nabaz-e-punjab.com

ਸਰਕਾਰੀ ਹਾਈ ਸਕੂਲ ਸਨੇਟਾ ਵਿੱਚ ਲੜਕੀਆਂ ਲਈ ਲਗਾਇਆ ਇੱਕ ਰੋਜ਼ਾ ਪ੍ਰੇਰਨਾਦਾਇਕ ਕੈਂਪ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਇੱਥੋਂ ਦੇ ਨੇੜਲੇ ਪਿੰਡ ਸਨੇਟਾ ਦੇ ਸਰਕਾਰੀ ਹਾਈ ਸਕੂਲ ਵਿੱਚ ਲੜਕੀਆਂ ਲਈ ਇੱਕ ਰੋਜ਼ਾ ਪ੍ਰੇਰਨਾਦਾਇਕ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕੀਤਾ। ਬੀਬੀ ਲਾਂਡਰਾਂ ਨੇ ਵਿਦਿਆਰਥਣਾਂ ਦੇ ਰੂਬਰੂ ਹੁੰਦਿਆਂ ਆਪਣੇ ਜੀਵਨ ਦੀ ਗਾਥਾ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਵਿਦਿਆਰਥਣਾਂ ਨਾਲ ਸਾਂਝਾ ਕੀਤਾ। ਉਹਨਾਂ ਕਿਹਾ ਕਿ ਉਹ ਵੀ ਉਨ੍ਹਾਂ ਵਾਂਗ ਲਾਂਡਰਾਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਕੇ ਬੀ.ਏ ਗੌਰਮਿੰਟ ਕਾਲਜ (ਕੁੜੀਆਂ) ਚੰਡੀਗੜ੍ਹ ਤੋਂ ਕੀਤੀ ਅਤੇ ਐੱਲ.ਐੱਲ.ਬੀ ਕਰਨ ਉਪਰੰਤ ਖਰੜ ਵਿੱਚ ਵਕਾਲਤ ਸ਼ੁਰੂ ਕੀਤੀ।
ਬੀਬੀ ਲਾਂਡਰਾਂ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਨਿਰਵਿਘਨ ਪੰਜ ਸਾਲ ਪਿੰਡ ਦੀ ਸਰਪੰਚੀ ਕੀਤੀ। ਬਲਾਕ ਸੰਮਤੀ ਦੇ ਮੈਂਬਰ ਰਹੇ ਹੁਣ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਜਾਣ ਤੋਂ ਬਾਅਦ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਉਹਨਾਂ ਦੀ ਲਿਆਕਤ ਨੂੰ ਦੇਖਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਿਯੁਕਤ ਕਰਕੇ ਅੌਰਤ ਜਾਤ ਨੂੰ ਵੱਡਾ ਸਨਮਾਨ ਦਿੱਤਾ ਹੈ। ਇਸ ਤੋ ਇਲਾਵਾ ਉਨ੍ਹਾਂ ਨੂੰ ਡੇਲੀਗੇਟ ਦੇ ਤੌਰ ਤੇ ਬਾਹਰਲੇ ਦੇਸ਼ਾ ਵਿੱਚ ਜਾਣ ਮੌਕੇ ਵੀ ਮਿਲੇ। ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ ਕਿ ਸ਼ਕਤੀਆਂ ਤੁਹਾਡੇ ਅੰਦਰ ਹੀ ਹਨ। ਉਨ੍ਹਾਂ ਨੂੰ ਸਿਰਫ਼ ਉਜਾਗਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਅੌਰਤਾਂ ਦੇ ਹੱਕਾਂ ਦੀ ਵਕਾਲਤ ਕਰਦਿਆਂ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਅੌਰਤਾਂ ਨੂੰ ਭਰੂਣ ਹੱਤਿਆ ਦੇ ਵਿਰੁੱਧ ਲਾਮਬੰਦ ਹੋਣ ਲਈ ਪ੍ਰੇਰਿਆ।
ਇਸ ਮੌਕੇ ਵਿਸ਼ੇਸ਼ ਸੱਦੇ ’ਤੇ ਪਹੁੰਚੀ ਸਕੂਲ ਦੀ ਸਾਬਕਾ ਵਿਦਿਆਰਥਣ ਰਮਨਜੀਤ ਕੌਰ ਨੇ ਆਪਣੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਹ ਅੱਜ ਕੱਲ੍ਹ ਬੀਮਾ ਕੰਪਨੀ ਵਿੱਚ ਡਿਵੈਲਪਮੈਂਟ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਹੈ ਅਤੇ ਇਸ ਮੰਜ਼ਿਲ ਦੀ ਪ੍ਰਾਪਤੀ ਲਈ ਉਹ ਆਪਣੀ ਮਿਹਨਤ ਤੇ ਲਗਨ ਨੂੰ ਮੰਨਦੀ ਹੈ, ਜਿਹੜੀ ਕਿ ਉਸ ਨੇ ਇਸ ਸਕੂਲ ਦੇ ਅਧਿਆਪਕਾ ਤੋਂ ਸਿੱਖੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣਾ ਆਤਮ ਵਿਸ਼ਵਾਸ ਕਾਇਮ ਰੱਖਣਾ ਚਾਹੀਦਾ ਹੈ। ਸਟੇਜ ਸਕੱਤਰ ਦੀ ਭੂਮਿਕਾ ਦਸਵੀਂ ਜਮਾਤ ਦੀ ਵਿਦਿਆਰਥਣ ਹਰਮਨਜੋਤ ਕੌਰ ਨੇ ਬੜੀ ਹੀ ਬਾਖੂਬੀ ਨਾਲ ਨਿਭਾਈ। ਸਾਇੰਸ ਅਧਿਆਪਕ ਸੁਰੇਸ਼ਪਾਲ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ। ਦਸਵੀਂ ਜਮਾਤ ਦੀ ਵਿਦਿਆਰਥਣ ਸੁਖਦੀਪ ਕੌਰ ਕੇ ਆਸ਼ਾ ਰਾਏ ਅਤੇ ਉਮੁਲ ਖੇਰ ਦੀਆਂ ਜੀਵਨੀਆਂ ਨੂੰ ਪੜ੍ਹਿਆ। ਤਮੰਨਾ, ਹਰਜੋਤ ਕੌਰ, ਅਮਨਦੀਪ ਕੌਰ ਅਤੇ ਜੈਸਮੀਨ ਕੌਰ ਨੇ ਜੋ ਭਰੂਣ ਹਤਿਆਵਾਂ ਰੋਕਣ ਲਈ ਕਵਿਤਾਵਾਂ ਪੜੀਆਂ। ਉਨ੍ਹਾਂ ਨੂੰ ਸੁਣ ਕੇ ਪਿੰਡ ਦੀਆਂ ਮਹਿਲਾਵਾਂ ਆਪਣੇ ਹੰਝੂ ਨਾ ਰੋਕ ਸਕੀਆਂ।
ਨੌਵੀ ਏ ਕਲਾਸ ਦੀਆਂ ਵਿਦਿਆਰਥਣਾ ਵੱਲੋਂ ਪੰਜਾਬੀ ਅਧਿਆਪਕਾ ਰੀਮਾ ਰਾਣੀ ਦੀ ਅਗਵਾਈ ਵਿੱਚ ਤਿਆਰ ਕੀਤਾ ਗਿਆ ਨਾਟਕ (ਸਿਰਜਣਾ) ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ। ਅੰਤ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਸ਼ੁਭਵੰਤ ਕੌਰ ਨੇ ਮੁੱਖ ਮਹਿਮਾਨ ਤੇ ਹੋਰ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥਣਾਂ ਨੂੰ ਇਨ੍ਹਾਂ ਮਹਿਮਾਨਾਂ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਵੱਲੋਂ ਬੀਬੀ ਪਰਮਜੀਤ ਕੌਰ ਲਾਂਡਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਗਜੀਤ ਕੌਰ, ਰਮਿੰਦਰ ਪਾਲ ਕੌਰ, ਸ਼ਿੰਦਰਪਾਲ ਕੌਰ, ਜਸਵੀਰ ਸਿੰਘ, ਲਵਜੀਤ ਕੌਰ, ਬਲਜੀਤ ਕੌਰ, ਜਸਵੀਰ ਕੌਰ, ਰੀਮਾ ਰਾਣੀ, ਦਮਨਜੀਤ ਕੌਰ, ਲਵਿਨਾ, ਮੋਨਿਕਾ ਰਾਣੀ, ਸੋਨੀਆ ਗੋਇਲ, ਸ਼ੈਲਪ੍ਰੀਤ ਕੌਰ, ਨਰਿੰਦਰ ਕੌਰ ਅਤੇ ਮਨਪ੍ਰੀਤ ਸਿੰਘ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…