26 ਅਗਸਤ ਨੂੰ ਕੁਰਾਲੀ ਵਿਖੇ ਕੀਤਾ ਜਾਵੇਗਾ ਖੇਡਾਂ ਦੀ ਮਸ਼ਾਲ ਦਾ ਭਰਵਾਂ ਸਵਾਗਤ: ਡੀਸੀ ਆਸ਼ਿਕਾ ਜੈਨ

‘ਖੇਡਾਂ ਵਤਨ ਪੰਜਾਬ ਦੀਆਂ’ ਲਈ ਬਲਾਕ ਪੱਧਰੀ ਖੇਡਾਂ ਲਈ ਰਜਿਸਟ੍ਰੇਸ਼ਨ ਕਰਵਾਉੁਣ ਦੀ ਆਖਰੀ ਮਿਤੀ 28 ਅਗਸਤ

ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ 29 ਅਗਸਤ ਤੋਂ ਤੋਂ 10 ਸਤੰਬਰ ਤੱਕ ਰਜਿਸਟ੍ਰੇਸ਼ਨ ਹੋਵੇਗੀ

ਨਬਜ਼-ਏ-ਪੰਜਾਬ, ਮੁਹਾਲੀ, 24 ਅਗਸਤ:
ਪੰਜਾਬ ਦੇ ਨੌਜੁਆਨਾਂ ਅਤੇ ਉਭਰਦੇ ਖਿਡਾਰੀਆਂ ਨੂੰ ਢੁਕਵੇਂ ਮੰਚ ਅਤੇ ਮੌਕੇ ਪ੍ਰਦਾਨ ਕਰਨ ਦੇ ਮੰਤਵ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ‘ਤੇ ਪੰਜਾਬ ਸਰਕਾਰ ਦੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸਾਲ ਦੂਜਾ ਲਈ ਬਲਾਕ ਪੱਧਰੀ ਖੇਡਾਂ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 28 ਅਗਸਤ ਰੱਖੀ ਗਈ ਹੈ ਜਦਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਇਹ ਰਜਿਸਟ੍ਰੇਸ਼ਨ 29 ਅਗਸਤ ਤੋਂ 10 ਸਤੰਬਰ ਤੱਕ ਚੱਲੇਗੀ। ਸਿੱਧੀ ਐਂਟਰੀ ਵਾਲੇ ਸੂਬਾਈ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ 15 ਸਤੰਬਰ ਤੋਂ 25 ਸਤੰਬਰ ਤੱਕ ਹੋਵੇਗੀ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਜ਼ਿਲ੍ਹੇ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪ੍ਰਬੰਧਾਂ ਲਈ ਡਿਊਟੀਆਂ ਸੌਂਪਣ ਅਤੇ 26 ਅਗਸਤ ਨੂੰ ਕੁਰਾਲੀ ਵਿਖੇ ‘ਖੇਡਾਂ ਦੀ ਮਸ਼ਾਲ‘ ਦਾ ਸਵਾਗਤ ਕਰਨ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ‘ਖੇਡਾਂ ਵਤਨ ਪੰਜਾਬ ਦੀਆਂ’ ਪੋਰਟਲ ‘ਤੇ ਹੀ ਹੋਵੇਗੀ। ਉੁਨ੍ਹਾਂ ਦੱਸਿਆ ਕਿ ਕੁਰਾਲੀ ਵਿੱਚ 26 ਅਗਸਤ ਨੂੰ ਰੂਪਨਗਰ ਤੋਂ ਜ਼ਿਲ੍ਹੇ ਵਿੱਚ ਦਾਖ਼ਲ ਹੋਣ ਵਾਲੀ ‘ਖੇਡਾਂ ਦੀ ਮਸ਼ਾਲ’ ਨੂੰ ਸ਼ਾਨਦਾਰ ਸਵਾਗਤ ਨਾਲ ਪ੍ਰਾਪਤ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਸੈਕਟਰ 78 ਦੇ ਬਹੁਮੰਤਵੀ ਖੇਡ ਕੰਪਲੈਕਸ ਵਿਖੇ ਲਿਆਉਣ ਤੋਂ ਬਾਅਦ ਇਸ ਨੂੰ ਅਗਲੇ ਪੜਾਅ ਫਤਹਿਗੜ੍ਹ ਸਾਹਿਬ ਲਈ ਬਾਰਸਤਾ ਚੁੰਨ੍ਹੀ ਰਵਾਨਾ ਕੀਤਾ ਜਾਵੇਗਾ। ਉੁਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਉੱਘੇ ਖਿਡਾਰੀ, ਚੁਣੇ ਹੋਏ ਨੁਮਾਇੰਦੇ ਅਤੇ ਅਧਿਕਾਰੀਆਂ ਸਮੇਤ ਹੋਰ ਪਤਵੰਤੇ ਮਸ਼ਾਲ ਦੇ ਸਵਾਗਤ ਲਈ ਮੌਜੂਦ ਰਹਿਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਢਲੇ ਤੌਰ ‘ਤੇ ਮੋਹਾਲੀ ‘ਚ ਸਥਿਤ ਖੇਡ ਸਟੇਡੀਅਮਾਂ ਦੀ ਜ਼ਰੂਰੀ ਮੁਰੰਮਤ ਲਈ 10 ਲੱਖ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਲਾਕ ਪੱਧਰੀ ਖੇਡਾਂ ਲਈ 3 ਲੱਖ ਰੁਪਏ ਰਿਫ਼੍ਰੈਸ਼ਮੈਂਟ ਅਤੇ ਇੱਕ ਲੱਖ ਰੁਪਏ ਖੇਡ ਦਾ ਸਮਾਨ/ਕਿੱਟਾਂ ਖਰੀਦਣ ਲਈ ਪ੍ਰਤੀ ਬਲਾਕ ਨਿਰਧਾਰਿਤ ਕੀਤਾ ਗਿਆ ਹੈ, ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੂੰ ਇਨ੍ਹਾਂ ਖੇਡਾਂ ਲਈ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਲਈ ਆਖਿਆ ਤਾਂ ਜੋ ਹਰ ਇੱਕ ਬੱਚੇ ਨੂੰ ਖੇਡਾਂ ‘ਚ ਭਾਗ ਲੈਣ ਦਾ ਮੌਕਾ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਟੂਰਨਾਮੈਂਟ (ਲੜਕੇ ਅਤੇ ਲੜਕੀਆਂ) ਅੰਡਰ 14, 17, 21, 21-30, 31-40, 41-55 56-65 ਅਤੇ 65 ਸਾਲ ਤੋਂ ਉਪਰ ਉਮਰ ਵਰਗ ‘ਚ ਖੋ-ਖੋ, ਕਬੱਡੀ (ਨੈਸ਼ਨਲ ਅਤੇ ਸਰਕਲ), ਅਥਲੈਟਿਕਸ, ਵਾਲੀਬਾਲ (ਸ਼ੂਟਿੰਗ ਅਤੇ ਸਮੈਸਿੰਗ), ਫੁੱਟਬਾਲ ਅਤੇ ਟੱਗ ਆਫ ਵਾਰ (ਰੱਸਾਕਸ਼ੀ) ਖੇਡ ਵੰਨਗੀਆਂ ਲਈ ਕਰਵਾਏ ਜਾਣੇ। ਬਲਾਕ ਪੱਧਰੀ ਮੁਕਾਬਲੇ ਡੇਰਾਬਸੀ (ਸਰਕਾਰੀ ਕਾਲਜ ਡੇਰਾਬੱਸੀ ਅਤੇ ਲਾਲੜੂ ਸਟੇਡੀਅਮ) ਅਤੇ ਮਾਜਰੀ (ਸਪੋਰਟਸ ਸਟੇਡੀਅਮ ਸਿੰਘਪੁਰਾ ਰੋਡ ਕੁਰਾਲੀ ਅਤੇ ਖਾਲਸਾ ਸਕੂਲ ਕੁਰਾਲੀ) ਵਿਖੇ 4 ਸਤੰਬਰ ਤੋਂ 6 ਸਤੰਬਰ, ਬਲਾਕ ਮੋਹਾਲੀ ਦੇ ਖੇਡ ਮੁਕਾਬਲੇ ਬਹੁ ਮੰਤਵੀ ਖੇਡ ਭਵਨ ਸੈਕਟਰ 78 ਅਤੇ ਬਲਾਕ ਖਰੜ ਦੇ ਮੁਕਾਬਲੇ ਸ਼ਹੀਦ ਕਾਂਸ਼ੀ ਰਾਮ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ, ਭਾਗੋ ਮਾਜਰਾ ਖਰੜ ਅਤੇ ਐਮ.ਸੀ. ਸਟੇਡੀਅਮ ਖਰੜ ਵਿਖੇ 7 ਸਤੰਬਰ ਤੋਂ 9 ਸਤੰਬਰ ਤੱਕ ਕਰਵਾਏ ਜਾਣਗੇ।
ਇਸੇ ਤਰ੍ਹਾਂ ਜ਼ਿਲ੍ਹਾ ਪੱਧਰੀ ਟੂਰਨਾਮੈਂਟ (ਲੜਕੇ ਅਤੇ ਲੜਕੀਆਂ ) ਅੰਡਰ 14, 17, 21, 21-30, 31-40, 41-55, 56-65 ਅਤੇ 65 ਸਾਲ ਤੋਂ ਉਪਰ ਉਮਰ ਵਰਗ ‘ਚ ਖੋ-ਖੋ, ਕੁਸ਼ਤੀ (ਨੈਸ਼ਨਲ ਅਤੇ ਸਰਕਲ), ਅਥਲੈਟਿਕਸ, ਵਾਲੀਬਾਲ (ਸ਼ੂਟਿੰਗ ਅਤੇ ਸਮੈਸਿੰਗ) ਫੁੱਟਬਾਲ, ਟੱਗ ਆਫ ਵਾਰ, ਹੈਂਡਬਾਲ, ਸਾਫ਼ਟਬਾਲ, ਜੁਡੋ, ਰੋਲਰ ਸਕੇਟਿੰਗ, ਗਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਿਟਬਾਲ, ਪਾਰਵਲਿਫ਼ਟਿੰਗ, ਲਾਅਨ ਟੈਨਿਸ, ਰੈਸਲਿੰਗ, ਸਵਿਮਿੰਗ, ਬਾਕਸਿੰਗ, ਟੈਬਲ ਟੈਨਿਸ, ਵੇਟ ਲਿਫਟਿੰਗ, ਚੈੱਸ, ਸ਼ੂਟਿੰਗ ਮੁਕਾਬਲੇ ਬਹੁ ਮੰਤਵੀ ਖੇਡ ਭਵਨ ਸੈਕਟਰ 63, ਮੋਹਾਲੀ ਬਹੁ ਮੰਤਵੀ ਖੇਡ ਭਵਨ ਸੈਕਟਰ, 78, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼3ਬੀ1, ਲਰਨਿੰਗ ਪਾਥ ਸਕੂਲ ਸੈਕਟਰ 67, ਸ਼ੈਮਰਾਕ ਸਕੂਲ, ਸੈਕਟਰ 69, ਐਮਿਟੀ ਇੰਟਰਨੈਸ਼ਨਲ ਸਕੂਲ ਸੈਕਟਰ 79 ਵਿਖੇ 16 ਸਤੰਬਰ ਤੋਂ 26 ਅੱਕ ਕਰਵਾਏ ਜਾਣਗੇ। ਮੁਹਾਲੀ ਵਿਖੇ ਜਿਮਨਾਸਟਿਕਸ, ਸਵੀਮਿੰਗ, ਕਿੱਕ, ਬਾਕਸਿੰਗ ਦੇ ਰਾਜ ਪੱਧਰੀ ਮੁਕਾਬਲੇ ਬਹੁ ਮੰਤਵੀ ਖੇਡ ਭਵਨ ਸੈਕਟਰ 63 ਅਤੇ ਬਹੁ ਮੰਤਵੀ ਖੇਡ ਭਵਨ ਸੈਕਟਰ 78, ਵਿਖੇ ਕਰਵਾਏ ਜਾਣਗੇ।
ਡੀਸੀ ਨੇ ਖੇਡਾਂ ਦੌਰਾਨ ਉਦਘਾਟਨੀ ਤੇ ਸਮਾਪਨ ਸਮਾਰੋਹ ਉੁਲੀਕੇ ਜਾਣ ਤੋਂ ਇਲਾਵਾ ਖੇਡ ਮੁਕਾਬਲਿਆਂ ਲਈ ਗਰਾਊਂਡਾਂ ਅਤੇ ਸਟੇਡੀਅਮਾਂ ਦੀ ਲੋੜੀਂਦੀ ਸਾਫ਼-ਸਫ਼ਾਈ ਅਤੇ ਮੁਰੰਮਤ ਕਰਵਾਉਣ, ਪਾਰਕਿੰਗ, ਟਰੈਫ਼ਿਕ ਅਤੇ ਸੁਰੱਖਿਆ ਦੇ ਸੁਚਾਰੂ ਪ੍ਰਬੰਧ ਕਰਨ, ਖਿਡਾਰੀਆਂ ਲਈ ਪੀਣ ਵਾਲੇ ਪਾਣੀ ਅਤੇ ਮਿਆਰੀ ਖਾਣੇੇ ਦਾ ਪ੍ਰਬੰਧ ਕਰਨ, ਪਖਾਨਿਆਂ ਦਾ ਪ੍ਰਬੰਧ ਕਰਨ ਅਤੇ ਮੈਡੀਕਲ ਟੀਮਾਂ ਤੋਂ ਇਲਾਵਾ ਟ੍ਰਾਂਸਪੋਰਟ ਦੇ ਪ੍ਰਬੰਧਾਂ ਲਈ ਵੱਖ-ਵੱਖ ਅਧਿਕਾਰੀਆਂ ਨੂੰ ਡਿਊਟੀਆਂ ਸੌਂਪੀਆਂ। ਇਸ ਮੌਕੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ, ਪੁਲਿਸ ਅਤੇ ਹੋਰਨਾਂ ਵਿਭਾਗਾਂ ਦੇ ਸਮੂਹ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …