ਅਨੁਸੂਚਿਤ ਜਾਤੀ ਲਈ ਰੱਖੇ 21888 ਕਰੋੜ ‘ਚੋਂ ਖ਼ਰਚੇ ਸਿਰਫ਼ 16846 ਕਰੋੜ

ਆਪ ਆਗੂ ਨੇ ਪਿਛਲੇ 5 ਸਾਲਾਂ ‘ਚ ਹੋਏ ਘਪਲੇ ਦੀ ਜਾਂਚ ਮੰਗੀ

ਆਪ ਨੇ ਕੀਤਾ ਕਥਿਤ ਨਵੇਂ ਘਪਲੇ ਦਾ ਖੁਲਾਸਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਮਾਰਚ:
ਅਕਾਲੀ-ਬੀਜੇਪੀ ਸਰਕਾਰ ਦੇ ਪਿਛਲੇ 10 ਸਾਲਾਂ ਵਿਚ ਲਗਭਗ 40,000 ਕਰੋੜ ਦੀ ਰਕਮ ਪੰਜਾਬ ਦੇ 3.21 ਲੱਖ ਅਨੁਸੂਚਿਤ ਜਾਤੀ ਪਰਵਾਰਾਂ ਅਤੇ ਵਿਦਿਆਰਥੀਆਂ ਦੇ ਵਜ਼ੀਫ਼ਿਆਂ ਲਈ ਕੇਂਦਰ ਵਲੋਂ ਭੇਜੀ ਗਈ ਸੀ ਜਿਸ ਵਿਚੋਂ ਇਕ ਅੰਦਾਜ਼ੇ ਮੁਤਾਬਕ ਚੌਥਾ ਹਿੱਸਾ ਯਾਨੀ 9000 ਤੋਂ 10,000 ਕਰੋੜ ਖ਼ੁਰਦ ਬੁਰਦ ਹੋ ਗਈ। ਇਸ ਵੱਡੇ ਫ਼ਰਕ ਅਤੇ ਕਥਿਤ ਘਪਲੇ ਦੀ ਜਾਂਚ ਪੜਤਾਲ ਦੀ ਮੰਗ ਕਰਦਿਆਂ ‘ਆਪ’ ਦੇ ਉਪ ਪ੍ਰਧਾਨ ਅਤੇ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਝੰਡਾ ਬਰਦਾਰ ਸ. ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਕਾਂਗਰਸ ਸਰਕਾਰ ਇਸ ਸਬੰਧੀ ਇਕ ਉੱਚ ਪਧਰੀ ਕਮਿਸ਼ਨ ਬਣਾਏ ਅਤੇ ਵਿਸ਼ੇਸ਼ ਕਰ ਕੇ ਸਾਲ 2012-17 ਦੇ ਸਮੇਂ ਵਾਸਤੇ ਰੱਖੀ ਰਕਮ ਅਤੇ ਅਸਲੀਅਤ ਵਿਚ ਕੀਤੇ ਖ਼ਰਚ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ।
ਅੱਜ ਗੱਲਬਾਤ ਕਰਦਿਆਂ ਸ. ਕੈਂਥ ਨੇ ਕਿਹਾ ਕਿ ਪੰਜਾਬ ਦੇ ਕੁਲ 12168 ਪਿੰਡਾਂ ਵਿਚੋਂ 57 ਪਿੰਡ 100 ਫ਼ੀ ਸਦੀ ਅਨੁਸੂਚਿਤ ਜਾਤੀ ਦੇ ਪਰਵਾਰਾਂ ਦੇ ਪਿੰਡ ਹਨ, 2800 ਪਿੰਡਾਂ ਵਿਚ ਅੱਧੀ ਅਬਾਦੀ ਇਨ੍ਹਾਂ ਪਰਵਾਰਾਂ ਦੀ ਹੈ, 4800 ਪਿੰਡਾਂ ਵਿਚ 40 ਫ਼ੀ ਸਦੀ ਇਨ੍ਹਾਂ ਦੀ ਆਬਾਦੀ ਹੈ ਜਦਕਿ ਪੰਜਾਬ ਦੇ ਕੁਲ 5.23 ਪਰਵਾਰਾਂ ਵਿਚੋਂ 3.21 ਲੱਖ ਪਰਵਾਰ ਗ਼ਰੀਬ ਜਾਤੀ ਵਿਚੋਂ ਹਨ।
ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ 32 ਫ਼ੀ ਸਦੀ ਅਨੁਸੂਚਿਤ ਜਾਤੀ ਆਬਾਦੀ ਵਾਲੇ ਪੰਜਾਬ ਵਿਚ ਇਨ੍ਹਾਂ ਲੋਕਾਂ ਦੀ ਹਾਲਤ ਹੋਰ ਖ਼ਰਾਬ ਹੋਈ ਹੈ।
ਕੈਂਥ ਨੇ ਦਸਿਆ ਕਿ 2012-13 ਵਿਚ 4039 ਕਰੋੜ ਦੀ ਰੱਖੀ ਰਕਮ ਵਿਚੋਂ 2725.65 ਕਰੋੜ ਖ਼ਰਚੇ ਗਏ, 2013-14 ਵਿਚ 4653 ਕਰੋੜ ‘ਚੋਂ 3371.74 ਕਰੋੜ ਹੀ ਖ਼ਰਚੇ ਗਏ। ਜਦੋਂ ਕਿ 2014-15 ਵਿਚ 6432 ਕਰੋੜ ਦੀ ਰਕਮ ਵਿਚੋਂ ਕੇਵਲ 4320.68 ਕਰੋੜ ਦਾ ਹੀ ਹਿਸਾਬ ਕਿਤਾਬ ਮਿਲਿਆ। ਉਨ੍ਹਾਂ ਦਸਿਆ ਕਿ ਪਿਛਲੇ ਸਾਲ 2015-16 ਵਿਚ 6764.10 ਕਰੋੜ ‘ਚੋਂ 6428 ਕਰੋੜ ਖ਼ਰਚੇ ਜਦੋਂ ਕਿ 2016-17 ਯਾਨੀ ਇਸ ਚਾਲੂ ਸਾਲ ‘ਚ 8624.55 ਕਰੋੜ ਦੀ ਰਕਮ ਰੱਖੀ ਗਈ ਪਰ ਖ਼ਰਚੇ ਦਾ ਵੇਰਵਾ ਅਜੇ ਤਕ ਨਹੀਂ ਆਇਆ।
ਕੁਲ 21888 ਕਰੋੜ ਦੀ ਨਿਰਧਾਰਤ ਰਕਮ ‘ਚੋਂ ਕੇਵਲ 16846 ਕਰੋੜ ਹੀ ਖ਼ਰਚਣ ਦਾ ਵੇਰਵਾ ਦੱਸਦੇ ਹੋਏ ਕੈਂਥ ਨੇ ਕਿਹਾ ਕਿ ਅਕਾਲੀ ਬੀਜੇਪੀ ਸਰਕਾਰ ਤਾਂ ਹਾਰ ਗਈ ਪਰ ਹੁਣ ਕਾਂਗਰਸ ਸਰਕਾਰ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਪੜਤਾਲ ਕਰਾਵੇ, ਵ੍ਹਾਈਟ ਪੇਪਰ ਜਾਰੀ ਕਰੇ ਅਤੇ ਕੇਂਦਰ ਸਰਕਾਰ ਤੇ ਲੋਕਾਂ ਨੂੰ ਜਵਾਬ ਦੇਵੇ।
ਆਪ ਦੇ ਉਪ ਪ੍ਰਧਾਨ ਦਾ ਮੰਨਣਾ ਹੈ ਕਿ ਇਸ ਸਾਲ ਦੇ ਕੇਂਦਰੀ ਵਜੀਫ਼ਾ ਸਕੀਮ ਦੇ ਵੀ 370 ਕਰੋੜ ਦੀ ਰਕਮ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਵੰਡੀ ਨਹੀਂ ਗਈ। ਇਸ ਵੇਲੇ 4 ਲੱਖ ਗ਼ਰੀਬ ਵਿਦਿਆਰਥੀ ਸਕੂਲਾਂ ਕਾਲਜਾਂ ਤੇ ਪੰਜਾਬ ਦੀਆਂ ਯੂਨੀਵਰਸਟੀਆਂ ‘ਚ ਪੜ੍ਹਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ 12ਵੀਂ ਪੰਜ ਸਾਲਾ ਯੋਜਨਾ ਦੀ ਸਕੀਮ ਤਹਿਤ ਗ਼ਰੀਬਾਂ ਲਈਆਹੀ ਕਰੋੜਾਂ ਅਰਬਾਂ ਦੀ ਰਕਮ ‘ਚ ਵੱਡੀ ਘਪਲੇਬਾਜ਼ੀ, ਹੇਰਾਫੇਰੀ, ਖ਼ੁਰਦ ਬੁਰਦ ਹੋਈ ਹੈ ਅਤੇ ਅਕਾਲੀ ਬੀਜੇਪੀ ਸਰਕਾਰ ਨੇ ਸ਼ਰੇਆਮ ਇਸ ਰਕਮ ਨੂੰ ਦੂਜੇ ਪਾਸੇ ਲਾਇਆ ਹੈ ਜਿਸ ਦੀ ਪੜਤਾਲ ਲਈ ਕਮਿਸ਼ਨ ਬਣਾ ਕੇ ਦੋਸ਼ੀਆਂ ਨੂੰ ਸਜ਼ਾ ਮਿਲੇ
ਮੌਜੂਦਾ ਕਾਂਗਰਸ ਸਰਕਾਰ ਨੂੰ ਵੀ ਤਾੜਨਾ ਕਰਦੇ ਹੋਏ ਸ. ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਇਕ ਸਪੈਸ਼ਲ ਸੈੱਲ ਬਣਾਉਣ ਦੀ ਲੋੜ ਹੈ ਜੋ ਅਨੁਸੂਚਿਤ ਜਾਤੀ ਦੇ ਪਰਵਾਰਾਂ ਅਤੇ ਵਿਦਿਆਰਥੀਆਂ ਲਈ ਭਲਾਈ ਸਕੀਮਾਂ ਦੀ ਦੇਖ ਰੇਖ ਕਰੇ ਅਤੇ ਖ਼ਰਚੀ ਜਾ ਰਹੀ ਰਕਮ ‘ਤੇ ਨਜ਼ਰ ਰੱਖੇ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…