
ਅਧਿਆਪਕਾਂ ਦੀਆਂ ਹਰ ਪ੍ਰਕਾਰ ਦੀ ਛੁੱਟੀਆਂ ਦੀ ਪ੍ਰਵਾਨਗੀ ਲਈ ਬਣੇਗਾ ਆਨ-ਲਾਈਨ ਪੋਰਟਲ: ਅਰੁਣਾ ਚੌਧਰੀ
ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਘਰ ਬੈਠਿਆਂ ਸੁਖਾਲੀਆ ਤੇ ਪਾਰਦਰਸ਼ੀ ਸੇਵਾਵਾਂ ਦੇਣ ਦੀ ਨਵੀਂ ਪਹਿਲ
ਸਿੱਖਿਆ ਵਿਭਾਗ ਵੱਲੋਂ ਆਉਂਦੇ ਤਿੰਨ ਮਹੀਨਿਆਂ ਅੰਦਰ ਪੋਰਟਲ ਨੂੰ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਕੰਮ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਜੁਲਾਈ
ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਸੁਖਾਲੀਆ ਤੇ ਪਾਰਦਰਸ਼ੀ ਸੇਵਾਵਾਂ ਦੇਣ ਦੇ ਮਕਸਦ ਤਹਿਤ ਅਧਿਆਪਕਾਂ ਲਈ ਆਨ-ਲਾਈਨ ਪੋਰਟਲ ਬਣਾਇਆ ਜਾ ਰਿਹਾ ਹੈ ਜਿਸ ਤਹਿਤ ਕੋਈ ਵੀ ਅਧਿਆਪਕ ਕਿਸੇ ਪ੍ਰਕਾਰ ਦੀ ਛੁੱਟੀ ਦੀ ਪ੍ਰਵਾਨਗੀ ਘਰ ਬੈਠਿਆਂ ਇਸ ਪੋਰਟਲ ਜ਼ਰੀਏ ਲੈ ਸਕੇਗਾ। ਇਹ ਖੁਲਾਸਾ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤਾ।
ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਫ-ਸੁਥਰੀਆਂ, ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੇਣ ਦੇ ਟੀਚੇ ਲਈ ਮਿਲੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਭਾਗ ਅਜਿਹੇ ਆਨ-ਲਾਈਨ ਪੋਰਟਲ ਉਪਰ ਕੰਮ ਕਰ ਰਿਹਾ ਹੈ ਜਿਸ ਰਾਹੀਂ ਅਧਿਆਪਕ ਕਿਸੇ ਵੀ ਪ੍ਰਕਾਰ ਦੀ ਛੁੱਟੀ ਅਤੇ ਹੋਰ ਪ੍ਰਵਾਨਗੀਆਂ ਘਰ ਬੈਠਿਆਂ ਇਸ ਸਾਫਟਵੇਅਰ ਉਪਰ ਬਿਨੈ ਦੇ ਕੇ ਲੈ ਸਕਣਗੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਟੀਚਾ ਮਿੱਥਿਆ ਗਿਆ ਹੈ ਕਿ ਇਹ ਸਾਫਟਵੇਅਰ ਆਉਂਦੇ ਤਿੰਨ ਮਹੀਨਿਆਂ ਅੰਦਰ ਵਿਕਸਤ ਕਰ ਕੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਆਨ-ਲਾਈਨ ਪੋਰਟਲ ਦੀ ਸ਼ੁਰੂਆਤ ਤੋਂ ਬਾਅਦ ਅਧਿਆਪਕਾਂ ਨੂੰ ਕਿਸੇ ਵੀ ਸਰਕਾਰੀ ਦਫਤਰ ਜਿਵੇਂ ਕਿ ਜ਼ਿਲਾ ਸਿੱਖਿਆ ਦਫਤਰ ਜਾਂ ਡੀ.ਪੀ.ਆਈ. ਦਫਤਰ ਦੇ ਚੱਕਰ ਨਹੀਂ ਲਗਾਉਣੇ ਪੈਣਗੇ।
ਸਿੱਖਿਆ ਮੰਤਰੀ ਨੇ ਇਸ ਪ੍ਰਾਜੈਕਟ ਦਾ ਖੁਲਾਸਾ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਸਵਾ ਲੱਖ ਦੇ ਕਰੀਬ ਮੁਲਾਜ਼ਮ ਹਨ ਅਤੇ ਵੱਡੀ ਗਿਣਤੀ ਮਹਿਲਾ ਅਧਿਆਪਕਾਂ ਦੀ ਹੈ। ਇਸ ਪ੍ਰਾਜੈਕਟ ਦਾ ਮਕਸਦ ਅਧਿਆਪਕਾਂ ਦੀ ਸਰਕਾਰੀ ਦਫਤਰਾਂ ਵਿੱਚ ਖੱਜਲ-ਖੁਆਰੀ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਲਈ ਛੁੱਟੀ ਦੀ ਪ੍ਰਵਾਨਗੀ, ਮਹਿਲਾ ਅਧਿਆਪਕਾਂ ਨੂੰ ਪ੍ਰਸੁੱਤਾ ਛੱੁਟੀ ਅਤੇ ਚਾਈਲਡ ਕੇਅਰ ਲੀਵ ਦੀ ਪ੍ਰਵਾਨਗੀ ਲਈ ਜ਼ਿਲਾ ਸਿੱਖਿਆ ਤੇ ਮੁੱਖ ਦਫਤਰ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਨ-ਲਾਈਨ ਪੋਰਟਲ ਦੇ ਸਥਾਪਤ ਹੋਣ ਨਾਲ ਕੋਈ ਵੀ ਅਧਿਆਪਕ ਕਿਸੇ ਪ੍ਰਕਾਰ ਦੀ ਛੁੱਟੀ ਅਤੇ ਪ੍ਰਵਾਨਗੀ ਲਈ ਆਪਣਾ ਬਿਨੈ ਇਸ ਪੋਰਟਲ ਉਪਰ ਅੱਪਲੋਡ ਕਰ ਦੇਵੇਗਾ ਅਤੇ ਸਬੰਧਤ ਅਥਾਰਟੀ ਵੱਲੋਂ ਇਸੇ ਆਧਾਰ ’ਤੇ ਹਰ ਪ੍ਰਕਾਰ ਦੀ ਪ੍ਰਵਾਨਗੀ ਦਿੱਤੀ ਜਾਵੇਗੀ।