
ਜੂਨੀਅਰ ਸਹਾਇਕ ਵੱਲੋਂ ਆਪਣੇ ਵਿਰੁੱਧ ਚਲ ਰਹੀ ਪੜਤਾਲ ਦੇ ਜਾਂਚ ਅਧਿਕਾਰੀ ਨੂੰ ਬਦਲਣ ਦੀ ਮੰਗ
ਜੋਤ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੁਲਾਈ:
ਮੁਹਾਲੀ ਨਗਰ ਨਿਗਮ ਦੇ ਜੂਨੀਅਰ ਸਹਾਇਕ ਕੇਸਰ ਸਿੰਘ ਨੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ, ਡਾਇਰੈਕਟਰ ਅਤੇ ਨਿਗਮ ਦੇ ਕਮਿਸ਼ਨਰ-ਕਮ-ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਖ਼ਿਲਾਫ਼ ਸਿਆਸੀ ਬਦਲਾਖੋਰੀ ਅਤੇ ਝੂਠੀਆਂ ਸ਼ਿਕਾਇਤਾਂ ਦੀ ਪੜਤਾਲ ਕਰਨ ਵਾਲੇ ਜਾਂਚ ਅਧਿਕਾਰੀ ਨੂੰ ਤੁਰੰਤ ਬਦਲਿਆ ਜਾਵੇ। ਕਿਉਂਕਿ ਉਹ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਮੰਤਵ ਨਾਲ ਜਾਣਬੁੱਝ ਕੇ ਪੜਤਾਲ ਨੂੰ ਲਮਕਾ ਰਹੇ ਹਨ।
ਕੇਸਰ ਸਿੰਘ ਲੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਉਨ੍ਹਾਂ ਵਿਰੁੱਧ ਚਲ ਰਹੀ ਜਾਂਚ ਸਬੰਧੀ ਪੜਤਾਲੀਆ ਅਫ਼ਸਰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਸੇਵਾਮੁਕਤ) ਜੇਆਰ ਸਿੰਗਲਾ ਵੱਲੋਂ ਉਨ੍ਹਾਂ ਨੂੰ ਜਾਂਚ ਸਬੰਧੀ ਦਫ਼ਤਰ ਬੁਲਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਮਦਦ ਲਈ ਨਿਯੁਕਤ ਬਲਵੰਤ ਸਿੰਘ ਵੀ ਉੱਥੇ ਸਨ। ਉਨ੍ਹਾਂ ਕਿਹਾ ਕਿ ਜਦੋਂ ਜਾਂਚ ਅਧਿਕਾਰੀ ਨੇ ਉਨ੍ਹਾਂ ਨੂੰ ਸੱਦਿਆ ਗਿਆ ਤਾਂ ਉਹ ਅਤੇ ਬਲਵੰਤ ਸਿੰਘ ਵੀ ਕਮਰੇ ਵਿੱਚ ਚਲੇ ਗਏ। ਜਿਸ ’ਤੇ ਜਾਂਚ ਅਧਿਕਾਰੀ ਵੱਲੋਂ ਬਲਵੰਤ ਸਿੰਘ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਜਦੋਂਕਿ ਉਨ੍ਹਾਂ ਨੇ ਕਈ ਵਾਰ ਦੱਸਿਆ ਕਿ ਬਲਵੰਤ ਸਿੰਘ ਨੂੰ ਉਨ੍ਹਾਂ ਦੀ ਮਦਦ ਲਈ ਨਿਯੁਕਤ ਕੀਤਾ ਗਿਆ ਹੈ। ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ।
ਜੂਨੀਅਰ ਸਹਾਇਕ ਨੇ ਆਪਣੇ ਪੱਤਰ ਲਿਖਿਆ ਕਿ ਇਸ ਮਾਮਲੇ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਾਬਕਾ ਕੌਂਸਲਰ ਅਮਰੀਕ ਸਿੰਘ ਸੋਮਲ (ਜੋ ਉਸ ਦੇ ਖ਼ਿਲਾਫ਼ ਗਵਾਹ ਸਨ) ਵੀ ਉੱਥੇ ਪਹੁੰਚੇ ਹੋਏ ਸਨ ਅਤੇ ਸ੍ਰੀ ਸਿੱਧੂ ਦੇ ਬਿਆਨ ਦਿੱਤੇ ਜਾਣੇ ਸਨ। ਜਦੋਂ ਉਨ੍ਹਾਂ ਨੂੰ ਗਵਾਹ ਬਲਬੀਰ ਸਿੰਘ ਸਿੱਧੂ ਤੋਂ ਸਵਾਲ ਪੁੱਛਣ ਲਈ ਕਿਹਾ ਗਿਆ ਤਾਂ ਮੰਤਰੀ ਦੀ ਥਾਂ ਜਾਂਚ ਅਧਿਕਾਰੀ ਵੱਲੋਂ ਖ਼ੁਦ ਹੀ ਸਾਰਿਆਂ ਦੇ ਜਵਾਬ ਲਿਖਵਾਉਣੇ ਸ਼ੁਰੂ ਕਰ ਦਿੱਤੇ। ਇੰਜ ਹੀ ਅਮਰੀਕ ਸਿੰਘ ਸੋਮਲ ਵੱਲੋਂ ਬਿਆਨ ਦੇਣ ਸਮੇਂ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਗਵਾਹਾਂ ਵੱਲੋਂ ਦਿੱਤੇ ਬਿਆਨ ਦੀਆਂ ਕਾਪੀਆਂ ਵੀ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਮੰਗ ਕੀਤੀ ਹੈ ਕਿ ਇਹ ਦੋਵੇਂ ਗਵਾਹੀਆਂ ਦੁਬਾਰਾ ਕਰਵਾਈਆਂ ਜਾਣ ਅਤੇ ਜਾਂਚ ਅਧਿਕਾਰੀ ਨੂੰ ਬਦਲ ਕੇ ਸਮੁੱਚੀ ਕਾਰਵਾਈ ਦੀ ਵੀਡੀਓਗ੍ਰਾਫ਼ੀ ਕਰਵਾਈ ਜਾਵੇ। ਉਨ੍ਹਾਂ ਦੀ ਮਦਦ ਲਈ ਨਿਯੁਕਤ ਕੀਤੇ ਬਲਵੰਤ ਸਿੰਘ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ।