ਚੋਣ ਕਮਿਸ਼ਨਰ ਦੇ ਹੁਕਮਾਂ ’ਤੇ ਡੀਸੀ ਨੇ ਪਿੰਡ ਜਗਤਪੁਰਾ ਪੰਚਾਇਤ ਚੋਣਾਂ ’ਤੇ ਲਗਾਈ ਰੋਕ

ਵੋਟਰ ਸੂਚੀਆਂ ਵਿੱਚ ਜ਼ਰੂਰੀ ਸੋਧ ਕਰਨ ਤੋਂ ਬਾਅਦ ਹੀ ਦੁਬਾਰਾ ਕਰਵਾਈ ਜਾਵੇਗੀ ਚੋਣ: ਡੀਸੀ ਆਸ਼ਿਕਾ ਜੈਨ

ਸਾਬਕਾ ਅਧਿਕਾਰਤ ਪੰਚ ਕੁਲਦੀਪ ਸਿੰਘ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ

ਪਿੰਡ ਦੇ ਮੂਲ ਵਸਨੀਕਾਂ ਨਾਲੋਂ ਕਿਤੇ ਵੱਧ ਨੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ

ਨਬਜ਼-ਏ-ਪੰਜਾਬ, ਮੁਹਾਲੀ, 5 ਅਕਤੂਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਬੀਤੇ ਦਿਨੀਂ ਨਾਮਜ਼ਦਗੀ ਪੱਤਰ ਜਮ੍ਹਾ ਹੋਣ ਤੋਂ ਬਾਅਦ ਤਾਜ਼ਾ ਹੁਕਮ ਜਾਰੀ ਕਰਕੇ ਨੇੜਲੇ ਪਿੰਡ ਜਗਤਪੁਰਾ ਦੀ ਪੰਚਾਇਤ ਚੋਣ ’ਤੇ ਰੋਕ ਲਗਾ ਦਿੱਤੀ ਹੈ। ਇਹ ਕਾਰਵਾਈ ਅਧਿਕਾਰਤ ਪੰਚ ਕੁਲਦੀਪ ਸਿੰਘ ਧਨੋਆ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਚੋਣ ਰੱਦ ਦੀ ਪੁਸ਼ਟੀ ਕਰਦਿਆਂ ਡੀਸੀ ਮੁਹਾਲੀ ਨੇ ਦੱਸਿਆ ਕਿ ਪੰਜਾਬ ਰਾਜ ਦੇ ਚੋਣ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੋਣ ਰੱਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਵੋਟਰ ਸੂਚੀਆਂ ਵਿੱਚ ਜ਼ਰੂਰੀ ਸੋਧ ਕਰਨ ਉਪਰੰਤ ਬਾਅਦ ਵਿੱਚ ਪਿੰਡ ਜਗਤਪੁਰਾ ਦੀ ਪੰਚਾਇਤ ਚੋਣਾਂ ਕਰਵਾਈ ਜਾਵੇਗੀ।
ਗਰਾਮ ਪੰਚਾਇਤ ਦੀਆਂ ਆਮ ਚੋਣਾਂ 15 ਅਕਤੂਬਰ ਨੂੰ ਹੋਣਗੀਆਂ। ਬੀਤੇ ਦਿਨੀਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ ਅਤੇ ਅੱਜ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਸੱਤ ਅਕਤੂਬਰ ਤੱਕ ਕੋਈ ਵੀ ਉਮੀਦਵਾਰ ਆਪਣੇ ਕਾਗਜ ਵਾਪਸ ਲੈ ਸਕਦਾ ਹੈ। ਇਸ ਤੋਂ ਬਾਅਦ ਸਬੰਧਤ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਕੁਲਦੀਪ ਸਿੰਘ ਧਨੋਆ ਨੇ ਚੋਣ ਕਮਿਸ਼ਨਰ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਪਿੰਡ ਜਗਤਪੁਰਾ ਦੀ ਵੋਟਰ ਸੂਚੀ ਵਿੱਚ ਗੁਰੂ ਨਾਨਕ ਕਲੋਨੀ ਦੀਆਂ ਲਗਪਗ 5500 ਤੋਂ ਵੱਧ ਵੋਟਾਂ ਸ਼ਾਮਲ ਕਰਨ ’ਤੇ ਇਤਰਾਜ਼ ਕੀਤਾ ਹੈ। ਇਸ ਤੋਂ ਪਹਿਲਾਂ ਧਨੋਆ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਤੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਕੋਲ ਵੀ ਨਾਜਾਇਜ਼ ਵੋਟਾਂ ਬਣਾਉਣ ਦਾ ਮੁੱਦਾ ਚੁੱਕਿਆ ਸੀ ਪਰ ਉਸ ਦੀ ਸ਼ਿਕਾਇਤ ਨੂੰ ਅਣਗੌਲਿਆ ਕਰ ਦਿੱਤਾ। ਉਨ੍ਹਾਂ ਚੋਣ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਪਿੰਡ ਦੇ ਮੂਲ ਵਸਨੀਕਾਂ ਦੀਆਂ ਮਹਿਜ਼ 900 ਕੁ ਹੀ ਵੋਟਾਂ ਹਨ ਜਦੋਂਕਿ ਪਰਵਾਸੀ ਮਜ਼ਦੂਰਾਂ ਦੀਆਂ ਥੋਕ ਵਿੱਚ ਵੋਟਾਂ ਬਣਾਈਆਂ ਗਈਆਂ ਹਨ। ਇਸ ਤਰ੍ਹਾਂ ਪਿੰਡ ਦੇ ਮੂਲ ਵਸਨੀਕ ਇੱਕ ਤਰ੍ਹਾਂ ਨਾਲ ਸਿੱਧੇ ਤੌਰ ’ਤੇ ਚੋਣ ਤੋਂ ਬਾਹਰ ਹੀ ਹੋ ਗਏ ਹਨ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਬੰਦੇ ਚੁਣਨ ਦਾ ਰਾਹ ਪੱਧਰਾ ਹੋ ਗਿਆ। ਉਂਜ ਵੀ ਪ੍ਰਵਾਸੀ ਮਜਦੂਰਾਂ ਦੀ ਕਲੋਨੀ ਦੇ ਪੰਜ ਉਮੀਦਵਾਰਾਂ ਨੇ ਸਰਪੰਚੀ ਲਈ ਫਾਰਮ ਭਰੇ ਸਨ ਅਤੇ ਉਨ੍ਹਾਂ ਨੂੰ ਚੁੱਲ੍ਹਾ ਟੈਕਸ ਅਤੇ ਐਨਓਸੀ ਵੀ ਜਾਰੀ ਕੀਤੀਆਂ ਗਈਆਂ। ਵੈਸੇ ਵੀ ਇਹ ਕਲੋਨੀ ਨਾਜਾਇਜ਼ ਹੈ ਅਤੇ ਗਮਾਡਾ ਦੀ ਜ਼ਮੀਨ ’ਤੇ ਨਜਾਇਜ਼ ਕਬਜ਼ੇ ਕਰਕੇ ਵਸਾਈ ਗਈ ਹੈ। ਉਪਰੋਕਤ ਸਾਰੇ ਪੱਖਾਂ ਨੂੰ ਗੰਭੀਰਤਾ ਨਾਲ ਵਾਚਦੇ ਹੋਏ ਚੋਣ ਕਮਿਸ਼ਨ ਵੱਲੋਂ ਪਿੰਡ ਜਗਤਪੁਰਾ ਦੀ ਪੰਚਾਇਤ ਚੋਣਾਂ ਰੱਦ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੋਟਰ ਸੂਚੀਆਂ ਵਿੱਚ ਜ਼ਰੂਰੀ ਤੇ ਲੋੜੀਂਦੀ ਸੋਧ ਕਰਕੇ ਨਵੇਂ ਸਿਰਿਓਂ ਚੋਣ ਕਰਵਾਈ ਜਾਵੇਗੀ। ਇਸ ਤਰ੍ਹਾਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਜਗਤਪੁਰਾ ਪੰਚਾਇਤ ਦੀ ਚੋਣ ਰੱਦ ਕਰਨ ਦੇ ਹੁਕਮ ਦਿੱਤੇ ਗਏ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…