Nabaz-e-punjab.com

ਜ਼ਿਲ੍ਹੇ ਵਿਚ ਆਨਲਾਈਨ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਅਪਣਾਈ ਜਾਵੇਗੀ-ਗਿਰੀਸ਼ ਦਿਆਲਨ

ਇਸ ਪ੍ਰਣਾਲੀ ਨਾਲ ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀ ਆਮਦ ਘਟੇਗੀ

ਨਬਜ਼-ਏ-ਪੰਜਾਬ ਬਿਊਰੋ, ਐਸ. ਏ. ਐਸ. ਨਗਰ, 31 ਜੁਲਾਈ:
ਕੋਵਿਡ-19 ਮਹਾਂਮਾਰੀ ਦੌਰਾਨ ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀ ਆਮਦ ਨੂੰ ਘੱਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਨਲਾਈਨ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਅਪਣਾਈ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਾਨ ਨੇ ਦਿੱਤੀ।
ਅਧਿਕਾਰੀਆਂ ਦੀ ਕੋਰ ਗਰੁੱਪ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਲਾਜ਼ਮੀ ਹੈ ਕਿ ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀ ਆਮਦ ਨੂੰ ਘੱਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡਾਇਰੈਕਟੋਰੇਟ ਆਫ਼ ਗਵਰਨੈਂਸ ਰਿਫਾਰਮਜ਼ (ਡੀ.ਜੀ.ਆਰ.) ਪੰਜਾਬ ਨੇ ਇਕ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀ.ਜੀ.ਆਰ.ਐੱਸ.) ਵਿਕਸਤ ਕੀਤੀ ਹੈ ਜੋ ਕਿ ਤਕਨਾਲੋਜੀ ਦੀ ਵਰਤੋਂ ਰਾਹੀਂ ਸਾਰੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਇਕ ਏਕੀਕ੍ਰਿਤ ਪ੍ਰਣਾਲੀ ਹੈ। ਇਸ ਲਈ, ਜਿੱਥੋਂ ਤੱਕ ਸੰਭਵ ਹੋ ਸਕੇ, ਸ਼ਿਕਾਇਤਾਂ ਦਾ ਨਿਪਟਾਰਾ ਆਨਲਾਈਨ ਪੀ.ਜੀ.ਆਰ.ਐਸ. ਰਾਹੀਂ ਕੀਤਾ ਜਾਵੇਗਾ।
ਪੀ.ਜੀ.ਆਰ.ਐਸ. ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਹਰਕੀਰਤ ਚੰਨੀ ਨੇ ਦੱਸਿਆ ਕਿ ਨਾਗਰਿਕ ਚਾਰ ਢੰਗ-ਤਰੀਕਿਆਂ- ਵੈੱਬ, ਮੋਬਾਈਲ, ਸੇਵਾ ਕੇਂਦਰ ਅਤੇ ਇੱਕ ਕਾਲ ਸੈਂਟਰ ਰਾਹੀਂ ਪੀਜੀਆਰਐਸ ‘ਤੇ ਪਹੁੰਚ ਕਰ ਸਕਦੇ ਹਨ। ਪੀਜੀਆਰਐਸ ਦੇ ਆਨਲਾਈਨ ਪੋਰਟਲ ਦੀ ਵਰਤੋਂ ਕਰਦੇ ਹੋਏ, ਇੱਕ ਸ਼ਿਕਾਇਤਕਰਤਾ ਅਸਾਨੀ ਨਾਲ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਆਪਣੀ ਸ਼ਿਕਾਇਤ ਦਾ ਜਵਾਬ ਪ੍ਰਾਪਤ ਕਰ ਸਕਦਾ ਹੈ।
ਉਹਨਾਂ ਕਿਹਾ ਕਿ ਪਹਿਲਾਂ ਹਰ ਵਿਭਾਗ ਕੋਲ ਆਪਣੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਹੁੰਦੀ ਸੀ ਜਿਸ ਵਿਚ ਸ਼ਿਕਾਇਤਾਂ ਦੇ ਨਿਪਟਾਰੇ ਲਈ ਨਿਰਧਾਰਤ ਮਾਪਦੰਡ ਅਤੇ ਸ਼ਿਕਾਇਤ ਦੇ ਹੱਲ ਤੇ ਜਵਾਬਦੇਹੀ ਲਈ ਕੋਈ ਤੈਅ ਸਮਾਂ-ਸੀਮਾ ਨਹੀਂ ਸੀ। ਇਸਦੇ ਉਲਟ, ਪੀਜੀਆਰਐਸ ਕੋਲ ਸ਼ਿਕਾਇਤ ਨਿਵਾਰਣ ਲਈ ਸਪਸ਼ਟ, ਪ੍ਰਮਾਣਿਤ ਕਾਰਜਪ੍ਰਣਾਲੀ ਮੌਜੂਦ ਹੈ। ਇਹ ਪ੍ਰਣਾਲੀ ਸ਼ਿਕਾਇਤਾਂ ਦੇ ਨਿਪਟਾਰੇ ਦੇ ਕੰਮਕਾਜ ਵਿਚ ਹਰੇਕ ਅਧਿਕਾਰੀ ਲਈ ਸਮਾਂ-ਸੀਮਾ ਨਿਰਧਾਰਤ ਕਰਦੀ ਹੈ ਅਤੇ ਸ਼ਿਕਾਇਤਾਂ ਦੇ ਦਿੱਤੇ ਹੱਲ ਸਬੰਧੀ ਨਾਗਰਿਕ ਆਪਣਾ ਫੀਡਬੈਕ ਦੇ ਸਕਦੇ ਹਨ ਅਤੇ ਆਪਣੀ ਸ਼ਿਕਾਇਤ ਨੂੰ ਉੱਚ ਅਧਿਕਾਰੀਆਂ ਕੋਲ ਉੱਠਾ ਸਕਦੇ ਹਨ।
ਉਹਨਾਂ ਕਿਹਾ ਕਿ ਪੀਜੀਆਰਐਸ ਪੋਰਟਲ ਲੋਕਾਂ ਨੂੰ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ 24×7 ਪਲੇਟਫਾਰਮ ਪ੍ਰਦਾਨ ਕਰੇਗਾ। ਲੋਕ ਵੱਖ-ਵੱਖ ਦਫਤਰਾਂ ਵਿੱਚ ਜਾਏ ਬਿਨਾਂ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਣਗੇ। ਇਸ ਲਈ ਲੋਕਾਂ ਨੂੰ ਆਪਣੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਲੋੜ ਪੈਣ ‘ਤੇ ਆਨਲਾਈਨ ਜਨਤਕ ਸ਼ਿਕਾਇਤ ਨਿਵਾਰਨ ਪ੍ਰਣਾਲੀ ਅਪਣਾਉਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…