
ਆਸ਼ਮਾ ਸਕੂਲ ਵਿੱਚ ਮਾਂ ਦਿਵਸ ’ਤੇ ਵਿਦਿਆਰਥੀਆਂ ਨੇ ਖੂਬ ਰੰਗ ਬੰਨ੍ਹਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ:
ਆਸ਼ਮਾ ਇੰਟਰਨੈਸ਼ਨਲ ਸਕੂਲ ਸੈਕਟਰ-70 ਵਿੱਚ ਮਾਂ ਦੇ ਪਿਆਰ ਨੂੰ ਸਮਰਪਿਤ ਮਦਰ ਡੇਅ ਧੂਮਧਾਮ ਨਾਲ ਮਨਾਇਆ। ਸਕੂਲ ਦੇ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਜਿਸ ਦਾ ਉਨ੍ਹਾਂ ਦੇ ਮਾਪਿਆਂ ਨੇ ਖੂਬ ਆਨੰਦ ਮਾਣਿਆ। ਪ੍ਰੋਗਰਾਮ ਦਾ ਆਗਾਜ਼ ਛੋਟੇ-ਛੋਟੇ ਬੱਚਿਆਂ ਦੇ ਮਾਂ ਦਿਵਸ ਨਾਲ ਸਬੰਧਤ ਗੀਤ ਦੀ ਪੇਸ਼ਕਾਰੀ ਨਾਲ ਹੋਇਆ। ਇਸ ਦੌਰਾਨ ਕਈ ਮਾਪੇ ਆਪਣੇ ਬੱਚਿਆਂ ਨਾਲ ਮੰਚ ’ਤੇ ਥਿਰਕਦੇ ਨਜ਼ਰ ਆਏ। ਛੋਟੇ ਬੱਚਿਆਂ ਅਤੇ ਮਾਵਾਂ ਲਈ ਕਈ ਰੋਚਕ ਖੇਡਾਂ ਸਕੇਪਿੰਗ ਰੇਸ, ਫਿੱਲ-ਅੱਪ ਥੋਟਸ, ਸਾੜੀ ਲਗਾਉਣਾ, ਮਿਊਜ਼ਿਕ ਚੇਅਰ ਆਦਿ ਵੀ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਸਕੂਲ ਵਿੱਚ ਆਪਣੇ ਹੱਥਾਂ ਨਾਲ ਬਣਾਏ ਕਾਰਡ ਅਤੇ ਤੋਹਫ਼ੇ ਆਪਣੀਆਂ ਮਾਵਾਂ ਨੂੰ ਭੇਟ ਕੀਤੇ। ਇਸ ਤੋਂ ਇਲਾਵਾ ਮਾਵਾਂ ਦੇ ਸਲਾਦ ਬਣਾਉਣ ਅਤੇ ਵੱਖ-ਵੱਖ ਡਿਸ਼ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ।
ਅਖੀਰ ਵਿੱਚ ਕਿੰਡਰਗਾਰਟਨ ਸੈਕਸ਼ਨ ਐਕਟੀਵਿਟੀ ਵਿੱਚ ਬੈੱਸਟ ਆਊਟ ਆਫ਼ ਵੇਸਟ ਗੁਰਨਿਵਾਜ ਸੋਢੀ, ਅਵਿਰਾਜ ਨਹਿਰਾ, ਤਨਮਯ ਸ਼ਰਮਾ, ਦਿਵਜੋਤ ਸਿੰਘ, ਦਿਵਜੋਤ ਚੱਕਲ ਜੇਤੂ ਰਹੇ। ਬਿਨਾਂ ਪਕਾਏ ਖਾਣਾ ਬਣਾਉਣ ਦੀ ਐਕਟੀਵਿਟੀ ਵਿੱਚ ਪਹਿਲੀ, ਦੂਜੀ, ਤੀਜੀ ਜਮਾਤ ਦੀ ਸੀਰਤ ਕੌਰ, ਰਣਕ ਠਾਕੁਰ, ਨਿਖਿਲ, ਰਣਵੀਰ ਸਿੰਘ, ਵਾਦਕ, ਜਪਤੇਜ ਸਿੰਘ ਕੈਟਪੁਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਚੌਥੀ, ਪੰਜਵੀਂ, ਛੇਵੀਂ ਦੇ ਫਰੂਟ ਚਾਰਟ ਮੇਕਿੰਗ ਅਤੇ ਡੈਕੋਰੇਸ਼ਨ ਐਕਟੀਵਿਟੀ ’ਚੋਂ ਸੁਖਮਨਪ੍ਰੀਤ ਕੌਰ, ਅੰਮ੍ਰਿਤ ਬਾਣੀ, ਰਣਵੀਰ ਸਿੰਘ, ਸਹਿਜਵੀਰ ਕੌਰ ਜੇਤੂ ਰਹੇ। ਜਦਕਿ ਸੱਤਵੀਂ, ਅੱਠਵੀਂ, ਨੌਵੀਂ, ਦਸਵੀਂ ਦੇ ਤਰਬੂਜ਼ ਸਜਾਵਟ ਐਕਟੀਵਿਟੀ ’ਚੋਂ ਤੀਸ਼ਾ, ਵਾਨਿਆ, ਪ੍ਰਭਲੀਨ ਕੌਰ, ਗੌਰਾਂਸ਼, ਧਵਲ, ਹਰਮਨ, ਨਦੀਨੀ ਨੇ ਪਹਿਲਾ ਸਥਾਨ ਮੱਲਿਆ।
ਸਕੂਲ ਦੇ ਪ੍ਰਿੰਸੀਪਲ ਸੂਚੀ ਗਰੋਵਰ ਨੇ ਕਿਹਾ ਕਿ ਮਾਂ ਧਰਤੀ ’ਤੇ ਰੱਬ ਦਾ ਦੂਜਾ ਰੂਪ ਹੈ ਅਤੇ ਮਾਂ ਹੀ ਆਪਣੇ ਬੱਚੇ ਦੇ ਪਾਲਨ ਪੋਸ਼ਣ ਵਿੱਚ ਸਾਰੀ ਉਮਰ ਲਗਾ ਦਿੰਦੀ ਹੈ। ਉਨ੍ਹਾਂ ਨੌਕਰੀ ਪੇਸ਼ਾ ਮਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਬੇਸ਼ੱਕ ਅਜੋਕਾ ਸਮਾਂ ਕਾਫ਼ੀ ਬਦਲ ਚੁੱਕਾ ਹੈ ਪ੍ਰੰਤੂ ਸਮੇਂ ਦਾ ਹਾਣੀ ਬਣਨ ਲਈ ਭਾਵੇਂ ਅੱਜ ਅੌਰਤਾਂ ਨੌਕਰੀਆਂ ਕਾਰਨ ਵਿਅਸਤ ਰਹਿੰਦੀਆਂ ਹਨ ਲੇਕਿਨ ਇਸ ਦੇ ਬਾਵਜੂਦ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਢੁਕਵਾਂ ਸਮਾਂ ਦੇਣ ਦੀ ਕੋਸ਼ਿਸ਼ ਵਿੱਚ ਰਹਿੰਦੀਆਂ ਹਨ। ਸਕੂਲ ਦੇ ਡਾਇਰੈਕਟਰ ਜੇਐੱਸ ਕੇਸਰ ਨੇ ਕਿਹਾ ਕਿ ਅੱਜ ਦੇ ਬੱਚੇ ਦੇਸ਼ ਦਾ ਭਵਿੱਖ ਹਨ। ਇਸ ਲਈ ਮਾਵਾਂ ਨੂੰ ਆਪਣੇ ਬੱਚਿਆਂ ਖਿਆਲ ਰੱਖਣ ਲਈ ਪੂਰਾ ਸਮਾਂ ਦੇਣਾ ਚਾਹੀਦਾ ਹੈ।