Nabaz-e-punjab.com

ਮੈਂ ਵੀ ਕਿਸਾਨਾਂ ਦੇ ਸਮਰਥਨ ’ਚ ਇਕ ਦਿਨ ਦੀ ਭੁੱਖ ਹੜਤਾਲ ਕਰਾਂਗਾ: ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਅਤੇ ਦੇਸ਼ ਵਾਸੀਆਂ ਨੂੰ ਵੀ ਭੁੱਖ ਹੜਤਾਲ ਕਰਨ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 13 ਦਸੰਬਰ:
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਮੈਂ ਵੀ ਕਿਸਾਨਾਂ ਦੇ ਸਮਰਥਨ ਵਿਚ ਇਕ ਦਿਨ ਦੀ ਭੁੱਖ ਹੜਤਾਲ ਕਰਾਂਗਾ। ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਉਹ ਵੀ ਕੱਲ੍ਹ (14 ਦਸੰਬਰ) ਨੂੰ ਇਕ ਦਿਨ ਦੀ ਭੁੱਖ ਹੜਤਾਲ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਦੇ ਮੰਤਰੀ ਅਤੇ ਆਗੂ ਕਿਸਾਨਾਂ ਨੂੰ ਦੇਸ਼ ਧ੍ਰੋਹੀ ਦੱਸਕੇ ਉਨ੍ਹਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੇਸ਼ ਦੀ ਰੱਖਿਆ ਕਰਨ ਵਾਲੇ ਹਜ਼ਾਰਾਂ ਸਾਬਕਾ ਫੌਜੀ ਵੀ ਕਿਸਾਨਾਂ ਨਾਲ ਬਾਰਡਰ ਉਤੇ ਬੈਠੇ ਹਨ, ਖਿਡਾਰੀ ਅਤੇ ਡਾਕਟਰ ਆਦਿ ਵੀ ਸਮਰਥਨ ਵਿਚ ਹਨ, ਭਾਜਪਾ ਦੇ ਮੰਤਰੀ-ਨੇਤਾ ਦੱਸਣ ਕਿ ਕੀ ਇਹ ਸਾਰੇ ਦੇਸ਼ ਧ੍ਰੋਹੀ ਹਨ? ਉਨ੍ਹਾਂ ਕਿਹਾ ਕਿ ਅੰਨਾ ਹਜ਼ਾਰੇ ਨਾਲ ਰਾਮਲੀਲਾ ਮੈਦਾਨ ਵਿਚ ਹੋਏ ਸਾਡੇ ਅੰਦੋਲਨ ਦੌਰਾਨ ਉਸ ਸਮੇਂ ਕਾਂਗਰਸ ਦੀ ਕੇਂਦਰ ਸਰਕਾਰ ਨੇ ਵੀ ਸਾਨੂੰ ਦੇਸ਼ ਵਿਰੋਧੀ ਦੱਸਕੇ ਬਦਨਾਮ ਕੀਤਾ ਸੀ, ਅੱਜ ਉਹੀ ਕੰਮ ਭਾਜਪਾ ਸਰਕਾਰ ਕਰ ਰਹੀ ਹੈ। ਹੁਣ ਤੱਕ ਦੇਸ਼ ਵਿਚ ਅਨਾਜ਼ ਦੀ ਜਮ੍ਹਾਂਖੋਰੀ ਅਪਰਾਧ ਸੀ, ਪ੍ਰੰਤੂ ਇਸ ਕਾਨੂੰਨ ਦੇ ਬਾਅਦ ਜਮ੍ਹਾਂਖੋਰੀ ਅਪਰਾਧ ਨਹੀਂ ਹੋਵੇਗਾ, ਕੋਈ ਜਿੰਨਾਂ ਮਰਜ਼ੀ ਅਨਾਜ਼ ਦੀ ਜਮ੍ਹਾਂਖੋਰੀ ਕਰ ਸਕਦਾ ਹੈ। ਕੇਂਦਰ ਸਰਕਾਰ ਨੂੰ ਆਪਣਾ ਹੰਕਾਰ ਛੱਡ ਦੇਣਾ ਚਾਹੀਦਾ ਹੈ। ਜੇਕਰ ਜਨਤਾ ਇਨ੍ਹਾਂ ਕਾਨੂੰਨਾਂ ਖਿਲਾਫ ਹੈ ਤਾਂ ਇਨ੍ਹਾਂ ਨੂੰ ਵਾਪਸ ਲਿਆ ਜਾਵੇ ਅਤੇ ਐਮਐਸਪੀ ਉਤੇ ਫਸਲਾਂ ਖਰੀਦਣ ਦੀ ਗਰੰਟੀ ਦੇਣ ਵਾਲਾ ਬਿੱਲ ਬਣਾਇਆ ਜਾਵੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਜੀਟਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੇ ਕੱਲ੍ਹ ਇਕ ਦਿਨ ਦੀ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ। ਪੂਰੇ ਦੇਸ਼ ਦੀ ਜਨਤਾ ਨੂੰ ਅਪੀਲ ਹੈ ਕਿ ਉਨ੍ਹਾਂ ਦੇ ਸਮਰਥਨ ਵਿਚ ਸਭ ਲੋਕ ਇਕ ਦਿਨ ਦੀ ਭੁੱਖ ਹੜਤਾਲ ਕਰਨ। ਮੈਂ ਵੀ ਉਨ੍ਹਾਂ ਨਾਲ ਕੱਲ੍ਹ ਇਕ ਦਿਨ ਦੀ ਭੁੱਖ ਹੜਤਾਲ ਕਰਾਂਗਾ। ਮੈਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ, ਸਮਰਥਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੀ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਦੇ ਸਮਰਥਨ ਵਿਚ ਇਕ ਦਿਨ ਦੀ ਭੁੱਖ ਹੜਤਾਲ ਕਰਨ। ਮੈਂ ਦੇਸ਼ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ। ਅਜਿਹੇ ਬਹੁਤ ਸਾਰੇ ਲੱਖਾਂ-ਕਰੋੜਾਂ ਲੋਕਾਂ ਨੂੰ ਮੈਂ ਜਾਣਦਾ ਹਾਂ ਜੋ ਦਿਲੋਂ ਕਿਸਾਨਾਂ ਨਾਲ ਹਨ। ਆਪਣੇ ਰੁਝੇਵਿਆਂ ਕਾਰਨ ਉਹ ਸੀਮਾ ਉਤੇ ਨਹੀਂ ਪਹੁੰਚ ਸਕੇ, ਪ੍ਰੰਤੂ ਉਹ ਦਿਲੋਂ ਉਨ੍ਹਾਂ ਨਾਲ ਹਨ। ਹੁਣ ਉਨ੍ਹਾਂ ਨੂੰ ਵੀ ਮੌਕਾ ਮਿਲਿਆ ਹੈ। ਅਜਿਹੇ ਸਭ ਲੋਕ ਆਪਣੇ-ਆਪਣੇ ਘਰਾਂ ਵਿਚ ਇਕ-ਇਕ ਦਿਨ ਦੀ ਭੁੱਖ ਹੜਤਾਲ ਕਰਨ ਅਤੇ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਵਿਚ ਪ੍ਰਾਰਥਨਾ ਕਰਨ।
ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਦੇਖ ਰਿਹਾ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਦੇ ਕੁਝ ਮੰਤਰੀ ਅਤੇ ਭਾਜਪਾ ਦੇ ਲੋਕ ਬਾਰ-ਬਾਰ ਕਹਿ ਰਹੇ ਹਨ ਕਿ ਇਹ ਕਿਸਾਨ ਦੇਸ਼ ਧ੍ਰੋਹੀ ਹਨ। ਇਹ ਅੰਦੋਲਨ ਦੇਸ਼ ਧ੍ਰੋਹੀਆਂ ਦਾ ਹੈ। ਇਥੇ ਦੇਸ਼ ਵਿਰੋਧੀ ਲੋਕ ਬੈਠੇ ਹੋਏ ਹਨ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸੇਵਾ ਮੁਕਤ ਹੋ ਚੁੱਕੇ ਹਜ਼ਾਰਾਂ ਸਾਬਕਾ ਸੈਨਿਕ ਸੀਮਾ ਉਤੇ ਕਿਸਾਨਾਂ ਨਾਲ ਬੈਠੇ ਹੋਏ ਹਨ। ਜਿਨ੍ਹਾਂ ਲੋਕਾਂ ਨੇ ਇਕ ਸਮੇਂ ਦੇਸ਼ ਦੀ ਰੱਖਿਆ ਕਰਨ ਲਈ ਆਪਣੀ ਜਾਨ ਦੀ ਬਾਜੀ ਲਗਾਈ ਸੀ। ਅਜਿਹੇ ਹਜ਼ਾਰਾਂ ਫੌਜੀ ਆਪਣੇ ਘਰਾਂ ਵਿਚ ਬੈਠਕੇ ਉਨ੍ਹਾਂ ਲਈ ਦੁਆਵਾਂ ਮੰਗ ਰਹੇ ਹਨ। ਕੀ ਇਹ ਸਾਰੇ ਦੇਸ਼ ਵਿਰੋਧੀ ਹਨ। ਮੈਂ ਮੰਤਰੀਆਂ ਅਤੇ ਭਾਜਪਾ ਦੇ ਆਗੂਆਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਅਜਿਹੇ ਕਿੰਨੇ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਹਨ, ਜਿਨ੍ਹਾਂ ਦੇਸ਼ ਲਈ ਕੌਮਾਂਤਰੀ ਪੱਧਰ ਉਤੇ ਨਾਮ ਕਮਾਇਆ ਅਤੇ ਦੇਸ਼ ਲਈ ਤਗਮੇ ਜਿੱਤਕੇ ਲਿਆਂਦੇ। ਅਜਿਹੇ ਕਿੰਨੇ ਹੀ ਖਿਡਾਰੀ ਸੀਮਾ ਉਤੇ ਕਿਸਾਨਾਂ ਨਾਲ ਬੈਠੇ ਹੋਏ ਹਨ। ਆਪਣੇ ਆਪਣੇ ਘਰਾਂ ਵਿਚ ਬੈਠਕੇ ਕਿਸਾਨਾਂ ਲਈ ਦੁਆਵਾਂ ਭੇਜ ਰਹੇ ਹਨ। ਇਹ ਸਾਰੇ ਕੌਮਾਂਤਰੀ ਖਿਡਾਰੀ ਜੋ ਦੇਸ਼ ਲਈ ਖੇਡੇ ਸਨ ਅਤੇ ਦੇਸ਼ ਲਈ ਤਗਮੇ ਜਿੱਤੇ ਸਨ, ਕੀ ਇਹ ਸਾਰੇ ਦੇਸ਼ ਵਿਰੋਧੀ ਹਨ।

ਉਨ੍ਹਾਂ ਕਿਹਾ ਕਿ ਕੁਝ ਲੋਕ ਇਹ ਕਹਿ ਰਹੇ ਹਨ ਕਿ ਇਸ ਵਿਚ ਤਾਂ ਪੰਜਾਬ-ਹਰਿਆਣਾ ਦੇ ਕੁਝ ਕਿਸਾਨ ਸ਼ਾਮਲ ਹਨ, ਬਾਕੀ ਜਨਤਾ ਇਸ ਵਿਚ ਸ਼ਾਮਲ ਨਹੀਂ ਹੈ। ਇਹ ਉਨ੍ਹਾਂ ਦੀ ਗਲਤੀਫਹਿਮੀ ਹੈ।

ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਦੇਸ਼ ਦਾ ਇਕ-ਇਕ ਆਦਮੀ ਇਨ੍ਹਾਂ ਕਾਨੂੰਨਾਂ ਨੂੰ ਸਮਝ ਰਿਹਾ ਹੈ। ਹਰ ਆਦਮੀ ਇਨ੍ਹਾਂ ਕਾਨੂੰਨਾਂ ਨੂੰ ਅਤੇ ਇਨ੍ਹਾਂ ਦੀਆਂ ਬਰੀਕੀਆਂ ਨੂੰ ਸਮਝ ਰਿਹਾ ਹੈ। ਅਜਿਹੇ ਲੋਕ ਜੋ ਆਪਣੀ ਜ਼ਿੰਦਗੀ ਵਿਚ ਰੁਝੇ ਹੋਣ ਕਾਰਨ ਦਿੱਲੀ ਦੀ ਸਰਹੱਦ ਉਤੇ ਨਹੀਂ ਪਹੁੰਚ ਸਕਦੇ, ਉਨ੍ਹਾਂ ਦਾ ਦਿਲ ਕਿਸਾਨਾਂ ਨਾਲ ਹੈ। ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਹੰਕਾਰ ਛੱਡੇ। ਹੰਕਾਰ ਚੰਗੀ ਚੀਜ਼ ਨਹੀਂ ਹੁੰਦੀ। ਸਰਕਾਰਾਂ ਜਨਤਾ ਨਾਲ ਬਣਦੀਆਂ ਹਨ, ਜਨਤਾ ਸਰਕਾਰਾਂ ਨਾਲ ਨਹੀਂ ਬਣਦੀ। ਜੇਕਰ ਜਨਤਾ ਇਨ੍ਹਾਂ ਤਿੰਨਾਂ ਬਿੱਲਾਂ ਦੇ ਖਿਲਾਫ ਹੈ ਤਾਂ ਇਨ੍ਹਾਂ ਤਿੰਨਾ ਬਿੱਲਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਐਮਐਸਪੀ ਤੋਂ ਉਪਰ ਕਿਸਾਨਾਂ ਦੀਆਂ ਫਸਲਾਂ ਖਰੀਦਣ ਦੀ ਗਾਰੰਟੀ ਦੇਣ ਦਾ ਬਿੱਲ ਬਣਾਇਆ ਜਾਵੇ। ਜਿੰਨੀਆਂ ਵੀ ਕਿਸਾਨਾਂ ਦੀਆਂ ਮੰਗਾਂ ਹਨ ਉਨ੍ਹਾਂ ਸਾਰੀਆਂ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…