nabaz-e-punjab.com

ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਆਨਲਾਈਨ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ: ਸਾਧੂ ਸਿੰਘ ਧਰਮਸੋਤ

ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਯੋਗ ਵਿਦਿਆਰਥੀ ਲਈ 24 ਅਕਤੂਬਰ ਤੱਕ ‘ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ’ ਉੱਤੇ ਆਨਲਾਈਨ ਅਪਲਾਈ ਕਰਨ ਦਾ ਮੌਕਾ

ਆਨਲਾਈਨ ਪੋਰਟਲ ’ਤੇ ਜਾਅਲੀ ਕਲੇਮ ਦਰਜ ਕਰਨ ਵਾਲੇ ਵਿਦਿਆਰਥੀ ਜਾਂ ਸੰਸਥਾ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਸਤੰਬਰ:
ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਯੋਗ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਆਨਲਾਈਨ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਭਲਾਈ ਵਿਭਾਗ ਵਲੋਂ ‘ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ’ ਅੱਜ 25 ਸਤੰਬਰ, 2017 ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇਣ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ‘ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ’ ਇੱਕ ਅਹਿਮ ਕੜੀ ਹੈ, ਜਿਸ ਨਾਲ ਜਿੱਥੇ ਵਿਦਿਆਰਥੀਆਂ ਨੂੰ ਆਨਲਾਈਨ ਅਪਲਾਈ ਕਰਨ ਦੀ ਸਹੂਲਤ ਮਿਲਦੀ ਹੈ, ਉੱਥੇ ਉਨ੍ਹਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਵੀ ਨਹੀਂ ਕਰਨਾ ਪੈਂਦਾ।
ਉਨ੍ਹਾਂ ਦੱਸਿਆ ਕਿ ਮੈਟ੍ਰਿਕ ਤੋਂ ਅੱਗੇ ਦੀ ਪੜ੍ਹਾਈ ਲਈ ਯੋਗ ਐਸ.ਸੀ./ਬੀ.ਸੀ. ਵਿਦਿਆਰਥੀ ਇਨ੍ਹਾਂ ਵਿਦਿਆਰਥੀ ਭਲਾਈ ਸਕੀਮਾਂ ਦਾ ਲਾਭ ਉਠਾ ਕੇ ਪੜ੍ਹ ਸਕਦੇ ਹਨ ਤੇ ਆਪਣੀ ਭਵਿੱਖੀ ਮੰਜ਼ਿਲ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹਨ। ਸ. ਧਰਮਸੋਤ ਨੇ ਦੱਸਿਆ ਕਿ ਭਲਾਈ ਵਿਭਾਗ ਵਲੋਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਯੋਗ ਵਿਦਿਆਰਥੀ 25 ਸਤੰਬਰ ਤੋਂ 24 ਅਕਤੂਬਰ, 2017 ਤੱਕ ਪੋਰਟਲ ’ਤੇ ਆਨਲਾਈਨ ਅਪਲਾਈ ਕਰ ਸਕਦੇ ਹਨ ਜਦਕਿ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿਦਿਆਰਥੀਆਂ ਤੋਂ ਪ੍ਰਾਪਤ ਆਨਲਾਈਨ ਅਰਜ਼ੀਆਂ 25 ਅਕਤੂਬਰ ਤੋਂ 10 ਨਵੰਬਰ, 2017 ਤੱਕ ਸੈਕਸ਼ਨਿੰਗ ਅਥਾਰਿਟੀ ਨੂੰ ਪੇਸ਼ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸੈਕਸ਼ਨਿੰਗ ਅਥਾਰਿਟੀ ਵੱਲੋਂ ਸੰਸਥਾਵਾਂ ਤੋਂ ਪ੍ਰਾਪਤ ਅਰਜ਼ੀਆਂ ਲਾਈਨ ਵਿਭਾਗਾਂ ਨੂੰ ਭੇਜਣ/ਫਾਰਵਰਡ ਕਰਨ ਦਾ ਸਮਾਂ 11 ਨਵੰਬਰ ਤੋਂ 4 ਦਸੰਬਰ, 2017 ਤੱਕ ਨਿਰਧਾਰਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਸਬੰਧਤ ਲਾਈਨ ਵਿਭਾਗ (ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ, ਉਚੇਰੀ ਸਿੱਖਿਆ, ਸਕੂਲ ਸਿੱਖਿਆ ਵਿਭਾਗ) 5 ਦਸੰਬਰ ਤੋਂ 11 ਦਸੰਬਰ, 2017 ਤੱਕ ਸੈਕਸ਼ਨਿੰਗ ਅਥਾਰਿਟੀ ਤੋਂ ਪ੍ਰਾਪਤ ਅਰਜ਼ੀਆਂ ਸਬੰਧੀ ਲੋੜੀਂਦੀ ਕਾਰਵਾਈ ਕਰਕੇ 11 ਦਸੰਬਰ ਤੱਕ ਭਲਾਈ ਵਿਭਾਗ ਨੂੰ ਭੇਜੇਗਾ ਅਤੇ ਭਲਾਈ ਵਿਭਾਗ ਵੱਲੋਂ ਇਹ ਸਾਰੀ ਕਾਰਵਾਈ ਨੂੰ 12 ਦਸੰਬਰ ਤੋਂ 17 ਦਸੰਬਰ, 2017 ਤੱਕ ਮੁਕੰਮਲ ਕੀਤਾ ਜਾਵੇਗਾ ਅਤੇ ਸੰਕਲਿਤ ਤਜ਼ਵੀਜ਼ ਭਾਰਤ ਸਰਕਾਰ ਨੂੰ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਲਾਈ ਵਿਭਾਗ ਨੇ ਸਕਾਲਰਸ਼ਿਪ ਲਈ ਵੱਖ-ਵੱਖ ਪੱਧਰ ’ਤੇ ਅਰਜ਼ੀਆਂ ਪ੍ਰਾਪਤ ਕਰਨ ਦੀ ਵਿਧੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਲਾਈਨ ਵਿਭਾਗਾਂ ਦੀ ਸਹਿਮਤੀ ਨਾਲ ਸਾਲ 2017-18 ਤੋਂ ਅਹਿਮ ਕਦਮ ਉਠਾਏ ਹਨ ਤਾਂ ਜੋ ਜਾਅਲੀ ਵਿਦਿਆਰਥੀਆਂ ਅਤੇ ਡੁਪਲੀਕੇਸੀ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਕਾਲਰਸ਼ਿਪ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਲਾਜ਼ਮੀ ਤੌਰ ’ਤੇ ਅਧਾਰ ਨੰਬਰ ਨਾਲ ਵੀ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਸਕਾਲਰਸ਼ਿਪ ਅਰਜ਼ੀਆਂ ਆਨਲਾਈਨ ਪੇਸ਼ ਕਰਨ ਤੋਂ ਪਹਿਲਾਂ ਹਸਤਾਖਰਸ਼ੁਦਾ ਅੰਡਰਟੇਕਿੰਗ ਅਤੇ ਫੋਟੋ ਪੋਰਟਲ ’ਤੇ ਅੱਪਲੋਡ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਦਿਆਰਥੀ ਆਮਦਨ ਸਰਟੀਫਿਕੇਟ ਦੀ ਥਾਂ ਤੇ ਤਸਦੀਕਸ਼ੁਦਾ ਹਲਫੀਆ ਬਿਆਨ ਵੀ ਪੋਰਟਲ ’ਤੇ ਅੱਪਲੋਡ ਕਰ ਸਕਦੇ ਹਨ।
ਸ੍ਰੀ ਧਰਮਸੋਤ ਨੇ ਅੱਗੇ ਕਿਹਾ ਕਿ ਭਲਾਈ ਵਿਭਾਗ ਵੱਲੋਂ ਇਹ ਸਭ ਤੋਂ ਅਹਿਮ ਕਦਮ ਉਠਾਇਆ ਗਿਆ ਹੈ ਕਿ ਸੰਸਥਾ ਦੇ ਮੁਖੀ ਅਤੇ ਸੈਕਸ਼ਨਿੰਗ ਅਥਾਰਿਟੀ ਵੱਲੋਂ ਅਰਜ਼ੀਆਂ ਨੂੰ ਪ੍ਰਵਾਨ/ਫਾਰਵਰਡ ਕਰਦੇ ਸਮੇਂ ਸੰਸਥਾ ਦੇ ਮੁਖੀ ਅਤੇ ਸੈਕਸ਼ਨਿੰਗ ਅਥਾਰਿਟੀ ਦੇ ਈ-ਹਸਤਾਖਰ ਨੂੰ ਜ਼ਰੂਰੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਲ 2017-18 ਦੌਰਾਨ ਕਿਸੇ ਵਿਦਿਆਰਥੀ ਵਲੋਂ ਜਾਂ ਸੰਸਥਾ ਵੱਲੋਂ ਜਾਅਲੀ ਕਲੇਮ ਆਨਲਾਈਨ ਪੋਰਟਲ ’ਤੇ ਪੇਸ਼ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਆਨਲਾਈਨ ਅਪਲਾਈ ਕਰਦੇ ਸਮੇਂ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਲਾਈਨ ਵਿਭਾਗ ਦੇ ਨੋਡਲ ਅਫਸਰ ਜਾਂ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਨਾਲ 0172-2600588 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…