ਸਾਬਕਾ ਵਿਧਾਇਕ ਸਤਿਕਾਰ ਕੌਰ ਤੇ ਭਤੀਜੇ ਜਸਕੀਰਤ ਦਾ ਇੱਕ ਰੋਜ਼ਾ ਪੁਲੀਸ ਰਿਮਾਂਡ, ਭਾਜਪਾ ਨੇ ਪਾਰਟੀ ’ਚੋਂ ਕੱਢੀ

ਪੰਜਾਬ ਪੁਲੀਸ ਨੇ ਬੀਤੇ ਕੱਲ੍ਹ ਸੰਨੀ ਐਨਕਲੇਵ ’ਚੋਂ 128 ਗਰਾਮ ਹੈਰੋਇਨ ਤੇ ਡਰੱਗ ਮਨੀ ਸਣੇ ਕੀਤਾ ਸੀ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 24 ਅਕਤੂਬਰ:
ਪੰਜਾਬ ਪੁਲੀਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ਼) ਨੇ ਨਸ਼ਾ ਤਸਕਰੀ ਮਾਮਲੇ ਵਿੱਚ ਸਾਬਕਾ ਵਿਧਾਇਕ ਤੇ ਭਾਜਪਾ ਆਗੂ ਸਤਿਕਾਰ ਕੌਰ ਗਹਿਰੀ ਅਤੇ ਉਸ ਦੇ ਭਤੀਜੇ ਜਸਕੀਰਤ ਸਿੰਘ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਉਨ੍ਹਾਂ ਨੇ ਚਾਚੀ ਤੇ ਭਤੀਜੇ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਨ੍ਹਾਂ ਨੂੰ ਭਲਕੇ ਸ਼ੁੱਕਰਵਾਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਏਐਨਟੀਐਫ਼ ਦੀ ਟੀਮ ਨੇ ਬੀਤੀ ਸ਼ਾਮ ਸਾਬਕਾ ਵਿਧਾਇਕਾ ਅਤੇ ਉਸ ਦੇ ਭਤੀਜੇ ਨੂੰ ਸੰਨੀ ਐਨਕਲੇਵ ’ਚੋਂ 100 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ ਉਨ੍ਹਾਂ ਦੇ ਘਰ ’ਚੋਂ 28 ਗਰਾਮ ਹੋਰ ਚਿੱਟਾ ਅਤੇ 1.56 ਲੱਖ ਡਰੱਗ ਮਨੀ ਅਤੇ ਸੋਨੇ ਦੇ ਗਹਿਣੇ ਅਤੇ ਦਿੱਲੀ ਨੰਬਰ ਦੀਆਂ ਕਈ ਕਾਰਾਂ ਦੀਆਂ ਨੰਬਰ ਪਲੇਟਾਂ ਬਰਾਮਦ ਕੀਤੀਆਂ ਸਨ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਦੇ ਐਸਟੀਐਫ਼ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਬੀਐਮਡਬਲਿਊ, ਫਾਰਚੂਨਰ, ਵਰਨਾ ਅਤੇ ਸ਼ੈਵਰਲੇ ਗੱਡੀ ਵੀ ਜ਼ਬਤ ਕੀਤੀ ਹੈ। ਉਧਰ, ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਹੋਣ ਬਾਅਦ ਭਾਜਪਾ ਨੇ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ। ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਅੱਜ ਮੁਹਾਲੀ ਅਦਾਲਤ ਵਿੱਚ ਮੁਲਜ਼ਮਾਂ ਨੂੰ ਪੇਸ਼ ਕਰਕੇ ਜਾਂਚ ਟੀਮ ਨੇ ਸੱਤ ਦਿਨ ਦਾ ਪੁਲੀਸ ਰਿਮਾਂਡ ਮੰਗਿਆ ਸੀ। ਪੁਲੀਸ ਦਾ ਕਹਿਣਾ ਸੀ ਕਿ ਮੁਲਜ਼ਮਾਂ ਕੋਲੋਂ ਨਸ਼ਾ ਤਸਕਰੀ ਮਾਮਲੇ ਵਿੱਚ ਹੋਰ ਪੁੱਛਗਿੱਛ ਕਰਨੀ ਹੈ ਅਤੇ ਇਹ ਪਤਾ ਲਗਾਉਣਾ ਹੈ ਕਿ ਉਹ ਹੈਰੋਇਨ ਕਿੱਥੋਂ ਲੈ ਕੇ ਆਉਂਦੇ ਹਨ ਅਤੇ ਅੱਗੇ ਕਿੱਥੇ ਕਿੱਥੇ ਵੇਚਦੇ ਹਨ ਜਾਂ ਇਸ ਗੋਰਖਧੰਦੇ ਵਿੱਚ ਹੋਰ ਕੌਣ ਕੌਣ ਸ਼ਾਮਲ ਹਨ।
ਬਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਸਾਬਕਾ ਵਿਧਾਇਕ ਸਤਿਕਾਰ ਕੌਰ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਐਨਡੀਪੀਐਸ ਦਾ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਇਹ ਕੇਸ ਸਿਆਸਤ ਤੋਂ ਪ੍ਰੇਰਿਤ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਬਕਾ ਵਿਧਾਇਕ ਸਤਿਕਾਰ ਕੌਰ ਅਤੇ ਉਸਦੇ ਭਤੀਜੇ ਜਸਕੀਰਤ ਸਿੰਘ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮਾਂ ਨੂੰ ਭਲਕੇ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੁਲੀਸ ਅਨੁਸਾਰ ਮੁਲਜ਼ਮ ਸਤਿਕਾਰ ਕੌਰ ਗਹਿਰੀ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ 2017-2022 ਤੱਕ ਵਿਧਾਇਕ ਰਹਿ ਚੁੱਕੀ ਹੈ। ਉਸ ਦਾ ਭਤੀਜਾ ਜਸਕੀਰਤ ਸਿੰਘ ਪਿੰਡ ਬਹਿਬਲ ਖ਼ੁਰਦ (ਫਿਰੋਜ਼ਪੁਰ) ਦਾ ਰਹਿਣ ਵਾਲਾ ਹੈ, ਜੋ ਇਸ ਸਮੇਂ ਸੰਨੀ ਐਨਕਲੇਵ ਖਰੜ ਵਿੱਚ ਸਾਬਕਾ ਵਿਧਾਇਕ ਦੇ ਘਰ ਰਹਿੰਦਾ ਸੀ। ਕਾਰ ਨੂੰ ਜਸਕੀਰਤ ਚਲਾ ਰਿਹਾ ਸੀ ਅਤੇ ਸਾਬਕਾ ਵਿਧਾਇਕ ਉਸ ਦੇ ਨਾਲ ਬੈਠੀ ਸੀ। ਪੁਲੀਸ ਨੇ ਗੁਪਤ ਸੂਚਨਾ ਨੂੰ ਆਧਾਰ ਬਣਾ ਕੇ ਸਟਿੰਗ ਅਪਰੇਸ਼ਨ ਤਹਿਤ ਇਹ ਕਾਰਵਾਈ ਕੀਤੀ ਹੈ। ਪੁਲੀਸ ਮੁਤਾਬਕ ਸੂਚਨਾਕਾਰ ਸਾਬਕਾ ਵਿਧਾਇਕ ਤੋਂ ਨਸ਼ਾ ਖਰੀਦ ਰਿਹਾ ਸੀ। ਉਸ ਨੇ ਪੁਲੀਸ ਨੂੰ ਕੁੱਝ ਮੋਬਾਈਲ ਨੰਬਰ ਅਤੇ ਕਾਲ ਰਿਕਾਰਡਿੰਗਾਂ ਵੀ ਸਬੂਤ ਵਜੋਂ ਦਿੱਤੀਆਂ ਹਨ, ਜੋ ਸਾਬਕਾ ਵਿਧਾਇਕ ਦੇ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦਾ ਸੰਕੇਤ ਦਿੰਦੇ ਹਨ। ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਸਟਿੰਗ ਅਪਰੇਸ਼ਨ ਦੌਰਾਨ ਸਾਬਕਾ ਵਿਧਾਇਕ ਦੇ ਭਤੀਜੇ ਜਸਕੀਰਤ ਸਿੰਘ ਨੇ ਪੁਲੀਸ ਟੀਮ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਾਰਨ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ।

Load More Related Articles
Load More By Nabaz-e-Punjab
Load More In General News

Check Also

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ ਕੈਬਨਿਟ ਮੰਤਰੀ…