਂ ਇਹ ਤਰਕ ਦਿੱਤਾ ਸੀ ਕਿ ਇਸ ਪ੍ਰਾਈਮ ਲੋਕੇਸ਼ਨ ਥਾਂ ਨੂੰ ਲੋਕ ਹਿੱਤ ਕੰਮਾਂ ਲਈ ਵਰਤਿਆਂ ਜਾਵੇਗਾ ਲੇਕਿਨ ਹੁਣ ਤੱਕ ਇਹ ਥਾਂ ਵਿਰਾਨ ਪਈ ਹੈ ਅਤੇ ਮੌਜੂਦਾ ਸਮੇਂ ਵਿੱਚ ਢਹਿ ਢੇਰੀ ਹੋਇਆ ਬੱਸ ਅੱਡੇ ਦਾ ਢਾਂਚਾ ਨਸ਼ੇੜੀਆਂ ਦਾ ਕੰਮ ਆ ਰਿਹਾ ਹੈ।
ਇਸ ਸਬੰਧੀ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਭਾਵੇਂ ਪਿਛਲੇ ਸਾਲ ਗਮਾਡਾ ਨੇ ਬੱਸ ਅੱਡਾ ਦੀ ਇਮਾਰਤ ਨੂੰ ਢਾਹੁਣ ਤੋਂ ਬਾਅਦ ਡੂੰਘੇ ਖੱਡੇ ਪੁੱਟ ਕੇ ਦੋਵੇਂ ਪਾਸਿਓਂ ਲਾਂਘਾ ਬੰਦ ਕਰ ਕੇ ਕੰਡਾ ਤਾਰ ਲਗਾ ਦਿੱਤੀ ਸੀ ਲੇਕਿਨ ਇਸ ਦੇ ਬਾਵਜੂਦ ਸ਼ਹਿਰ ਵਾਸੀਆਂ ਦਾ ਇਸ ਥਾਂ ਤੋਂ ਮੋਹ ਨਹੀਂ ਟੁੱਟਾ ਅਤੇ ਮੌਜੂਦਾ ਸਮੇਂ ਵਿੱਚ ਲੋਕ ਇੱਥੋਂ ਹੀ ਸਫ਼ਰ ਕਰਦੇ ਹਨ ਅਤੇ ਬੱਸਾਂ ਵਾਲੇ ਵੀ ਸੜਕ ਕਿਨਾਰੇ ਰੁੱਖਾਂ ਦੀ ਥਾਂ ਹੇਠ ਬੱਸਾਂ ਖੜੀਆਂ ਕਰ ਕੇ ਸਵਾਰੀਆਂ ਢੋਅ ਰਹੇ ਹਨ। ਇੱਥੇ ਸਵਾਰੀਆਂ ਦੇ ਬੈਠਣ ਲਈ ਕੋਈ ਜਗ੍ਹਾ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵਾਰੀਆਂ ਨੂੰ ਸੜਕ ਕਿਨਾਰੇ ਖੜੇ ਹੋ ਕੇ ਬੱਸ ਦੀ ਉਡੀਕ ਕਰਨੀ ਪੈਂਦੀ ਹੈ। ਅੱਤ ਦੀ ਗਰਮੀ ਕਾਰਨ ਸਵਾਰੀਆਂ ਦੀ ਜਾਨ ਨੂੰ ਬਣੀ ਹੋਈ ਹੈ। ਉਂਜ ਵੀ ਪੀਣ ਵਾਲਾ ਪਾਣੀ ਜਾਂ ਪਬਲਿਕ ਪਖਾਨਾ ਨਾ ਹੋਣ ਕਰ ਕੇ ਲੋਕਾਂ ਨੂੰ ਖੁੱਲ੍ਹੇ ਵਿੱਚ ਜਾਣਾ ਪੈ ਰਿਹਾ ਹੈ।
ਸ੍ਰੀ ਧਨੋਆ ਨੇ ਕਿਹਾ ਕਿ ਫੋਰਟਿਸ ਹਸਪਤਾਲ, ਕੋਸਮੋ ਹਸਪਤਾਲ, ਗਰੇਸੀਅਨ ਹਸਪਤਾਲ, ਪੰਜਾਬ ਸਕੂਲ ਸਿੱਖਿਆ ਬੋਰਡ, ਕ੍ਰਿਕਟ ਸਟੇਡੀਅਮ, ਵਿਕਾਸ ਭਵਨ, ਵਣ ਭਵਨ, ਪੁਲੀਸ ਕੰਪਲੈਕਸ, ਹਾਕੀ ਸਟੇਡੀਅਮ, ਵਿਜੀਲੈਂਸ ਦਫ਼ਤਰ ਸਮੇਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਅਤੇ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਵਾਲਾ ਆਦਿ ਇਸ ਬੱਸ ਅੱਡੇ ਦੇ ਬਿਲਕੁਲ ਨੇੜੇ ਹੋਣ ਕਾਰਨ ਦਫ਼ਤਰੀ ਮੁਲਾਜ਼ਮਾਂ, ਮਰੀਜ਼ਾਂ ਅਤੇ ਆਮ ਲੋਕਾਂ ਨੂੰ ਕਾਫੀ ਸਹੂਲਤ ਸੀ। ਇਸ ਤੋਂ ਇਲਾਵਾ ਫੇਜ਼-7, ਫੇਜ਼-8, ਫੇਜ਼-9, ਸੈਕਟਰ-68, ਸੈਕਟਰ-69 ਅਤੇ ਸੈਕਟਰ-70 ਵਿੱਚ ਰਹਿੰਦੇ ਲੋਕਾਂ ਨੂੰ ਵੀ ਪੁਰਾਣੇ ਬੱਸ ਅੱਡੇ ਦਾ ਕਾਫੀ ਫਾਈਦਾ ਸੀ।
ਇਸ ਮੌਕੇ ਕਰਮ ਸਿੰਘ ਮਾਵੀ, ਮੇਜਰ ਸਿੰਘ, ਹਰਮੀਤ ਸਿੰਘ, ਸੁਰਿੰਦਰਜੀਤ ਸਿੰਘ, ਹਰਪ੍ਰੀਤ ਸਿੰਘ ਭਮੱਦੀ, ਬਲਜੀਤ ਸਿੰਘ, ਕਮਲ ਸਿੰਘ, ਸੁਖਦੇਵ ਸਿੰਘ, ਜਗਤਾਰ ਸਿੰਘ, ਦਲਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਸਹੂਲਤ ਲਈ ਪੁਰਾਣੇ ਬੱਸ ਅੱਡੇ ਵਾਲੀ ਥਾਂ ਨੂੰ ਲੋਕਲ ਬੱਸ ਅੱਡੇ ਵਜੋਂ ਵਰਤਿਆ ਜਾਵੇ ਤਾਂ ਜੋ ਇਸ ਦੀ ਸਾਂਭ ਸੰਭਾਲ ਹੋ ਸਕੇ ਅਤੇ ਸ਼ਹਿਰ ਵਾਸੀਆਂ ਨੂੰ ਸਹੂਲਤ ਮਿਲ ਸਕੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…