
ਰਾਜਪੁਰਾ ਨੇੜੇ ਪਿੰਡ ਜੰਡੋਲੀ ਦੇ ਮਕਾਨ ਵਿੱਚ ਜ਼ਬਰਦਸਤ ਧਮਾਕਾ, 1 ਬੱਚੀ ਦੀ ਮੌਤ, ਕਈ ਜ਼ਖ਼ਮੀ
ਗੈਰ ਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਸੀ ਘਰ ਵਿੱਚ ਪਟਾਕੇ ਬਣਾਉਣ ਵਾਲੀ ਫੈਕਟਰੀ
ਨਬਜ਼-ਏ-ਪੰਜਾਬ ਬਿਊਰੋ, ਰਾਜਪੁਰਾ, 11 ਸਤੰਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਜੰਡੋਲੀ ਦੇ ਬਾਹਰਵਾਰ ਬਣੀ ਕਲੋਨੀ ਵਿੱਚ ਰਹਿੰਦੇ ਕ੍ਰਿਸ਼ਨ ਕੁਮਾਰ ਦੇ ਇਕ ਘਰ ਵਿੱਚ ਸਨਿੱਚਰਵਾਰ ਨੂੰ ਜ਼ਬਰਦਸਤ ਧਮਾਕਾ ਹੋਣ ਕਾਰਨ ਇਕ ਲੜਕੀ ਦੀ ਮੌਤ ਹੋ ਗਈ ਜਦੋਂਕਿ ਤਿੰਨ ਹੋਰ ਬੱਚਿਆਂ ਸਮੇਤ ਘਰ ਦੇ ਕਈ ਜੀਅ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਦੱਸਿਆ ਗਿਆ ਹੈ ਕਿ ਉਕਤ ਮਕਾਨ ਵਿੱਚ ਕਥਿਤ ਤੌਰ ’ਤੇ ਗੈਰ ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਦੀ ਫੈਕਟਰੀ ਚੱਲ ਰਹੀ ਸੀ। ਜ਼ਖ਼ਮੀਆਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਇਹ ਹਾਦਸਾ ਵਾਪਰਿਆ ਉਸ ਵੇਲੇ ਕ੍ਰਿਸ਼ਨ ਕੁਮਾਰ ਮੌਜੂਦ ਨਹੀਂ ਸੀ।
ਇਸ ਹਾਦਸੇ ਵਿੱਚ ਮਰਨ ਵਾਲੀ ਲੜਕੀ ਦੀ ਪਛਾਣ ਮਨਪ੍ਰੀਤ ਕੌਰ (11) ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਕ੍ਰਿਸ਼ਨ ਕੁਮਾਰ ਦਾ ਬੇਟਾ ਗੁਰਪ੍ਰੀਤ ਸਿੰਘ ਅਤੇ ਦੋ ਹੋਰ ਲੜਕੀਆਂ ਕ੍ਰਿਸ਼ਨਾ ਦੇਵੀ ਅਤੇ ਪੱਲਵੀ ਸ਼ਾਮਲ ਹਨ। ਸੂਚਨਾ ਮਿਲਦੇ ਹੀ ਰਾਜਪੁਰਾ ਦੇ ਐਸਡੀਐਮ ਅਤੇ ਡੀਅੇਸਪੀ ਅਤੇ ਹੋਰ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਘਟਨਾ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।