Share on Facebook Share on Twitter Share on Google+ Share on Pinterest Share on Linkedin ਆਨਲਾਈਨ ਤਬਾਦਲਾ ਨੀਤੀ: ਅਧਿਆਪਕਾਂ ਦੀ ਬਦਲੀ ਸਬੰਧੀ ਸਿੱਖਿਆ ਵਿਭਾਗ ਦੇ ਪਾਰਦਰਸ਼ਤਾ ਦੇ ਦਾਅਵੇ ਖੋਖਲੇ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਬਿਲਕੁਲ ਪਾਰਦਰਸ਼ੀ, ਨਿਰੋਲ ਮੈਰਿਟ ’ਤੇ ਆਧਾਰਿਤ: ਕ੍ਰਿਸ਼ਨ ਕੁਮਾਰ ਸਿੱਖਿਆ ਵਿਭਾਗ ਨੇ ਆਨਲਾਈਨ ਬਦਲੀਆਂ ਸਬੰਧੀ ਅਧਿਆਪਕਾਂ ਤੋਂ ਆਨਲਾਈਨ ਇਤਰਾਜ਼ ਮੰਗੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ: ਸਿੱਖਿਆ ਵਿਭਾਗ ਪੰਜਾਬ ਦੀ ਆਨਲਾਈਨ ਤਬਾਦਲਾ ਨੀਤੀ ਦੀ ਅੱਜ ਪਹਿਲੇ ਹੀ ਦਿਨ ਫੂਕ ਨਿਕਲ ਗਈ ਹੈ। ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਵਿਭਾਗ ਦੇ ਪਾਰਦਰਸ਼ਤਾ ਦੇ ਦਾਅਵੇ ਵੀ ਖੋਖਲੇ ਸਾਬਤ ਹੋਏ ਹਨ। ਬੀਤੇ ਕੱਲ੍ਹ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਤਬਾਦਲਾ ਨੀਤੀ ਤਹਿਤ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਦੇ ਮਾਮਲੇ ਵਿੱਚ ਵੱਡੇ ’ਤੇ ਗੜਬੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਵੱਡੀਆਂ ਸਿਫਾਰਸ਼ਾਂ ਵਾਲੇ ਅਧਿਆਪਕਾਂ ਨੂੰ ਘੱਟ ਨੰਬਰ ਹੋਣ ਦੇ ਬਾਵਜੂਦ ਮਨਪਸੰਦ ਸਟੇਸ਼ਨ ਅਲਾਟ ਕੀਤੇ ਗਏ ਹਨ ਜਦੋਂਕਿ ਵਾਧੂ ਅੰਕਾਂ ਵਾਲੇ ਅਧਿਆਪਕ ਫਾਡੀ ਰਹਿ ਗਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜਾਤੜੀ ਦੀ ਪੰਜਾਬੀ ਅਧਿਆਪਕ ਕਮਲਜੀਤ ਕੌਰ ਨੇ ਮੁਹਾਲੀ ਨੇੜਲੇ ਪਿੰਡ ਸਰਕਾਰੀ ਸਕੂਲ ਚਾਚੂਮਾਜਰਾ ਵਿੱਚ ਆਪਣੀ ਬਦਲੀ ਲਈ ਆਨਲਾਈਨ ਅਪਲਾਈ ਕੀਤਾ ਗਿਆ ਸੀ। ਉਨ੍ਹਾਂ ਦੀ ਕਾਰਗੁਜ਼ਾਰੀ ਸਬੰਧੀ ਸਕੂਲ ਮੁਖੀ ਵੱਲੋਂ ਪ੍ਰਮੁੱਖਤਾ ਨਾਲ ਤਸਦੀਕ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ 134 ਨੰਬਰ ਸੀ ਪ੍ਰੰਤੂ ਉਨ੍ਹਾਂ ਨੂੰ ਅੱਖੋ ਪਰੋਖੇ ਕਰਕੇ 116 ਨੰਬਰਾਂ ਵਾਲੀ ਸਰਕਾਰੀ ਸਕੂਲ ਝੰਜੇੜੀ ਦੀ ਪੰਜਾਬੀ ਅਧਿਆਪਕ ਗੁਰਪ੍ਰੀਤ ਕੌਰ ਦੀ ਬਦਲੀ ਚਾਚੂਮਾਜਰਾ ਸਕੂਲ ਵਿੱਚ ਤਾਇਨਾਤ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਇਸ ਅਧਿਆਪਕਾਂ ਨੇ ਅੱਜ ਆਪਣੀ ਡਿਊਟੀ ਜੁਆਇਨ ਵੀ ਕਰ ਲਈ ਹੈ। ਇਸੇ ਤਰ੍ਹਾਂ ਹੋਰਨਾਂ ਸਕੂਲਾਂ ਵਿੱਚ ਵੀ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ। ਉਧਰ, ਸਿੱਖਿਆ ਵਿਭਾਗ ਦੇ ਸੂਤਰ ਦੱਸਦੇ ਹਨ ਕਿ ਉੱਚ ਅਧਿਕਾਰੀਆਂ ਨੇ ਇਹ ਤੈਅ ਕੀਤਾ ਸੀ ਕਿ ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਆਨਲਾਈਨ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਰਿਲੀਵ ਹੋਣ ਲਈ ਪੱਤਰ ਜਾਰੀ ਕੀਤਾ ਜਾਵੇਗਾ ਪ੍ਰੰਤੂ ਬਦਲੀਆਂ ਦੀ ਸੂਚੀ ਜਾਰੀ ਹੁੰਦੇ ਹੀ ਅਧਿਆਪਕਾਂ ਨੇ ਨਵੀਆਂ ਥਾਵਾਂ ’ਤੇ ਜੁਆਇਨ ਕਰ ਲਿਆ ਹੈ। ਇਸ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਬੀਤੇ ਦਿਨੀਂ ਆਨਲਾਈਨ 4551 ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਬਦਲੀਆਂ ਬਿਲਕੁਲ ਸਹੀ ਅਤੇ ਪਾਰਦਰਸ਼ੀ ਢੰਗ ਨਾਲ ਬਿਨਾਂ ਕਿਸੇ ਦੀ ਸਿਆਸੀ ਪਹੁੰਚ ਅਤੇ ਸਿਫ਼ਾਰਸ਼ ਤੋਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਦੀ ਅਗਵਾਈ ਵਿੱਚ ਬੀਤੇ ਦਿਨਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀਆਂ ਸਬੰਧੀ ਪਹੁੰਚੇ ਦਸਤਾਵੇਜ਼ਾਂ ਦੀ ਹਰ ਪੱਧਰ, ਹਰ ਤਹਿ ਤੋਂ ਗੰਭੀਰਤਾ ਅਤੇ ਬਰੀਕਬੀਨੀ ਨਾਲ਼ ਘੋਖ ਪੜਤਾਲ ਕਰਨ ਤੋਂ ਬਾਅਦ ਸੰਵੇਦਨਸ਼ੀਲ ਪ੍ਰਕਿਰਿਆ ਵਿੱਚੋਂ ਲੰਘ ਕੇ ਆਨਲਾਈਨ ਬਦਲੀਆਂ ਦਾ ਸਫ਼ਲ ਮੁਕਾਮ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਨੂੰ ਮਹਿਕਮੇ ਨੇ ਲੰਮਾ ਸਮਾਂ ਸੋਚ-ਵਿਚਾਰ, ਨਿਰਖ-ਪਰਖ ਅਤੇ ਤਰਕਸੰਗਤ ਕਸਵੱਟੀ ‘ਤੇ ਪਰਖ ਕੇ ਫਿਰ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਨੂੰ ਲੰਮੇ ਵਿਚਾਰ-ਵਟਾਂਦਰੇ ’ਚੋਂ ਲੰਘਦਿਆਂ ਇਸ ਨੂੰ ਪੂਰਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਰੇ ਮਹਿਕਮੇ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਵੱਲੋਂ ਆਨਲਾਈਨ ਅਪਲਾਈ ਕਰਨ ਤੋਂ ਬਾਅਦ, ਅਪਲਾਈ ਕੀਤੇ ਵੇਰਵਿਆਂ ਵਿੱਚ ਸੋਧ ਕਰਨ, ਜਾਂਚ-ਪੜਤਾਲ ਕਰਨ ਉਪਰੰਤ, ਸਬੰਧਤ ਡੀਡੀਓਜ ਤੋਂ ਡਾਟਾ ਵੈਰੀਫ਼ਾਈ ਕਰਵਾਇਆ ਗਿਆ। ਉਸ ਤੋਂ ਬਾਅਦ ਵੀ ਤਰੁੱਟੀਆਂ ਸੁਧਾਰ ਕਰਨ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਬਦਲੀ ਕਰਵਾਉਣ ਲਈ ਕਿਤੇ ਵੀ ਜਾਣਾ ਨਹੀਂ ਪਿਆ ਅਤੇ ਨਾ ਹੀ ਸਿਫ਼ਾਰਸ਼ ਲਈ ਕੋਸ਼ਿਸ਼ ਕਰਨੀ ਪਈ। ਸਿੱਖਿਆ ਸਕੱਤਰ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ 11063 ਬਦਲੀਆਂ ਲਈ ਆਈਆਂ ਅਰਜ਼ੀਆਂ ’ਚੋਂ 4551 ਅਧਿਆਪਕਾਂ ਦੀਆਂ ਏਨੇ ਵੱਡੇ ਪੱਧਰ ‘ਤੇ ਬਦਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਅੱਜ ਆਨਲਾਈਨ ਬਦਲੀਆਂ ਸੰਬੰਧੀ ਪਹੁੰਚੇ ਇਤਰਾਜ਼ ਜਾਂਚ-ਪੜਤਾਲ ਦੌਰਾਨ ਗਲਤ ਪਾਏ ਗਏ ਹਨ। (ਬਾਕਸ ਆਈਟਮ) ਸਿੱਖਿਆ ਵਿਭਾਗ ਪੰਜਾਬ ਵੱਲੋਂ 30 ਜੁਲਾਈ ਨੂੰ ਅਧਿਆਪਕਾਂ ਦੇ ਵੱਖ-ਵੱਖ ਕਾਡਰਾਂ ਦੀਆਂ ਆਨਲਾਈਨ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ। ਅਧਿਆਪਕਾਂ ਵੱਲੋਂ ਬਦਲੀਆਂ ਸਬੰਧੀ ਕੁਝ ਇਤਰਾਜ਼ ਵਿਭਾਗ ਦੇ ਮੁੱਖ ਦਫ਼ਤਰ ਨੂੰ ਭੇਜੇ ਜਾ ਰਹੇ ਹਨ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅਧਿਆਪਕ ਬਦਲੀਆਂ ਸਬੰਧੀ ਆਪਣੇ ਇਤਰਾਜ਼ ਵਿਭਾਗ ਨੂੰ ਈ-ਪੰਜਾਬ ਸਕੂਲ ਪੋਰਟਲ ਦੇ ਸਟਾਫ਼ ਲਾਗਇਨ ਅਧੀਨ ਮੁਹੱਈਆ ਕਰਵਾਏ ਲਿੰਕ’ ’ਤੇ ਆਨਲਾਈਨ ਦਰਜ ਕਰ ਸਕਦੇ ਹਨ। ਵਿਭਾਗ ਵੱਲੋਂ ਜਾਰੀ ਹਦਾਇਤ ਅਨੁਸਾਰ ਸਿਰਫ਼ ਆਨਲਾਈਨ ਆਏ ਇਤਰਾਜ਼ ਹੀ ਵਿਚਾਰੇ ਜਾਣਗੇ। ਇਸ ਲਈ ਇਤਰਾਜ਼ ਜ਼ਿਲ੍ਹਾ ਦਫ਼ਤਰਾਂ ਜਾਂ ਮੁੱਖ ਦਫ਼ਤਰ ਵਿੱਚ ਦਸਤੀ ਨਾ ਭੇਜੇ ਜਾਣ। (ਬਾਕਸ ਆਈਟਮ) ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਤਬਾਦਲਾ ਨੀਤੀ ਹੇਠ ਅਧਿਆਪਕਾਂ ਦੇ ਤਬਾਦਲੇ ਲਈ ਬਟਨ ਦਬਾਅ ਕੇ ਪਹਿਲੇ ਤਬਾਦਲੇ ਹੁਕਮ ਜਾਰੀ ਕੀਤਾ ਸੀ ਅਤੇ ਇਹ ਦਾਅਵਾ ਕੀਤਾ ਗਿਆ ਸੀ ਇਸ ਨੀਤੀ ਦਾ ਮੁੱਖ ਉਦੇਸ਼ ਤਬਾਦਲਾ ਪ੍ਰਣਾਲੀ ਵਿੱਚ ਮੁਕੰਮਲ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। ਸਕੂਲ ਸਿੱਖਿਆ ਵਿਭਾਗ ਦੀ ਇਸ ਨਵੀਂ ਨੀਤੀ ਨੂੰ ਇਸ ਸਾਲ ਜਨਵਰੀ ਵਿੱਚ ਪੰਜਾਬ ਕੈਬਨਿਟ ਨੇ ਹਰੀ ਝੰਡੀ ਦਿੱਤੀ ਸੀ ਅਤੇ ਜੂਨ ਵਿੱਚ ਇਸ ਨੂੰ ਨੋਟੀਫਾਈ ਕੀਤਾ ਗਿਆ ਸੀ। ਇਸ ਨੀਤੀ ਦੇ ਹੇਠ ਹੁਣ ਟੀਚਿੰਗ ਸਟਾਫ਼ ਦੇ ਸਾਰੇ ਤਬਾਦਲੇ ਸਿਰਫ਼ ਆਨਲਾਈਨ ਹੀ ਕੀਤੇ ਜਾਣਗੇ ਅਤੇ ਇਸ ਵਿੱਚ ਕੋਈ ਵੀ ਮਾਨਵੀ ਦਖ਼ਲ-ਅੰਦਾਜ਼ੀ ਨਹੀਂ ਹੋਵੇਗੀ। ਇਸ ਤਰ੍ਹਾਂ ਅਧਿਆਪਕਾਂ ਦੇ ਤਬਾਦਲਿਆਂ ਵਿੱਚ ਵੱਡੀ ਪੱਧਰ ’ਤੇ ਭ੍ਰਿਸ਼ਟਾਚਾਰ ਦਾ ਖਾਤਮਾ ਹੋਣ ਦੀ ਗੱਲ ਆਖੀ ਗਈ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਇਸ ਪ੍ਰਣਾਲੀ ਨਾਲ ਮੁਕੰਮਲ ਪਾਰਦਰਸ਼ਤਾ ਦਾ ਯੁਗ ਸ਼ੁਰੂ ਹੋ ਗਿਆ ਹੈ। ਕੰਪਿਊਟਰ ਨਾਲ ਚੱਲਣ ਵਾਲੀ ਇਸ ਪ੍ਰਣਾਲੀ ਵਿੱਚ ਕਿਸੇ ਵੀ ਤਰ੍ਹਾਂ ਦੀ ਪੱਖਪਾਤ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ