ਆਖ਼ਰਕਾਰ ਮੁਹਾਲੀ ਦੇ ਐਡਵਾਂਸਡ ਅੌਟਿਜ਼ਮ ਕੇਅਰ ਤੇ ਰਿਸਰਚ ਸੈਂਟਰ ਵਿੱਚ ਓਪੀਡੀ ਸੇਵਾਵਾਂ ਸ਼ੁਰੂ

ਸੈਂਟਰ ਨੂੰ ਪੰਜਾਬ ਦਾ ਸਭ ਤੋਂ ਬਿਹਤਰੀਨ ਅੌਟਿਜ਼ਮ ਕੇਂਦਰ ਬਣਾਇਆ ਜਾਵੇਗਾ: ਸਿਹਤ ਮੰਤਰੀ

ਨਬਜ਼-ਏ-ਪੰਜਾਬ, ਮੁਹਾਲੀ, 2 ਅਪਰੈਲ:
ਵਿਸ਼ਵ ਅੌਟਿਜ਼ਮ ਡੇਅ ਮੌਕੇ ਮੁਹਾਲੀ ਦੇ ਸੈਕਟਰ-79 ਸਥਿਤ ਐਡਵਾਂਸਡ ਅੌਟਿਜ਼ਮ ਕੇਅਰ ਤੇ ਰਿਸਰਚ ਸੈਂਟਰ ਵਿੱਚ ਅੱਜ ਓਪੀਡੀ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਜਿਸ ਦਾ ਸਿਹਤ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਉਦਘਾਟਨ ਕੀਤਾ। ਉਪਰੰਤ ਖੋਜ ਕੇਂਦਰ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਸੈਂਟਰ ਨੂੰ ਪੰਜਾਬ ਦੇ ਅੌਟਿਸਟਿਕ ਬੱਚਿਆਂ ਦੇ ਇਲਾਜ ਅਤੇ ਅੰਦਰੂਨੀ ਬਹੁਪੱਖੀ ਪ੍ਰਤਿਭਾ ਨੂੰ ਨਿਖਾਰਨ ਲਈ ਰਾਜ ਦੇ ਸਰਵੋਤਮ ਅਤੇ ਬਿਹਤਰੀਨ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉਕਤ ਸੈਂਟਰ ਕਾਫ਼ੀ ਸਮੇਂ ਤੋਂ ਸਰਕਾਰ ਦੀ ਅਣਦੇਖੀ ਦਾ ਸਿਕਾਰ ਸੀ ਅਤੇ ਬੰਦ ਪਿਆ। ਜਿਸ ਕਾਰਨ ਇੱਥੋਂ ਕਾਫ਼ੀ ਸਮਾਨ ਚੋਰੀ ਹੋ ਗਿਆ ਸੀ। ਇਸ ਸਬੰਧੀ ਕੁੱਝ ਦਿਨ ਪਹਿਲਾਂ ਹੀ ‘ਪੰਜਾਬੀ ਟ੍ਰਿਬਿਊਨ ਅਤੇ ‘ਨਬਜ਼-ਏ-ਪੰਜਾਬ’ ਵੱਲੋਂ ਫੋਟੋ ਸਮੇਤ ਡਿਟੇਲ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਸੀ।
ਸਿਹਤ ਮੰਤਰੀ ਨੇ ਕਿਹਾ ਕਿ ਅੌਟਿਜ਼ਮ ਤੋਂ ਪ੍ਰਭਾਵਿਤ ਬੱਚੇ ਅੰਤਰਮੁਖੀ ਸੁਭਾਅ ਦੇ ਹੋ ਜਾਂਦੇ ਹਨ। ਉਨ੍ਹਾਂ ਦੇ ਸਿੱਖਣ ਦੀ ਵੱਖਰੀ ਨਿਊਰੋਲੋਜੀ ਅਤੇ ਫਿਜ਼ਿਓਲੋਜੀ ਹੁੰਦੀ ਹੈ। ਅਜਿਹੇ ਬੱਚਿਆਂ ਦੀ ਮਾਨਸਿਕਤਾ ਉਨ੍ਹਾਂ ਦੀ ਮਾਵਾਂ ਬੜੇ ਹੀ ਚੰਗੇ ਢੰਗ ਨਾਲ ਸਮਝਦੀਆਂ ਹਨ ਅਤੇ ਉਨ੍ਹਾਂ ਨੂੰ ਜ਼ਿਹਨੀ ਤੌਰ ’ਤੇ ਮਜ਼ਬੂਤ ਕਰਕੇ ਸਮਾਜ ਵਿੱਚ ਆਪਣਾ ਵੱਖਰਾ ਸਥਾਨ ਬਣਾਉਣ ਦੇ ਕਾਬਲ ਬਣਾਉਂਦੀਆਂ ਹਨ। ਇਸ ਕੇਂਦਰ ਦੇ ਪੂਰੀ ਤਰ੍ਹਾਂ ਚੱਲਣ ਨਾਲ ਪੰਜਾਬ ਭਰ ਤੋਂ ਅਜਿਹੇ ਬੱਚਿਆਂ ਨੂੰ ਲੋੜੀਂਦਾ ਇਲਾਜ ਦੇਣ ਅਤੇ ਉਨ੍ਹਾਂ ਦੇ ਅੰਤਰਮੁਖੀ ਸੁਭਾਅ ਨੂੰ ਤਬਦੀਲ ਕਰਕੇ ਬਾਹਰੀ ਸਮਾਜ ਦੀ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਵਿੱਚ ਮਦਦ ਮਿਲੇਗੀ। ਸਪੀਚ ਥਰੈਪੀ, ਸੈਂਸਰੀ ਇੰਟੈਗ੍ਰੇਸ਼ਨ ਥਰੈਪੀ, ਪਲੇਅ ਥਰੈਪੀ ਅਤੇ ਕਲੀਨੀਕਲ ਅਸੈਸਮੈਂਟ ਰੂਮ ਨਾਲ ਅੱਜ ਸ਼ੁਰੂ ਹੋਈ ਓਪੀਡੀ ਸੇਵਾਵਾਂ ਦਾ ਭਵਿੱਖ ਵਿੱਚ ਹੋਰ ਵਿਸਥਾਰ ਕਰਕੇ ਅਗਲੇ ਪੱਧਰ ਦੀਆਂ ਸੇਵਾਵਾਂ ਅਤੇ ਖੋਜ ਇਸ ਸੰਸਥਾ ਨੂੰ ਪੰਜਾਬ ਦੀ ਕੇਂਦਰੀ ਸੰਸਥਾ ਵਜੋਂ ਉਭਾਰੇਗੀ।
ਮੰਤਰੀ ਨੇ ਡਾ. ਬੀਆਰ ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵੱਲੋਂ ਇਸ ਕੇਂਦਰ ਨੂੰ ਚਲਾਉਣ ਵਿੱਚ ਦਿਖਾਈ ਗੰਭੀਰਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਇਸ ਦੀ ਕਾਮਯਾਬੀ ਲਈ ਹਰ ਸੰਭਵ ਸਹਾਇਤਾ ਕਰੇਗਾ। ਇੱਥੇ ਸਿਖਲਾਈ, ਰਹਿਣ ਲਈ ਹੋਸਟਲ ਆਦਿ ਸੁਵਿਧਾਵਾਂ ਵੀ ਅਗਲੇ ਦਿਨਾਂ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਲ 2016 ਵਿੱਚ ਸੈਂਟਰ ਦੀ ਉਸਾਰੀ ਸ਼ੁਰੂ ਹੋਈ ਸੀ। ਇਸ ਦੇ ਦੇਰੀ ਨਾਲ ਕਾਰਜਸ਼ੀਲ ਹੋਣ ਪਿੱਛੇ ਪਿਛਲੀਆਂ ਸਰਕਾਰਾਂ ਦੀ ਉਦਾਸੀਨਤਾ ਭਾਰੂ ਰਹੀ ਪ੍ਰੰਤੂ ਹੁਣ ‘ਆਪ’ ਸਰਕਾਰ ਨੇ ਸੈਂਟਰ ਨੂੰ ਹਰ ਤਰ੍ਹਾਂ ਦੀ ਸੁੱਖ-ਸੁਵਿਧਾ ਨਾਲ ਲੈਸ ਕਰਕੇ, ਸੂਬੇ ਦੇ ਸਮੁੱਚੇ ਅੌਟਿਸਟਿਕ ਬੱਚਿਆਂ ਲਈ ਆਸ ਦੀ ਵੱਡੀ ਕਿਰਨ ਦੇ ਕੇਂਦਰ ਵਜੋਂ ਵਿਕਸਿਤ ਕਰੇਗੀ।
ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ, ਡਾਇਰੈਕਟਰ ਡਾ. ਅਵਨੀਸ਼ ਕੁਮਾਰ, ਮੈਡੀਕਲ ਕਾਲਜ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਵੀ ਹਾਜ਼ਰ ਸਨ।
ਉਨ੍ਹਾਂ ਅੌਟਿਸਟਿਕ ਬੱਚਿਆਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਐਲਨ ਮਸਕ ਅਤੇ ਥਾਮਸ ਐਡੀਸਨ ਦੀ ਪ੍ਰਸਿੱਧੀ ਤੋਂ ਅੱਜ ਹਰ ਕੋਈ ਵਾਕਿਫ਼ ਹੈ। ਇੱਕ ਦੁਨੀਆ ਦੇ ਸਫ਼ਲ ਕਾਰੋਬਾਰੀ ਵਜੋਂ ਨਾਮਾਣ ਖੱਟ ਰਿਹਾ ਹੈ ਅਤੇ ਦੂਜੇ ਨੇ ਬਲਬ ਦੀ ਖੋਜ ਕਰਕੇ ਆਪਣੀ ਜ਼ਹੀਨ ਬੁੱਧੀ ਦਾ ਲੋਹਾ ਮਨਵਾਇਆ ਸੀ। ਉਨ੍ਹਾਂ ਕਿਹਾ ਕਿ ਇਹ ਦੋਵੇ ਹੀ ਅੌਟਿਸਟਿਕ ਬਾਲ ਸਨ। ਥਾਮਸ ਐਡੀਸਨ ਦੀ ਮਾਂ ਨੇ ਸਕੂਲ ਵੱਲੋਂ ਆਪਣੇ ਬੱਚੇ ਦੀ ਬੁੱਧੀ ਬਾਰੇ ਭੇਜੇ ਨੋਟ ਨੂੰ ਸਾਰੀ ਉਮਰ ਲੁਕਾ ਕੇ ਆਪਣੇ ਪੁੱਤਰ ਨੂੰ ਇਸ ਮੁਕਾਮ ’ਤੇ ਪਹੁੰਚਾਇਆ ਕਿ ਉਹ ਦੁਨੀਆ ਦਾ ਮਹਾਨ ਸਾਇੰਸਦਾਨ ਅਤੇ ਖੋਜੀ ਹੋ ਕੇ ਉਭਰਿਆ।

Load More Related Articles
Load More By Nabaz-e-Punjab
Load More In General News

Check Also

ਡੀਪੀਆਈ ਵਿਰੁੱਧ ਗਲੀ ਗਲੋਚ ਤੇ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਕਰਮਚਾਰੀ ਖ਼ਿਲਾਫ਼ ਕਾਰਵਾਈ ਦੀ ਮੰਗ

ਡੀਪੀਆਈ ਵਿਰੁੱਧ ਗਲੀ ਗਲੋਚ ਤੇ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਕਰਮਚਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਐਸਸੀ/ਐਸਟੀ ਕਮ…