ਆਨਲਾਈਨ ਬਦਲੀਆਂ ਬਿਲਕੁਲ ਪਾਰਦਰਸ਼ੀ, ਸਹੀ ਅਤੇ ਨਿਰੋਲ ਮੈਰਿਟ ’ਤੇ ਅਧਾਰਿਤ: ਕ੍ਰਿਸ਼ਨ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 31 ਜੁਲਾਈ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਬੀਤੇ ਦਿਨੀਂ ਆਨਲਾਈਨ 4551 ਅਧਿਆਪਕਾਂ ਦੀਆਂ ਕੀਤੀਆਂ ਗਈਆਂ ਬਦਲੀਆਂ ਸਬੰਧੀ ਗੱਲ ਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਆਨਲਾਈਨ ਬਦਲੀਆਂ ਬਿਲਕੁਲ ਸਹੀ ਅਤੇ ਪਾਰਦਰਸ਼ੀ ਢੰਗ ਨਾਲ਼ ਬਿਨਾਂ ਕਿਸੇ ਦੀ ਪਹੁੰਚ ਅਤੇ ਸਿਫ਼ਾਰਸ਼ ਤੋਂ ਹੋਈਆਂ ਹਨ। ਸਿੱਖਿਆ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਦੀ ਅਗਵਾਈ ਵਿੱਚ ਬੀਤੇ ਦਿਨਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀਆਂ ਸਬੰਧੀ ਪਹੁੰਚੇ ਦਸਤਾਵੇਜ਼ਾਂ ਦੀ ਹਰ ਪੱਧਰ , ਹਰ ਤਹਿ ਤੋਂ ਗੰਭੀਰਤਾ ਅਤੇ ਬਰੀਕਬੀਨੀ ਨਾਲ ਘੋਖ ਪੜਤਾਲ ਕਰਨ ਤੋਂ ਬਾਅਦ ਸੰਵੇਦਨਸ਼ੀਲ ਪ੍ਰਕਿਰਿਆ ’ਚੋਂ ਲੰਘ ਕੇ ਆਨਲਾਈਨ ਬਦਲੀਆਂ ਦਾ ਸਫ਼ਲ ਮੁਕਾਮ ਹਾਸਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਨੂੰ ਮਹਿਕਮੇ ਨੇ ਲੰਮਾ ਸਮਾਂ ਸੋਚ-ਵਿਚਾਰ, ਨਿਰਖ-ਪਰਖ ਅਤੇ ਤਰਕਸੰਗਤ ਕਸਵੱਟੀ ’ਤੇ ਪਰਖ ਕੇ ਫਿਰ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਨੂੰ ਲੰਮੇ ਵਿਚਾਰ-ਵਟਾਂਦਰੇ ’ਚੋਂ ਲੰਘਦਿਆਂ ਇਸ ਨੂੰ ਪੂਰਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਪਹਿਲਾਂ ਸਾਰੇ ਮਹਿਕਮੇ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਵੱਲੋਂ ਆਨਲਾਈਨ ਅਪਲਾਈ ਕਰਨ ਤੋਂ ਬਾਅਦ, ਅਪਲਾਈ ਕੀਤੇ ਵੇਰਵਿਆਂ ਵਿੱਚ ਸੋਧ ਕਰਨ, ਜਾਂਚ-ਪੜਤਾਲ ਕਰਨ ਉਪਰੰਤ, ਸਬੰਧਤ ਡੀਡੀਓਜ ਤੋਂ ਡਾਟਾ ਵੈਰੀਫ਼ਾਈ ਕਰਵਾਇਆ ਗਿਆ। ਉਸ ਤੋਂ ਬਾਅਦ ਵੀ ਤਰੁੱਟੀਆਂ ਸੁਧਾਰ ਕਰਨ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਬਦਲੀ ਕਰਵਾਉਣ ਲਈ ਕਿਤੇ ਵੀ ਜਾਣਾ ਨਹੀਂ ਪਿਆ ਅਤੇ ਨਾ ਹੀ ਸਿਫ਼ਾਰਸ਼ ਲਈ ਕੋਸ਼ਿਸ਼ ਕਰਨੀ ਪਈ। ਸਿੱਖਿਆ ਸਕੱਤਰ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ 11063 ਬਦਲੀਆਂ ਲਈ ਆਈਆਂ ਅਰਜ਼ੀਆਂ ’ਚੋਂ 4551 ਅਧਿਆਪਕਾਂ ਦੀਆਂ ਏਨੇ ਵੱਡੇ ਪੱਧਰ ‘ਤੇ ਬਦਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਅੱਜ ਆਨਲਾਈਨ ਬਦਲੀਆਂ ਸਬੰਧੀ ਪਹੁੰਚੇ ਇਤਰਾਜ਼ ਜਾਂਚ-ਪੜਤਾਲ ਦੌਰਾਨ ਗਲਤ ਪਾਏ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…