ਲੋਕਾਂ ਨੂੰ ਫ਼ਾਇਦਾ ਦੇਣ ਦੀ ਥਾਂ ਨੁਕਸਾਨ ਪਹੁੰਚਾ ਰਹੇ ਨੇ ਪੁਰਾਣੇ ਕਾਨੂੰਨ: ਕੁਲਜੀਤ ਬੇਦੀ

ਫੈਮਿਲੀ ਟਰਾਂਸਫ਼ਰ ਵਿੱਚ ਕੌਂਸਲਰ ਦੀ ਤਸਦੀਕ ਦੇ ਕਾਨੂੰਨ ਨੂੰ ਖ਼ਤਮ ਕਰਨ ਲਈ ਡੀਸੀ ਅਤੇ ਮੁੱਖ ਪ੍ਰਸ਼ਾਸਕ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 3 ਜੁਲਾਈ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਾਲਾਂ ਪੁਰਾਣੇ ਕਾਨੂੰਨ ਲੋਕਾਂ ਨੂੰ ਫ਼ਾਇਦਾ ਦੇਣ ਦੀ ਥਾਂ ਨੁਕਸਾਨ ਪਹੁੰਚਾ ਰਹੇ ਹਨ। ਜਿਸ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ। ਇਸ ਸਬੰਧੀ ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਸਾਲਾਂ-ਬੱਧੀ ਪੁਰਾਣੇ ਕਾਨੂੰਨ ਖ਼ਤਮ ਕੀਤੇ ਜਾਣ ਅਤੇ ਲੋਕਾਂ ਨੂੰ ਫੌਰੀ ਰਾਹਤ ਦਿੱਤੀ ਜਾਵੇ। ਅੱਜ ਇੱਥੇ ਕੁਲਜੀਤ ਬੇਦੀ ਨੇ ਦੱਸਿਆ ਕਿ ਗਮਾਡਾ ਦੇ ਕਾਨੂੰਨ ਮੁਤਾਬਕ ਫੈਮਿਲੀ ਟਰਾਂਸਫ਼ਰ ਦੀ ਤਸਦੀਕ ਕਰਨ ਲਈ ਕੌਂਸਲਰ ਦੇ ਦਸਤਖ਼ਤ ਜ਼ਰੂਰੀ ਕੀਤੇ ਗਏ ਹਨ। ਇਸ ਨਾਲ ਬਿਨਾਂ ਮਤਲਬ ਦਾ ਭੰਬਲਭੂਸਾ ਅਤੇ ਲੋਕ ਹੈਰਾਨ ਹੁੰਦੇ ਹਨ। ਸਰਕਾਰੀ ਦਫ਼ਤਰਾਂ ਵਿੱਚ ਖੱਜਲ ਹੁੰਦੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੇ ਆਪਣੀ ਜਾਇਦਾਦ ਆਪਣੇ ਪਰਿਵਾਰਕ ਮੈਂਬਰ ਦੇ ਨਾਂ ’ਤੇ ਟਰਾਂਸਫ਼ਰ ਕਰਨੀ ਹੁੰਦੀ ਹੈ, ਤਾਂ ਸਬੰਧਤ ਪਰਿਵਾਰ ਵਿਚਲੇ ਮੈਂਬਰਾਂ ਦੀ ਇੱਕ ਫੈਮਿਲੀ ਟਰੀ ਬਣਾਈ ਜਾਂਦੀ ਹੈ। ਜਿਸ ਦੀ ਤਸਦੀਕ ਕੌਂਸਲਰ ਤੋਂ ਕਰਵਾਉਣੀ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮੁਹਾਲੀ ਦਾ ਖੇਤਰਫਲ ਕਾਫ਼ੀ ਦੂਰ ਤੱਕ ਫੈਲ ਚੁੱਕਾ ਹੈ। ਇਸ ਵਿੱਚ ਵੱਡਾ ਖੇਤਰ ਗਮਾਡਾ ਜਾਂ ਵੱਖ-ਵੱਖ ਪ੍ਰਾਈਵੇਟ ਕਲੋਨਾਈਜ਼ਰਾਂ ਅਧੀਨ ਹੈ ਅਤੇ ਉੱਥੇ ਹੁਣ ਤੱਕ ਕੋਈ ਕੌਂਸਲਰ ਨਹੀਂ ਚੁਣਿਆ ਗਿਆ। ਇਨ੍ਹਾਂ ਇਲਾਕਿਆਂ ਦੇ ਲੋਕ ਆਪਣੇ ਕੰਮਾਂ ਕਾਰਾਂ ਲਈ ਖੱਜਲ-ਖੁਆਰ ਹੋ ਰਹੇ ਹਨ ਪ੍ਰੰਤੂ ਅਧਿਕਾਰੀ ਉਨ੍ਹਾਂ ਦੀ ਇੱਕ ਨਹੀਂ ਸੁਣਦੇ।
ਡਿਪਟੀ ਮੇਅਰ ਨੇ ਕਿਹਾ ਕਿ ਵੈਸੇ ਵੀ ਫੈਮਿਲੀ ਟਰਾਂਸਫ਼ਰ ਸਮੇਂ ਲੋਕ ਹਲਫ਼ਨਾਮਾ ਵੀ ਦਿੰਦੇ ਹਨ ਅਤੇ ਹੋਰ ਲੋੜੀਂਦੇ ਦਸਤਾਵੇਜ਼ ਪੂਰੇ ਕਰਦੇ ਹਨ ਤਾਂ ਫਿਰ ਇਸ ਵਿੱਚ ਕੌਂਸਲਰ ਦਾ ਰੋਲ ਵਿੱਚ ਕਿਉਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਬੂਹੇ ’ਤੇ ਸਹੂਲਤ ਦੇਣ ਦੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਲੋਕ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਗਮਾਡਾ ਨਾਲ ਤਾਲਮੇਲ ਕਰਕੇ ਇਸ ਮਸਲੇ ਦਾ ਹੱਲ ਕਰਵਾਉਣ ਅਤੇ ਪੁਰਾਣੇ ਕਾਨੂੰਨ ਖ਼ਤਮ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਜੱਦੀ ਜਾਇਦਾਦ ਟਰਾਂਸਫ਼ਰ ਕਰਨ ਸਬੰਧੀ ਵੱਡੀ ਰਾਹਤ ਮਿਲ ਸਕੇ।

Load More Related Articles
Load More By Nabaz-e-Punjab
Load More In General News

Check Also

ਵਫ਼ਾਦਾਰ ਵਰਕਰਾਂ ਦੇ ਮਾਣ-ਸਨਮਾਨ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਸੁਖਬੀਰ ਬਾਦਲ

ਵਫ਼ਾਦਾਰ ਵਰਕਰਾਂ ਦੇ ਮਾਣ-ਸਨਮਾਨ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਸੁਖਬੀਰ ਬਾਦਲ ਮੁਹਾਲੀ ਦੇ ਅਕਾਲੀ ਆ…