
ਲਾਂਡਰਾਂ ਕਾਲਜ ਵਿੱਚ 23ਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਨਬਜ਼-ਏ-ਪੰਜਾਬ, ਮੁਹਾਲੀ, 7 ਜੁਲਾਈ:
ਹਰ ਸਾਲ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਆਪਣੀ ਪਰੰਪਰਾ ਨੂੰ ਕਾਇਮ ਰੱਖਦਿਆਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗੁਰਬਾਣੀ ਕੀਰਤਨ ਹੋਇਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਆਪਣੇ ਪਰਿਵਾਰ ਅਤੇ ਸਮੂਹ ਫੈਕਲਟੀ ਮੈਂਬਰਾਂ ਹਾਜ਼ਰੀ ਭਰੀ।
ਇਸ ਮੌਕੇ ਬੋਲਦਿਆਂ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਅਸੀਂ 23ਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਕਰਨ ਲੱਗੇ ਹਾਂ ਅਤੇ ਸਾਨੂੰ ਆਪਣੇ ਪਿਛਲੇ ਸੈਸ਼ਨਾਂ ਦੇ ਤਜਰਬਿਆਂ ਤੋਂ ਸਿੱਖਣ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਸੰਕਲਪ ਲੈਣਾ ਚਾਹੀਦਾ ਹੈ ਅਤੇ ਨਾਲ ਹੀ ਮੂਲ ਪ੍ਰਣਾਲੀ ਅਤੇ 22 ਸਾਲਾਂ ਦੀ ਵਿਰਾਸਤ ਨੂੰ ਹੋਰ ਅੱਗੇ ਵਧਾਉਣ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਸੰਸਥਾ ਦੇ ਰੂਪ ਵਿੱਚ ਉੱਚ ਟੀਚਿਆਂ ਨੂੰ ਸਥਾਪਤ ਕਰਨਾ ਅਤੇ ਹਰ ਸਾਲ ਨਵੇਂ ਮਾਪਦੰਡਾਂ ਦੀ ਪ੍ਰਾਪਤੀ ਕਰਨਾ ਇੱਕ ਤਰ੍ਹਾਂ ਨਾਲ ਸਾਡੇ ਡੀਐਨਏ ਵਿੱਚ ਸ਼ਾਮਲ ਹੈ। ਜੋ ਸਾਨੂੰ ਅੱਗੇ ਵਧਣ ਲਈ ਸਕਾਰਾਤਮਿਕ ਤੌਰ ’ਤੇ ਪ੍ਰੇਰਿਤ ਕਰਦੀ ਹੈ। ਨਵਾਂ ਅਕਾਦਮਿਕ ਸੈਸ਼ਨ ਸਾਨੂੰ ਸਾਰੇ ਖੇਤਰਾਂ ਵਿੱਚ ਤਰੱਕੀ ਨੂੰ ਯਕੀਨੀ ਬਣਾਉਂਦਿਆਂ ਗੁਣਾਤਮਿਕ ਵਿਕਾਸ ਯਾਨੀ ਕੁਆਲੀਟੇਟਿਵ ਗਰੋਥ ’ਤੇ ਵਧੇਰੇ ਧਿਆਨ ਕੇਂਦਰਿਤ ਕਰਦੇ ਹੋਏ ਦੇਖੇਗਾ। ਅਖੀਰ ਵਿੱਚ ਰਸ਼ਪਾਲ ਸਿੰਘ ਧਾਲੀਵਾਲ ਨੇ ਸਮੂਹ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਨਵੀਆਂ ਪ੍ਰਾਪਤੀਆਂ, ਨਵੀਂ ਸਿੱਖਿਆ ਦੇ ਨਾਲ-ਨਾਲ ਚੰਗੀਆਂ ਪਲੇਸਮੈਂਟਾਂ ਅਤੇ ਕਰੀਅਰ ਦੇ ਵਿਕਾਸ ਨਾਲ ਪੂਰੇ ਸਾਲ ਲਈ ਸ਼ੱੁਭਕਾਮਨਾਵਾਂ ਦਿੱਤੀਆਂ।