ਪਿੰਡ ਮਦਨਪੁਰ ਵਿੱਚ ਡੇਢ ਦਰਜਨ ਲੋਕ ਪੇਚਸ਼ ਤੋਂ ਪੀੜਤ, ਡਿਪਟੀ ਮੇਅਰ ਨੇ ਲਿਆ ਜਾਇਜ਼ਾ

ਸ਼ਹਿਰ ਵਿੱਚ ਰੇਹੜੀਆਂ ’ਤੇ ਵਿਕ ਰਹੇ ਖਾਣ-ਪੀਣ ਵਾਲੇ ਸਮਾਨ ਦੀ ਜਾਂਚ ਹੋਵੇ: ਕੁਲਜੀਤ ਬੇਦੀ

ਕੌਂਸਲਰ ਮੀਨਾ ਕੌਂਡਲ ਤੇ ਪਤੀ ਅਸ਼ੋਕ ਕੌਂਡਲ ਵੀ ਪੇਚਸ਼ ਤੋਂ ਪੀੜਤ, ਜਲ ਸਪਲਾਈ ਵਿਭਾਗ ਨੇ ਪਾਣੀ ਦੇ ਸੈਂਪਲ ਲਏ

ਨਬਜ਼-ਏ-ਪੰਜਾਬ, ਮੁਹਾਲੀ, 26 ਅਪਰੈਲ:
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਮਦਨਪੁਰਾ ਵਿੱਚ ਦਸਤ-ਉਲਟੀਆਂ (ਪੇਚਸ਼) ਦੇ ਇੱਕੋ ਦਿਨ ਵਿੱਚ ਡੇਢ ਦਰਜਨ ਲੋਕ ਬੀਮਾਰ ਹੋਣ ਕਾਰਨ ਦਹਿਸ਼ਤ ਜਿਹੀ ਫੈਲ ਗਈ। ਦੱਸਿਆ ਗਿਆ ਹੈ ਕਿ ਦੂਸ਼ਿਤ ਪਾਣੀ ਪੀਣ ਨਾਲ ਇਹ ਸਮੱਸਿਆ ਪੈਦਾ ਹੋਈ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮਦਨਪੁਰਾ ਦਾ ਦੌਰਾ ਕਰਕੇ ਪੀੜਤ ਲੋਕਾਂ ਹਾਲ-ਚਾਲ ਪੁੱਛਿਆ। ਉਨ੍ਹਾਂ ਨੇ ਕੌਂਸਲਰ ਮੀਨਾ ਕੌਂਡਲ ਅਤੇ ਸਮਾਜ ਸੇਵੀ ਅਸ਼ੋਕ ਕੌਂਡਲ ਨਾਲ ਵੀ ਗੱਲਬਾਤ ਕੀਤੀ, ਜੋ ਖ਼ੁਦ ਪੇਚਸ਼ ਤੋਂ ਪੀੜਤ ਹਨ। ਇਸ ਤੋਂ ਇਲਾਵਾ ਕਈ ਹੋਰਨਾਂ ਥਾਵਾਂ ’ਤੇ ਵੀ ਪੇਚਸ਼ ਤੋਂ ਪੀੜਤ ਮਰੀਜ਼ ਮਿਲੇ ਹਨ ਪਰ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।
ਡਿਪਟੀ ਮੇਅਰ ਨੇ ਸਿਹਤ ਵਿਭਾਗ ਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਮੌਕੇ ’ਤੇ ਹੀ ਗੱਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਘਰਾਂ ਵਿੱਚ ਸਪਲਾਈ ਪਾਣੀ ਦੀ ਜਾਂਚ ਕਰਨ ਲਈ ਟੀਮਾਂ ਬਣਾਉਣ ਅਤੇ ਸਿਹਤ ਵਿਭਾਗ ਨੂੰ ਰੇੜੀਆਂ ’ਤੇ ਵਿਕ ਰਹੇ ਸਮਾਨ ਦੇ ਵੀ ਸੈਂਪਲ ਭਰਨ ਦੀ ਗੁਜ਼ਾਰਿਸ਼ ਕੀਤੀ। ਉਨ੍ਹਾਂ ਕਿਹਾ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਰੇੜੀਆਂ ’ਤੇ ਵਿਕ ਰਿਹਾ ਖਾਣ-ਪੀਣ ਵਾਲਾ ਜ਼ਿਆਦਾਤਰ ਸਮਾਨ ਸ਼ੁੱਧ ਨਾ ਹੋਣ ਕਾਰਨ ਉਸ ਦਾ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਕੁਝ ਦਿਨ ਪਹਿਲਾਂ ਹੀ ਮੋਮੋਜ਼ ਬਣਾਉਣ ਵਾਲੇ ਕਾਰਖ਼ਾਨਿਆਂ ਵਿੱਚ ਛਾਪੇਮਾਰੀ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਹਿਰ ਵਾਸੀਆਂ ਦੂਸ਼ਿਤ ਸਮਾਨ ਪਰੋਸਿਆ ਜਾ ਰਿਹਾ ਹੈ।
ਉਧਰ, ਸਿਹਤ ਵਿਭਾਗ ਦੇ ਅਧਿਕਾਰੀ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਪਿੰਡ ਮਦਨਪੁਰਾ ਵਿੱਚ ਸਥਿਤੀ ਹੁਣ ਕਾਬੂ ਹੇਠ ਹੈ। ਬੀਤੇ ਕੱਲ੍ਹ ਅਚਾਨਕ ਪੇਚਸ਼ ਦੇ 17 ਕੇਸ ਸਾਹਮਣੇ ਆਏ ਸੀ ਪ੍ਰੰਤੂ ਅੱਜ ਦੂਜੇ ਦਿਨ ਕੋਈ ਨਵਾਂ ਕੇਸ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਮਦਨਪੁਰਾ ਸਮੇਤ ਹੋਰਨਾਂ ਸ਼ੱਕੀ ਥਾਵਾਂ ’ਤੇ ਘਰ-ਘਰ ਜਾ ਕੇ ਸਰਵੇ ਕੀਤਾ ਗਿਆ ਹੈ ਅਤੇ ਜਲ ਸਪਲਾਈ ਵਿਭਾਗ ਵੱਲੋਂ ਪਾਣੀ ਦੇ ਨਮੂਨੇ ਲਏ ਗਏ ਹਨ। ਉਨ੍ਹਾਂ ਲੋਕਾਂ ਨੂੰ ਦਹਿਸ਼ਤ ਵਿੱਚ ਨਾ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਪਾਣੀ ਨੂੰ ਉਬਾਲ ਕੇ ਪੀਣ ਅਤੇ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦੀ ਵਿਵਸਥਾ ਕੀਤੀ ਗਈ ਹੈ।

Load More Related Articles

Check Also

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਨਬਜ਼-ਏ-ਪੰਜਾਬ, ਮੁਹਾਲ…