ਪਿੰਡ ਸ਼ਾਮਪੁਰ ਵਿੱਚ ਇੱਕ ਵਿਅਕਤੀ ਦਾ ਕਤਲ, ਇੱਕ ਹਮਲਾਵਰ ਕਾਬੂ, ਬਾਕੀ ਫ਼ਰਾਰ
ਗਲੀ ਵਿੱਚ ਟਰੈਕਟਰ ਖੜਾ ਕਰਕੇ ਉੱਚੀ ਆਵਾਜ਼ ਵਿੱਚ ਗਾਣੇ ਵਜਾਉਣ ਕਾਰਨ ਹੋਇਆ ਸੀ ਝਗੜਾ
ਨਬਜ਼-ਏ-ਪੰਜਾਬ, ਮੁਹਾਲੀ, 14 ਜਨਵਰੀ:
ਪਿੰਡ ਸ਼ਾਮਪੁਰ ਦੇ ਵਸਨੀਕ ਨੂੰ ਕੁੱਟ ਕੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਲਜੀਤ ਪੁਰੀ (45) ਵਜੋਂ ਹੋਈ ਹੈ। ਘਟਨਾ ਲੰਘੀ ਦੇਰ ਰਾਤ ਕਰੀਬ ਸਾਢੇ 11 ਵਜੇ ਦੀ ਦੱਸੀ ਜਾ ਰਹੀ ਹੈ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਭਰਾ ਰਾਮਪਾਲ ਪੁਰੀ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਸਚਿਨ, ਨਰਿੰਦਰ ਉਰਫ਼ ਨਿੰਦਰ, ਇੰਦਰਪ੍ਰੀਤ ਸਿੰਘ, ਪ੍ਰਜਵਲ ਉਰਫ਼ ਪੱਜੂ, ਜਸਵਿੰਦਰ ਪੁਰੀ ਸਾਰੇ ਵਾਸੀਅਨ ਪਿੰਡ ਸ਼ਾਮਪੁਰ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਬੀਐਨਐਸ ਐਕਟ ਦੀ ਧਾਰਾ 103 (2) ਦੇ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਨਰਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਉਸ ਨੂੰ ਭਲਕੇ ਬੁੱਧਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਕੀ ਫ਼ਰਾਰ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮ੍ਰਿਤਕ ਬਲਜੀਤ ਪੁਰੀ ਖੇਤੀਬਾੜੀ ਕਰਦਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਮੁਲਜ਼ਮ ਨਰਿੰਦਰ, ਬਲਜੀਤ ਪੁਰੀ ਦੇ ਘਰ ਦੇ ਸਾਹਮਣੇ ਗਲੀ ਵਿੱਚ ਟਰੈਕਟਰ ਖੜਾ ਕਰਕੇ ਉੱਚੀ ਆਵਾਜ਼ ਵਿੱਚ ਗਾਣੇ ਵਜਾ ਰਿਹਾ ਸੀ। ਇਸ ਸਬੰਧੀ ਬਲਜੀਤ ਨੇ ਪਿੰਡ ਦੇ ਸਰਪੰਚ ਗੁਰਮੁੱਖ ਨੂੰ ਤੁਰੰਤ ਨਰਿੰਦਰ ਦੀ ਇਸ ਹਰਕਤ ਬਾਰੇ ਜਾਣੂ ਕਰਵਾਇਆ ਸੀ ਅਤੇ ਸਰਪੰਚ ਨੇ ਨਰਿੰਦਰ ਨੂੰ ਫੋਨ ਕਰਕੇ ਉੱਚੀ ਆਵਾਜ਼ ਵਿੱਚ ਗਾਣੇ ਵਜਾਉਣ ਤੋਂ ਰੋਕਿਆ ਸੀ, ਪ੍ਰੰਤੂ ਉਸ ਨੇ ਗਾਣੇ ਬੰਦ ਨਹੀਂ ਕੀਤੇ। ਇਸ ਦੌਰਾਨ ਟਰੈਕਟਰ ਦੀ ਬੈਟਰੀ ਖ਼ਤਮ ਹੋਣ ਕਾਰਨ ਮਿਊਜ਼ਿਕ ਬੰਦ ਹੋ ਗਿਆ।
ਇਸ ਤੋਂ ਬਾਅਦ ਨਰਿੰਦਰ ਨੇ ਫੋਨ ਕਰਕੇ ਦੂਜਾ ਟਰੈਕਟਰ ਮੰਗਵਾਇਆ ਅਤੇ ਮੁੜ ਟਰੈਕਟਰ ’ਤੇ ਉੱਚੀ ਆਵਾਜ਼ ਵਿੱਚ ਗਾਣੇ ਵਜਾਉਣੇ ਸ਼ੁਰੂ ਕਰ ਦਿੱਤੇ। ਬਲਜੀਤ ਨੇ ਸਰਪੰਚ ਨੂੰ ਵੀ ਮੌਕੇ ’ਤੇ ਸੱਦਿਆ ਗਿਆ ਪਰ ਨਰਿੰਦਰ ਨੇ ਸਰਪੰਚ ਦੀ ਗੱਲ ਨੂੰ ਵੀ ਅਣਗੌਲਿਆ ਕਰ ਦਿੱਤਾ। ਇਸ ਦੌਰਾਨ ਨਰਿੰਦਰ ਨੇ ਇੰਦਰਪ੍ਰੀਤ ਸਿੰਘ, ਸਚਿਨ, ਪ੍ਰਜਲਵ ਉਰਫ਼ ਪੱਜੂ, ਜਸਵਿੰਦਰ ਪੁਰੀ ਨੂੰ ਉੱਥੇ ਸੱਦ ਲਿਆ ਅਤੇ ਉਹ ਜ਼ਬਰਦਸਤੀ ਬਲਜੀਤ ਦੇ ਘਰ ਵਿੱਚ ਦਾਖ਼ਲ ਹੋ ਗਏ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਉਕਤ ਵਿਅਕਤੀਆਂ ਨੇ ਬਲਜੀਤ ਦੀ ਛਾਤੀ ’ਤੇ ਕਈ ਵਾਰ ਕੀਤੇ ਅਤੇ ਉਹ ਬਲਜੀਤ ਨੂੰ ਉਦੋਂ ਤੱਕ ਕੁੱਟਣ ਤੋਂ ਨਹੀਂ ਹਟੇ ਜਦੋਂ ਤੱਕ ਉਹ ਮਰ ਨਹੀਂ ਗਿਆ। ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਹਾਲਾਂਕਿ ਪੀੜਤ ਪਰਿਵਾਰ ਵੱਲੋਂ ਬਲਜੀਤ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਜੀਐਮਸੀਐਚ ਹਸਪਤਾਲ ਵੀ ਲੈ ਕੇ ਗਏ ਪ੍ਰੰਤੂ ਡਾਕਟਰਾਂ ਨੇ ਬਲਜੀਤ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਨੁਸਾਰ ਬਲਜੀਤ ਪੁਰੀ ਅਤੇ ਮੁਲਜ਼ਮ ਨਰਿੰਦਰ ਵਿਚਕਾਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਰੰਜ਼ਸ਼ ਚੱਲ ਰਹੀ ਸੀ। ਬਲਜੀਤ ਨੇ ਨਰਿੰਦਰ ਰਾਹੀਂ ਕੋਈ ਪਲਾਟ ਵਿਕਵਾਇਆ ਸੀ, ਜਿਸ ਦੀ ਕਮਿਸ਼ਨ ਨਰਿੰਦਰ ਨੂੰ ਨਹੀਂ ਮਿਲੀ ਮੀ। ਮ੍ਰਿਤਕ ਦੇ ਭਰਾ ਰਾਮਪਾਲ ਪੁਰੀ ਨੇ ਦੱਸਿਆ ਕਿ ਬਲਜੀਤ ਪੁਰੀ ਦਾ ਝਗੜਾ ਸਿਰਫ਼ ਨਰਿੰਦਰ ਵੱਲੋਂ ਉੱਚੀ ਆਵਾਜ਼ ਵਿੱਚ ਗਾਣੇ ਚਲਾਉਣ ਕਾਰਨ ਹੋਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਨਰਿੰਦਰ ਨਾਲ ਕੋਈ ਪੁਰਾਣੀ ਰੰਜ਼ਸ਼ ਨਹੀਂ ਸੀ।