ਆਨਲਾਈਨ ਠੱਗੀ: ਪੀੜਤ ਨੌਜਵਾਨ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਜਾਂਚ ਸ਼ੁਰੂ

ਪੀੜਤ ਪਰਿਵਾਰ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਸਤੰਬਰ:
ਆਨਲਾਈਨ ਠੱਗੀ ਦਾ ਸਿਕਾਰ ਹੋਏ ਪਿੰਡ ਮੱਕੜਾ ਦੇ ਨੌਜਵਾਨ ਗੁਰਪ੍ਰੀਤ ਸਿੰਘ (29) ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ ਅਤੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ-ਰੋ ਕੇ ਬਹੁਤ ਬੁਰਾ ਹਾਲ ਹੈ। ਮ੍ਰਿਤਕ ਦੀ ਪਤਨੀ ਅਤੇ ਭੈਣ ਦੀਆਂ ਅੱਖਾਂ ’ਚੋਂ ਅੱਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਜਦੋਂਕਿ ਮਾਸੂਮ ਬੱਚੇ ਆਪਣੇ ਪਿਤਾ ਦੇ ਆਉਣ ਦੀ ਉਡੀਕ ਵਿੱਚ ਘਰ ਦੇ ਗੇਟ ਵੱਲ ਤੱਕਦੇ ਰਹਿੰਦੇ ਹਨ। ਆਨਲਾਈਨ ਠੱਗੀ ਮਾਰਨ ਵਾਲੇ ਗਰੋਹ ਦੇ ਮੈਂਬਰ ਐਨੇ ਬੇਕਿਰਕ ਹਨ ਕਿ ਉਹ ਨੌਜਵਾਨ ਦੀ ਮੌਤ ਤੋਂ ਬਾਅਦ ਵੀ ਉਸ ਦੇ ਘਰਦਿਆਂ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਮੰਗ ਰਹੇ ਹਨ। ਜਦੋਂਕਿ ਇਸ ਤੋਂ ਪਹਿਲਾਂ ਉਹ ਗੁਰਪ੍ਰੀਤ ਨੂੰ ਡਰਾ ਧਮਕਾ ਕੇ ਕਾਫ਼ੀ ਪੈਸੇ ਵਸੂਲ ਚੁੱਕੇ ਹਨ।
ਮ੍ਰਿਤਕ ਨੌਜਵਾਨ ਦੀ ਵੱਡੀ ਭੈਣ ਹਰਦੀਪ ਕੌਰ ਸੋਨੀ ਅਤੇ ਭੂਆ ਦੇ ਲੜਕੇ ਕਰਮਜੀਤ ਸਿੰਘ ਚੁੰਨੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਪ੍ਰਾਈਵੇਟ ਨੌਕਰੀ ਕਰਦਾ ਸੀ। ਬੀਤੀ ਇੱਕ ਸਤੰਬਰ ਨੂੰ ਉਹ ਸਵੇਰੇ ਕਰੀਬ 8 ਵਜੇ ਘਰੋਂ ਕੰਮ ’ਤੇ ਗਿਆ ਸੀ ਅਤੇ ਮਹਿਲਾ ਸਟਾਫ਼ ਨੂੰ ਦਫ਼ਤਰ ਛੱਡਣ ਮਗਰੋਂ ਤੁਰੰਤ ਉੱਥੋਂ ਕੋਈ ਜ਼ਰੂਰੀ ਕੰਮ ਕਹਿ ਕੇ ਨਿਕਲ ਗਿਆ ਪ੍ਰੰਤੂ ਵਾਪਸ ਨਹੀਂ ਆਇਆ। ਪੀੜਤ ਪਰਿਵਾਰ ਨੇ ਸ਼ਾਮ ਤੱਕ ਵਾਪਸ ਘਰ ਨਾ ਆਉਣ ਕਰਕੇ ਮਜਾਤ ਪੁਲੀਸ ਚੌਂਕੀ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਬਾਅਦ ਵਿੱਚ ਉਸ ਦੀ ਗੱਡੀ ਬੂਰਮਾਜਰਾ ਨੜਿਓਂ ਲੰਘਦੀ ਭਾਖੜਾ ਨਹਿਰ ਲਾਗੇ ਝਾੜੀਆਂ ਵਿੱਚ ਜੁੱਤੀਆਂ ਅਤੇ ਵਰਨਾ ਕਾਰ ਬਰਾਮਦ ਹੋਈ। ਗੁਰਪ੍ਰੀਤ ਦੀ ਭੈਣ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪੁਲੀਸ ਦੀ ਕਾਰਵਾਈ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ।
ਆਨਲਾਈਨ ਠੱਗੀ ਮਾਰਨ ਵਾਲੇ ਗਰੋਹ ਦੀਆਂ ਧਮਕੀਆਂ ਤੋਂ ਤੰਗ ਆ ਕੇ ਅਤੇ ਬਦਨਾਮੀ ਦੇ ਡਰੋਂ ਉਸ ਨੇ ਖ਼ੁਦਕੁਸ਼ੀ ਕਰ ਲਈ। ਬੀਤੀ 5 ਸਤੰਬਰ ਨੂੰ ਫ਼ਤਿਆਬਾਦ (ਹਰਿਆਣਾ) ਨੇੜਿਓਂ ਨਹਿਰ ਵਿੱਚ ਤੈਰਦੀ ਹੋਈ ਲਾਸ਼ ਬਰਾਮਦ ਕੀਤੀ ਗਈ। ਪੀੜਤ ਪਰਿਵਾਰ ਦੇ ਦੱਸਣ ਅਨੁਸਾਰ ਗੁਰਪ੍ਰੀਤ ਬਹੁਤ ਸਾਊ ਲੜਕਾ ਸੀ ਪ੍ਰੰਤੂ ਇੱਕ ਐਪ ਰਾਹੀਂ ਉਹ ਆਨਲਾਈਨ ਠੱਗੀ ਦਾ ਸਿਕਾਰ ਹੋ ਗਿਆ ਅਤੇ ਲਗਾਤਾਰ ਉਨ੍ਹਾਂ ਦੇ ਚੁੰਗਲ ਵਿੱਚ ਫਸਦਾ ਚਲਾ ਗਿਆ। ਮਰਨ ਤੋਂ ਪਹਿਲਾਂ ਉਸ ਨੇ ਖ਼ੁਦਕੁਸ਼ੀ ਨੋਟ ਲਿਖਿਆ ਅਤੇ ਮੁਲਜ਼ਮਾਂ ਨੂੰ ਵੀਡੀਓ ਕਾਲ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਸ ਮੌਕੇ ਮੌਜੂਦ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪੁਲੀਸ ਤੋਂ ਮੰਗ ਕੀਤੀ ਕਿ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਆਨਲਾਈਨ ਠੱਗੀਆਂ ਮਾਰਨ ਵਾਲੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ ਤਾਂ ਜੋ ਕਿਸੇ ਹੋਰ ਮਾਂ ਦਾ ਪੁੱਤ ਉਨ੍ਹਾਂ ਦੇ ਧੱਕੇ ਨਾ ਚੜ੍ਹ ਸਕੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਫੌਰੀ ਵਿੱਤੀ ਮਦਦ ਦਿੱਤੀ ਜਾਵੇ ਅਤੇ ਮਾਸੂਮ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਜੋ ਇਹ ਗਰੀਬ ਪਰਿਵਾਰ ਮੁੜ ਆਪਣੇ ਪੈਰਾਂ ’ਤੇ ਖੜਾ ਹੋ ਸਕੇ। ਉਨ੍ਹਾਂ ਕਿਹਾ ਕਿ ਆਨਲਾਈਨ ਠੱਗੀ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਬਲਕਿ ਆਨਲਾਈਨ ਠੱਗੀ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਸਰਕਾਰਾਂ ਅਤੇ ਪੁਲੀਸ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
ਉਧਰ, ਇਸ ਸਬੰਧੀ ਮਜਾਤ ਪੁਲੀਸ ਚੌਂਕੀ ਦੇ ਐਸਐਚਓ ਕੇਵਲ ਤਨੇਜਾ ਨੇ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਅਤੇ ਅੱਜ ਪ੍ਰਾਈਵੇਟ ਕੰਪਨੀ ਦੇ ਉੱਚ ਅਧਿਕਾਰੀ ਸਮੇਤ ਦਫ਼ਤਰੀ ਸਟਾਫ਼ ਨੂੰ ਥਾਣੇ ਸੱਦ ਕੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਠੱਗੀ ਮਾਰਨ ਵਾਲੇ ਗਰੋਹ ਦੀ ਪੈੜ ਨੱਪਣ ਲਈ ਸਾਈਬਰ ਕ੍ਰਾਈਮ ਵਿੰਗ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਚੰਡੀਗੜ੍ਹ ਪੁਲੀਸ ਵੱਲੋਂ ਕਾਬੂ ਕੀਤੇ ਗਏ ਆਨਲਾਈਨ ਠੱਗੀ ਮਾਰਨ ਵਾਲੇ ਗਰੋਹ ਦੇ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

Load More Related Articles

Check Also

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਨਬਜ਼-ਏ-ਪੰਜਾਬ, ਮੁਹਾਲ…