ਮੱਕੀ ਦੇ ਆਚਾਰ ਬਾਰੇ ਪੰਜਾਬ ਐਗਰੋ ਇੰਡਸਟਰੀਜ਼ ਵੱਲੋਂ ਆਨਲਾਈਨ ਵੈਬਿਨਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਵੱਲੋਂ ਮੱਕੀ ਦੇ ਸਾਈਲੇਜ਼ ਦੀ ਪ੍ਰਮੋਸ਼ਨ ਕਰਨ ਅਤੇ ਸਾਈਲੇਜ਼ ਨੂੰ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਇੱਕ ਗੇਮ ਚੇਂਜਰ ਦੱਸਣ ਲਈ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਪ੍ਰਬੰਧ ਨਿਰਦੇਸ਼ਕ ਮਨਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ (ਕਾਲਕਟ ਭਵਨ ਮੁਹਾਲੀ) ਦੇ ਚੇਅਰਮੈਨ ਅਵਤਾਰ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਇੱਕ ਸਮਾਗਮ (ਆਨਲਾਈਨ ਵੈਬਿਨਾਰ) ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਮਹਾ ਪ੍ਰਬੰਧਕ ਜਗਤਾਰ ਸਿੰਘ ਮੱਲ੍ਹੀ, ਕੰਸਲਟੈਂਟ ਹਰਿੰਦਰ ਸਿੰਘ ਅਤੇ ਸਾਈਲੇਜ਼ ਉਦਯੋਗ ਨਾਲ ਜੁੜੇ ਵੱਖ-ਵੱਖ ਨੁਮਾਇੰਦੇ ਜਿਨ੍ਹਾਂ ਵਿੱਚ ਪਾਇਨੀਅਰ ਕੰਪਨੀ ਤੋਂ ਸੁਨੀਲ ਅੱਤਰੀ, ਹਾਲੈਂਡ ਤੋਂ ਪਵਨ ਕੁਮਾਰ ਅਤੇ ਹੋਰ ਖੇਤੀ ਮਾਹਰਾਂ ਨੇ ਸ਼ਮੂਲੀਅਤ ਕੀਤੀ।
ਪੰਜਾਬ ਐਗਰੋ ਦੇ ਅਧਿਕਾਰੀਆਂ ਨੇ ਦੱਸਿਆ ਸਰਕਾਰ ਦੇ ਉਪਰਾਲੇ ਸਦਕਾ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ ਸਾਲ 2020 ਤੋਂ ਪਸ਼ੂਆਂ ਲਈ ਮੱਕੀ ਦਾ ਆਚਾਰ (ਸਾਈਲੇਜ਼) ਤਿਆਰ ਕਰਨ ਲਈ ਲਾਢੋਵਾਲ, ਲੁਧਿਆਣਾ ਵਿਖੇ ਸਾਈਲੇਜ਼ ਪਲਾਂਟ ਲਗਾਇਆ ਗਿਆ ਹੈ, ਜਿਸ ਵਿੱਚ ਜਿਨ੍ਹਾਂ ਕਿਸਾਨਾਂ ਤੋਂ ਪੰਜਾਬ ਐਗਰੋ ਦੁਆਰਾ ਮੱਕੀ ਦੀ ਫਸਲ ਖਰੀਦੀ ਜਾਂਦੀ ਹੈ, ਉਨ੍ਹਾਂ ਕਿਸਾਨਾਂ ਨੂੰ ਵਾਜਬ ਭਾਅ ਦਿੱਤਾ ਜਾਂਦਾ ਹੈ ਅਤੇ ਹਾਈਟੈੱਕ ਮਸ਼ੀਨਾਂ ਰਾਹੀਂ ਉੱਚ ਕੁਆਲਿਟੀ ਦੀ ਮੱਕੀ ਦੇ ਸਾਈਲੇਜ਼ ਦੀਆਂ ਗੱਠਾਂ ਤਿਆਰ ਕਰਕੇ ਡੇਅਰੀ ਫਾਰਮਰਜ਼ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਸਮਾਗਮ ਵਿੱਚ ਹਾਜ਼ਰ ਖੇਤੀ ਮਾਹਰਾਂ ਨੇ ਪੰਜਾਬ ਐਗਰੋ ਵੱਲੋਂ ਕਿਸਾਨਾਂ ਨੂੰ ਉੱਚ ਕੁਆਲਿਟੀ ਦਾ ਆਚਾਰ ਮੁਹੱਈਆ ਕਰਵਾਉਣ ਦੀ ਸ਼ਲਾਘਾ ਕੀਤੀ ਅਤੇ ਕਿਸਾਨਾਂ ਨੂੰ ਪਸ਼ੂਆਂ ਨੂੰ ਸਾਈਲੇਜ਼ ਪਾਉਣ ਦੇ ਫਾਇਦੇ ਦੱਸੇ ਗਏ ਜੋ ਕਿ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਇੱਕ ਗੇਮ ਚੇਂਜਰ ਵਜੋਂ ਸਾਬਤ ਹੋ ਸਕਦੇ ਹਨ। ਅਖੀਰ ਵਿੱਚ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਖੇਤਰੀ ਪ੍ਰਬੰਧਕ ਚੰਦਰ ਸ਼ੇਖਰ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਖੇਤੀ ਮਾਹਰਾਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਪੰਜਾਬ ਐਗਰੋ ਵੱਲੋਂ ਤਰਨਤਾਰਨ ਵਿਖੇ ਇੱਕ ਹੋਰ ਸਾਈਲੇਜ਼ ਪਲਾਂਟ ਲਾਇਆ ਜਾ ਰਿਹਾ ਹੈ ਅਤੇ ਲਾਢੋਵਾਲ ਵਿਖੇ ਪਲਾਂਟ ਦੀ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਐਗਰੋ ਆਉਣ ਵਾਲੇ ਸੀਜ਼ਨ ਵਿੱਚ ਕਿਸਾਨਾਂ ਨੂੰ ਉੱਤਮ ਕੁਆਲਿਟੀ ਦੀ ਮੱਕੀ ਦੇ ਸਾਈਲੇਜ਼ (ਆਚਾਰ) ਦੀਆਂ ਗੱਠਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …