ਐਸਵਾਈਐਲ ’ਤੇ ਕਜਰੀਵਾਲ ਵੱਲੋਂ ਇਕ ਵਾਰ ਫਿਰ ਯੂ-ਟਰਨ ਲੈਣਾ ਭਰੋਸੇਮੰਦੀ ਤੇ ਇਮਾਨਦਾਰੀ ਦੀ ਘਾਟ: ਕੈਪਟਨ ਅਮਰਿੰਦਰ ਸਿੰਘ

ਨਵੀਂ ਦਿੱਲੀ, 15 ਦਸੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਐਸਵਾਈਐਲ ਮੁੱਦੇ ’ਤੇ ਤਾਜ਼ਾ ਯੂ-ਟਰਨ ਨਾਲ ਇਕ ਵਾਰ ਫਿਰ ਤੋਂ ਆਪਣੀ ਅਸਥਿਰ ਸੋਚ ਤੇ ਭਰੋਸੇਮੰਦੀ ਦੀ ਘਾਟ ਨੂੰ ਸਾਬਤ ਕਰ ਦਿੱਤਾ ਹੈ। ਉਨ੍ਹਾਂ ਨੇ ਆਪ ਆਗੂ ਨੂੰ ਉਕਤ ਗੰਭੀਰ ਮੁੱਦੇ ’ਤੇ ਆਪਣਾ ਸਟੈਂਡ ਕਲੀਅਰ ਕਰਨ ਲਈ ਕਿਹਾ ਹੈ।
ਕੈਪਟਨ ਨੇ ਕਿਹਾ ਕਿ ਤਾਜਾ ਫਲਿਪ ਫਲਾਪ ’ਚ ਆਪ ਆਗੂ ਨੇ ਪੰਜਾਬ ਤੇ ਇਸਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਨੂੰ ਲੈ ਕੇ ਉਨ੍ਹਾਂ ਅੰਦਰ ਵਚਨਬੱਧਤਾ ਤੇ ਇਮਾਨਦਾਰੀ ਦੀ ਘਾਟ ਨੂੰ ਇਕ ਵਾਰ ਫਿਰ ਤੋਂ ਸਾਬਤ ਕਰ ਦਿੱਤਾ ਹੈ। ਜਿਨ੍ਹਾਂ ਨੇ ਕੇਜਰੀਵਾਲ ਨੂੰ ਇਕ ਵੱਡਾ ਧੋਖੇਬਾਜ ਦੱਸਿਆ, ਜਿਨ੍ਹਾਂ ਦੇ ਸ਼ਬਦਾਂ ਦੀ ਕੀਮਤ ਲੂਣ ਦੀ ਇਕ ਚੁਟਕੀ ਦੇ ਬਰਾਬਰ ਵੀ ਨਹੀਂ ਹੈ ਅਤੇ ਉਹ ਲੋਕਾਂ ਨੂੰ ਸ਼ਰ੍ਹੇਆਮ ਗੁੰਮਰਾਹ ਕਰਨ ਤੋਂ ਵੀ ਨਹੀਂ ਕਤਰਾਉਂਦੇ ਹਨ।
ਉਨ੍ਹਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਵਕਤ ਆ ਗਿਆ ਹੈ ਕਿ ਤੁਸੀਂ ਐਸ.ਵਾਈ.ਐਲ ਉਪਰ ਆਪਣਾ ਪੱਖ ਸਪੱਸ਼ਟ ਕਰੋ ਅਤੇ ਚੇਤਾਵਨੀ ਦਿੱਤੀ ਕਿ ਤੁਹਾਡੀ ਕਦੇ ਹਾਂ ਕਦੇ ਨਾ ਦੀ ਨੀਤੀ ਨਾ ਸਿਰਫ ਪੰਜਾਬ, ਸਗੋਂ ਹਰਿਆਣਾ ਤੇ ਦਿੱਲੀ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾ ਰਹੀ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਨੇ ਬੁੱਧਵਾਰ ਨੂੰ ਸ਼ੰਕਾ ਪ੍ਰਗਟਾਈ ਸੀ ਕਿ ਕੇਜਰੀਵਾਲ ਜ਼ਲਦੀ ਹੀ ਐਸ.ਵਾਈ.ਐਲ ਉਪਰ ਆਪਣੇ ਪੰਜਾਬ ਹਿਤੈਸ਼ੀ ਪੱਖ ਤੋਂ ਵਾਪਿਸ ਹੱਟ ਜਾਣਗੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਨੂੰ ਐਸ.ਵਾਈ.ਐਲ ਮੁੱਦੇ ’ਤੇ ਆਪਣੀ ਚੁੱਪੀ ਤੋੜਨ ਤੋਂ ਬਾਅਦ ਉਕਤ ਮੁੱਦੇ ’ਤੇ ਇਕ ਹੋਰ ਫਲਿਪ ਫਲਾਪ ’ਤੇ ਉਤਰਨ ਨੂੰ ਸਿਰਫ ਦੋ ਦਿਨ ਲੱਗੇ। ਉਨ੍ਹਾਂ ਨੇ ਆਪ ਦੇ ਕੌਮੀ ਕਨਵੀਨਰ ਨੂੰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਬੰਦ ਕਰਨ ਲਈ ਕਿਹਾ ਹੈ, ਜਿਨ੍ਹਾਂ ਲਈ ਇਹ ਜ਼ਿੰਦਗੀ ਤੇ ਮੌਤ ਦਾ ਮਾਮਲਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਿਰਫ ਦੋ ਦਿਨ ਪਹਿਲਾਂ ਹੀ ਕੇਜਰੀਵਾਲ ਨੇ ਮੰਨਿਆ ਸੀ ਕਿ ਪੰਜਾਬ ਕੋਲ ਵੰਡਣ ਲਈ ਪਾਣੀ ਨਹੀਂ ਹੈ, ਜੋ ਸਪੱਸ਼ਟ ਤੌਰ ’ਤੇ ਉਨ੍ਹਾਂ ਵੱਲੋਂ ਆਪਣੀ ’ਚ ਅੰਦਰੂਨੀ ਸੰਕਟ ਤੋਂ ਲੋਕਾਂ ਦਾ ਧਿਆਨ ਭਟਕਾਉਣ ਖਾਤਿਰ ਇਕ ਨਿਰਾਸ਼ਾਪੂਰਨ ਕੋਸ਼ਿਸ਼ ਸੀ। ਜਿਨ੍ਹਾਂ ਨੇ ਬੁੱਧਵਾਰ ਨੂੰ ਇਸ ਮੁੱਦੇ ’ਤੇ ਪੂਰੀ ਤਰ੍ਹਾਂ ਯੂ ਟਰਨ ਲੈਂਦਿਆਂ, ਕਿਹਾ ਕਿ ਦਿੱਲੀ ਦਾ ਪੰਜਾਬ ਦੇ ਪਾਣੀਆਂ ਉਪਰ ਅਧਿਕਾਰ ਹੈ।
ਕੈਪਟਨ ਅਮਰਿੰਦਰ ਨੇ ਆਪ ਲੀਡਰ ਨੂੰ ਉਨ੍ਹਾਂ ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਖਿਲਾਫ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਗੰਭੀਰ ਮੁੱਦੇ ਦਾ ਮਜ਼ਾਕ ਬਣਾ ਦਿੱਤਾ ਹੈ। ਜਿਨ੍ਹਾਂ ਨੇ ਕੇਜਰੀਵਾਲ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਲਗਾਤਾਰ ਆਪਣਾ ਪੱਖ ਬਦਲ ਕੇ ਆਪਣੀ ਹੀ ਸਿਆਸੀ ਕਬਰ ਖੋਦ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਆਪਣੀ ਸੋਚ ਬਦਲਣ ਦੀ ਆਦਤ ਤੇ ਲੋਕਾਂ ਵੱਲੋਂ ਉਨ੍ਹਾਂ ਦੇ ਪਹਿਲੇ ਬਿਆਨ ਨੂੰ ਸਮਝਣ ਤੋਂ ਪਹਿਲਾਂ ਇਕ ਨਵਾਂ ਪੱਖ ਰੱਖਣਾ, ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਪ੍ਰਤੀ ਉਨ੍ਹਾਂ ਅੰਦਰ ਗੰਭੀਰਤਾ ਦੀ ਘਾਟ ਨੂੰ ਦਰਸਾਉਂਦਾ ਹੈ। ਉਨ੍ਹਾਂ ਦਾ ਫਲਿਪ ਫਲਾਪ ਸਾਫ ਤੌਰ ’ਤੇ ਦਰਸਾਉਂਦਾ ਹੈ ਕਿ ਉਨ੍ਹਾਂ ਦੇ ਵਿਚਾਰ ਉਸ ਦਿਨ ਦੀਆਂ ਲੋੜਾਂ ਮੁਤਾਬਿਕ ਤੈਅ ਹੁੰਦੇ ਹਨ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਐਸ.ਵਾਈ.ਐਲ ਹੀ ਇਕੋਮਾਤਰ ਮੁੱਦਾ ਨਹੀ ਹੈ, ਜਿਸ ’ਤੇ ਕੇਜਰੀਵਾਲ ਲਗਾਤਾਰ ਆਪਸੀ ਵਿਰੋਧੀ ਪੱਖ ਰੱਖ ਰਹੇ ਹਨ। ਸਗੋਂ ਕੇਜਰੀਵਾਲ ਪੰਜਾਬ ਦੇ ਅੰਦਰ ਤੇ ਬਾਹਰ, ਸੱਭ ਤਰ੍ਹਾਂ ਦੇ ਮੁੱਦਿਆਂ ’ਤੇ ਆਪਣਾ ਯੂ ਟਰਨ ਲੈਣ ਨੂੰ ਲੈ ਕੇ ਬਦਨਾਮ ਹਨ, ਜਿਸ ਕਾਰਨ ਉਨ੍ਹਾਂ ਨੂੰ ਪਲਟੀਵਾਲ ਦਾ ਨਾਂਮ ਮਿੱਲਿਆ ਹੋਇਆ ਹੈ। ਉਨ੍ਹਾਂ ਨੇ ਕੇਜਰੀਵਾਲ ਵੱਲੋਂ ਕੁਝ ਹੀ ਦਿਨਾਂ, ਕਦੇ ਕੁਝ ਹੀ ਘੰਟਿਆਂ ਅੰਦਰ ਲਗਾਤਾਰ ਆਪਣੀ ਸੋਚ ਬਦਲਣ ’ਤੇ ਚੁਟਕੀ ਲਈ ਹੈ, ਜਿਸ ਆਦਤ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਮਜ਼ਾਕ ਦਾ ਕੇਂਦਰ ਬਣਾ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ ਵੀ ਐਸ.ਵਾਈ.ਐਲ ਮੁੱਦੇ ਉਪਰ ਲਗਾਤਾਰ ਆਪਸੀ ਵਿਰੋਧੀ ਬਿਆਨ ਦੇ ਰਹੇ ਸਨ, ਜਿਹੜੇ ਇਕ ਦਿਨ ਪੰਜਾਬ ਦੇ ਪੱਖ ’ਚ ਬਿਆਨ ਦਿੰਦੇ ਹਨ ਅਤੇ ਉਸ ਤੋਂ ਬਾਅਦ ਹਰਿਆਣਾ ਤੇ ਦਿੱਲੀ ਦਾ ਸਾਥ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਪ ਲੀਡਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਦਿਮਾਗ ਅੰਦਰ ਪੰਜਾਬ ਦੇ ਲੋਕਾਂ ਦੀ ਭਲਾਈ ਦਾ ਵਿਚਾਰ ਅਖੀਰ ’ਚ ਆਉਂਦਾ ਹੈ ਅਤੇ ਉਹ ਸਿਰਫ ਕਿਸੇ ਵੀ ਤਰੀਕੇ ਨਾਲ ਸੂਬੇ ਅੰਦਰ ਸੱਤਾ ਹਾਸਿਲ ਕਰਨ ਵਿੱਚ ਰੂਚੀ ਰੱਖਦੇ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…