nabaz-e-punjab.com

ਵਰ੍ਹਦੇ ਮੀਂਹ ਵਿੱਚ 5178 ਅਧਿਆਪਕਾਂ ਦੇ ਹੌਸਲੇ ਬੁਲੰਦ, ਮੁਹਾਲੀ ਵਿੱਚ ਕੀਤੀ ਇੱਕ ਰੋਜ਼ਾ ਭੁੱਖ ਹੜਤਾਲ

ਪੂਰੀ ਤਨਖ਼ਾਹ ਸਕੇਲ ’ਤੇ ਰੈਗੂਲਰ ਕਰਨ ਦੀ ਮੰਗ, ਚਾਰ ਸਾਲਾਂ ਤੋਂ ਛੇ ਹਜ਼ਾਰ ਨਿਗੂਣੀ ਤਨਖ਼ਾਹ ’ਤੇ ਕਰ ਰਹੇ ਹਨ ਗੁਜ਼ਾਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ:
ਮੁਹਾਲੀ ਵਿੱਚ ਅੱਜ ਭਾਰੀ ਬਾਰਸ਼ ਵੀ ਮਾਸਟਰ ਕਾਡਰ ਦੇ ਅਧਿਆਪਕਾਂ ਦੇ ਹੌਸਲੇ ਨਾ ਦਬਾ ਸਕੀ। ਚਾਰ ਸਾਲਾਂ ਤੋਂ ਸਿਰਫ਼ 6 ਹਜ਼ਾਰ ਰੁਪਏ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ 5178 ਪੇਂਡੂ ਸਹਿਯੋਗੀ ਅਧਿਆਪਕਾਂ ਨੇ ਇੱਕ ਰੋਜ਼ਾ ਭੁੱਖ ਹੜਤਾਲ ਕੀਤੀ। ਅਧਿਆਪਕਾਂ ਨੇ ਕਿਹਾ ਕਿ ਸਰਕਾਰ ਲਿਖਤੀ ਵਾਅਦੇ ਕਰਕੇ ਮੁੱਕਰ ਰਹੀ ਹੈ ਅਤੇ ਹੁਣ ਗੱਲਾਂ-ਬਾਤਾਂ ਰਾਹੀਂ ਡੰਗ ਟਪਾ ਰਹੀ ਹੈ। ਹਾਲਾਂਕਿ ਅੱਜ ਰੋਸ ਪ੍ਰਦਰਸ਼ਨ ਦੌਰਾਨ ਟੈਂਟਾਂ ਦੀਆਂ ਛੱਤਾਂ ਵੀ ਚੋਂਦੀਆਂ ਰਹੀਆਂ ਪ੍ਰੰਤੂ ਅਧਿਆਪਕਾਂ ਦਾ ਜੋਸ਼ ਠੰਢਾ ਨਹੀਂ ਹੋਇਆ।
ਦੱਸਣਯੋਗ ਹੈ ਕਿ ਪਿਛਲੇ 10 ਮਹੀਨਿਆਂ ਤੋਂ ਰੈਗੂਲਰ ਹੁਕਮਾਂ ਦੀ ਉਡੀਕ ਵਿੱਚ ਬਿਨ੍ਹਾਂ ਤਨਖ਼ਾਹ ਤੋਂ ਸਰਕਾਰੀ ਸਕੂਲਾਂ ਵਿੱਚ ਸੇਵਾ ਕਰ ਰਹੇ ਉੱਚ ਯੋਗਤਾ ਟੀਈਟੀ ਪਾਸ 5178 ਅਧਿਆਪਕਾਂ ਨੇ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲੈ ਕੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਸੀ। ਯੂਨੀਅਨ ਦੀ ਮੁਹਾਲੀ ਇਕਾਈ ਨੇ ਫੇਜ਼-7 ਦੀਆਂ ਟਰੈਫ਼ਿਕ ਲਾਈਟਾਂ ਨੇੜੇ ਇੱਕ ਦਿਨਾਂ ਭੁੱਖ ਹੜਤਾਲ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਆਗੂਆਂ ਗੁਰਜੀਤ ਕੌਰ, ਇੰਦਰਜੀਤ ਕੌਰ ਤੇ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਲਗਭਗ ਪਿਛਲੇ ਚਾਰ ਸਾਲਾਂ ਤੋਂ 6000 ਰੁਪਏ ਪ੍ਰਤੀ ਮਹੀਨਾ ਵਰਗੀਆਂ ਨਿਗੂਣੀਆਂ ਤਨਖਾਹਾਂ ਤੇ ਸੇਵਾਂਵਾ ਨਿਭਾ ਰਹੇ ਹਨ ਅਤੇ ਸਰਕਾਰ ਅਧਿਆਪਕਾਂ ਦਾ ਰੱਜ ਕੇ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਉੱਚ ਯੋਗਤਾ ਪ੍ਰਾਪਤ ਟੀ.ਈ.ਟੀ ਪਾਸ ਅਧਿਆਪਕ ਸੰਵਿਧਾਨਿਕ ਪ੍ਰਕ੍ਰਿਆ ਤਹਿਤ ਮਾਸਟਰ ਕਾਡਰ ਅਹੁਦਿਆਂ ਤੇ ਨਵੰਬਰ 2014 ਅਤੇ ਨਵੰਬਰ 2015 ਵਿੱਚ ਤਿੰਨ ਸਾਲ ਦੀ ਠੇਕਾ ਅਧਾਰਿਤ ਸੇਵਾ ਤਹਿਤ ਭਰਤੀ ਕੀਤੇ ਗਏ ਸਨ। ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਅਧਿਆਪਕਾਂ ਨੂੰ ਤਿੰਨ ਸਾਲ ਦੀ ਠੇਕਾ ਅਧਾਰਿਤ ਸੇਵਾ ਪੂਰੀ ਕਰਨ ਤੋਂ ਬਾਅਦ ਨਵੰਬਰ 2017 ਤੋਂ ਪੂਰੀ ਤਨਖਾਹ ਤੇ ਰੈਗੂਲਰ ਕੀਤਾ ਜਾਣਾ ਸੀ।
ਮੌਜੂਦਾ ਸਰਕਾਰ ਵੱਲੋਂ ਡੀਪੀਆਈ (ਸੈਕੰਡਰੀ) ਰਾਹੀ 12 ਅਕਤੂਬਰ 2017 ਨੂੰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰਕੇ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਇਨ੍ਹਾਂ ਦੇ ਕੇਸ ਮੰਗਵਾਏ ਗਏ ਸਨ ਜੋ ਸਮੂਹ ਜਿਲ੍ਹਾ ਸਿੱਖਿਆ ਅਫ਼ਸਰਾਂ ਰਾਹੀ ਸਮੇਂ ਸਿਰ ਮੁੱਖ ਦਫ਼ਤਰ ਮੁਹਾਲੀ ਵਿੱਚ ਪੁੱਜਦੇ ਕਰ ਦਿੱਤੇ ਗਏ ਸਨ ਪਰ ਲਗਭਗ ਇੱਕ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਦੇ ਰੈਗੂਲਰ ਦੇ ਹੁਕਮ ਜਾਰੀ ਨਹੀਂ ਕੀਤੇ ਜਾ ਰਹੇ।
ਸਰਕਾਰ ਨੇ ਜੁਲਮ ਦੀ ਹੱਦ ਇੱਥੋਂ ਤੱਕ ਵਧਾ ਦਿੱਤੀ ਕਿ ਇਨ੍ਹਾਂ ਅਧਿਆਪਕਾਂ ਦੇ ਰੈਗੂਲਰ ਦੇ ਹੁਕਮ ਤਾਂ ਕੀ ਜਾਰੀ ਕਰਨੇ ਸੀ ਸਗੋਂ ਖਜਾਨਾ ਦਫਤਰਾਂ ਰਾਹੀ ਪੱਤਰ ਜਾਰੀ ਕਰਕੇ ਪਿਛਲੇ 10 ਮਹੀਨੇਂ ਤੋਂ ਇਨ੍ਹਾਂ ਅਧਿਆਪਕਾਂ ਦੀਆਂ ਤਨਖਾਹਾਂ ਤੇ ਪੱਕੀ ਰੋਕ ਲਗਾ ਦਿੱਤੀ ਗਈ ਹੈ। ਮਹਿੰਗਾਈ ਦੇ ਦੌਰ ਵਿੱਚ ਇਹ ਕਾਬਿਲ ਅਧਿਆਪਕ ਘਰਾਂ ਦੇ ਗੁਜ਼ਾਰੇ ਕਰਨ ਲਈ ਤਿਲ-ਤਿਲ ਮਰ ਰਹੇ ਹਨ ਪਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ।
ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਅੱਜ ਪੰਜਾਬ ਦੇ ਲੋਕਾਂ ਸਾਹਮਣੇ ਇਸ ਸਰਕਾਰ ਦਾ ਚਿਹਰਾ ਬੇਨਕਾਬ ਹੋ ਚੁੱਕਾ ਹੈ। ਸਰਕਾਰ ਨੇ ਬੇਰੁਜਗਾਰਾਂ ਨੂੰ ਰੁਜਗਾਰ ਤਾਂ ਕੀ ਦੇਣਾ ਹੈ ਸਗੋਂ ਪਹਿਲਾਂ ਤੋਂ ਹੀ ਨੌਕਰੀਆਂ ਕਰ ਰਹੇ ਅਧਿਆਪਕਾਂ ਦਾ ਰੁਜਗਾਰ ਖੋਹਣ ਤੇ ਤੁਲੀ ਹੋਈ ਹੈ। ਅਧਿਆਪਕ ਆਗੂਆਂ ਨੇ ਦਾਅਵਾ ਕੀਤਾ ਕਿ ਕਿ ਇਹ ਅਧਿਆਪਕ ਪੂਰੀ ਤਨਖਾਹ ਤੇ ਰੈਗਲਰ ਹੋਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰੀ ਬੈਠੇ ਹਨ।
ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਨਵੰਬਰ 2014 ਵਿੱਚ ਨਿਯੁਕਤ ਕੀਤੇ ਗਏ 5178 ਅਧਿਆਪਕਾਂ ਦੇ ਕੇਸ ਤੁਰੰਤ ਮੰਗਵਾ ਕੇ ਸਮੂਹ ਅਧਿਆਪਕ ਪੂਰੇ ਵਿੱਤੀ ਲਾਭਾਂ ਸਮੇਤ ਨਵੰਬਰ 2017 ਤੋਂ ਰੈਗੂਲਰ ਕੀਤੇ ਜਾਣ। ਮੰਗਾਂ ਨਾ ਮੰਨਣ ਦੀ ਹਾਲਤ ਵਿੱਚ ਪੰਜਾਬ ਪੱਧਰ ਤੇ ਫੈਸਲਾਕੁੰਨ ਸੰਘਰਸ਼ ਕੀਤਾ ਜਾਵੇਗਾ ਜਿਸ ਤੋਂ ਨਿਲਕਣ ਵਾਲੇ ਸਿੱਟਿਆਂ ਦੀ ਜਿੰਮੇਵਾਰ ਸਿਰਫ ਤੇ ਸਿਰਫ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਯੂਨੀਅਨ ਦੇ ਭੁੱਖ ਹੜਤਾਲ ਨੂੰ ਸਾਂਝਾ ਅਧਿਆਪਕ ਮੋਰਚਾ ਅਤੇ ਗੌਰਮਿੰਟ ਟੀਚਰ ਯੂਨੀਅਨ ਵੱਲੋਂ ਸਮਰਥਨ ਦਿੱਤਾ ਗਿਆ। ਇਸ ਮੌਕੇ ਸਾਂਝਾ ਅਧਿਆਪਕ ਮੋਰਚੇ ਦੇ ਆਗੂ ਹਰਜੀਤ ਸਿੰਘ ਬਸੋਤਾ, ਜੀਟੀਯੂ ਦੇ ਸੀਨੀਅਰ ਆਗੂ ਸੁਰਜੀਤ ਸਿੰਘ, ਸੁਖਵਿੰਦਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਬਾਠ, ਮਨਜਿੰਦਰਪਾਲ ਸਿੰਘ, ਐਨ ਡੀ ਤਿਵਾੜੀ, ਮਨਪ੍ਰੀਤ ਸਿੰਘ, ਜਸਵਿੰਦਰ ਢਿੱਲੋਂ, ਅਮਰੀਕ ਸਿੰਘ, ਹਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ। ਇਸ ਦੌਰਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਸਿੱਧੂ ਉਰਫ਼ ਜੀਤੀ ਸਿੱਧੂ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਕੋਲੋਂ ਮੰਗ ਪੱਤਰ ਹਾਸਲ ਕੀਤਾ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸਬੰਧੀ ਪੰਜਾਬ ਸਰਕਾਰ ਨਾਲ ਤਾਲਮੇਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …