ਮੁਹਾਲੀ ਨਗਰ ਨਿਗਮ ਸ਼ਹਿਰ ਦੀਆਂ 7 ਵੱਡੀਆਂ ਪਾਰਕਾਂ ਵਿੱਚ ਲਗਾਏ ਓਪਨ ਏਅਰ ਜਿੰਮ

ਬੱਚਿਆਂ ਦੇ ਖੇਡਣ ਲਈ ਸਾਰੇ ਸੈਕਟਰਾਂ ਤੇ ਫੇਜ਼ਾਂ ਵਿੱਚ ਬਣਾਏ ਜਾਣਗੇ ਖੇਡ ਮੈਦਾਨ, ਰੁੱਖਾਂ ਦੀ ਸੰਭਾਲ ਲਈ ਟਰੀ ਗਾਰਡ ਲਗਾਉਣ ਦਾ ਫੈਸਲਾ

ਮੁਹਾਲੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ: ਮੇਅਰ ਕੁਲਵੰਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਸੱਤ ਵੱਡੀਆਂ ਪਾਰਕਾਂ ਵਿੱਚ ਓਪਨ ਏਅਰ ਜਿੰਮ ਸਥਾਪਿਤ ਕੀਤੇ ਜਾਣਗੇ ਅਤੇ ਸਮੂਹ ਪਾਰਕਾਂ ਵਿੱਚ ਸਥਾਪਿਤ ਕੀਤੀਆਂ ਲਾਇਬਰੇਰੀਆਂ ਵਿੱਚ ਰੋਜ਼ਾਨਾ ਵੱਖ ਵੱਖ ਅਖ਼ਬਾਰ, ਦੇਸ਼ ਭਗਤੀ ਅਤੇ ਸਾਹਿਤ ਦੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਫੈਸਲਾ ਵੀਰਵਾਰ ਨੂੰ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ।
ਮੀਟਿੰਗ ਵਿੱਚ ਇੱਥੋਂ ਦੇ ਸੈਕਟਰ-70, ਸੈਕਟਰ-71, ਫੇਜ਼-9, ਫੇਜ਼-7, ਫੇਜ਼-6, ਫੇਜ਼-11 ਅਤੇ ਉਦਯੋਗਿਕ ਖੇਤਰ ਫੇਜ਼-6 ਦੇ ਪਾਰਕਾਂ ਵਿੱਚ ਓਪਨ ਏਅਰ ਜਿੰਮ ਲਗਾਉਣ ਦਾ ਮਤਾ ਪਾਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਵਿਚਲੇ ਪਾਰਕਾਂ ਵਿੱਚ ਲੋੜੀਂਦੇ ਕੰਮਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਮੇਅਰ ਨੇ ਦੱਸਿਆ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸ਼ਹਿਰ ਦੇ ਹਰੇਕ ਫੇਜ਼ ਅਤੇ ਸੈਕਟਰ ਵਿੱਚ ਖੇਡ ਦੇ ਮੈਦਾਨ ਬਣਾਏ ਜਾਣਗੇ ਕਿਉਂਕਿ ਮੌਜੂਦਾ ਸਮੇਂ ਵਿੱਚ ਸਥਾਨਕ ਲੋਕ ਬੱਚਿਆਂ ਨੂੰ ਪਾਰਕਾਂ ਵਿੱਚ ਖੇਡਣ ਤੋਂ ਰੋਕਦੇ ਹਨ। ਇਸ ਸਬੰਧੀ ਪਿਛਲੀ ਮੀਟਿੰਗ ਮੀਟਿੰਗ ਅਕਾਲੀ ਕੌਂਸਲਰ ਕੁਲਦੀਪ ਕੌਰ ਕੰਗ ਨੇ ਵੀ ਇਹ ਮੁੱਦਾ ਚੁੱਕਿਆ ਸੀ।
ਉਧਰ, ਮੀਟਿੰਗ ਵਿੱਚ ਸ਼ਹਿਰ ਦੇ ਵੱਖ ਵੱਖ ਵਿਕਾਸ ਕਾਰਜਾਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਜਾਣ ਵਾਲੇ ਅਗਾਊਂ ਪ੍ਰਬੰਧਾਂ ਨਾਲ ਜੁੜੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ 2 ਨਵੇਂ ਟਿਊਬਵੈਲ ਲਗਾਉਣ, ਫਾਇਰ ਬ੍ਰਿਗੇਡ ਲਈ ਨਵੀਆਂ ਪਾਈਪਾਂ ਖਰੀਦਣ, ਰੁੱਖਾਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਟ੍ਰੀ ਗਾਰਡ ਲਗਾਉਣ ਸਬੰਧੀ ਵੱਖ ਵੱਖ ਮਤਿਆਂ ’ਤੇ ਮੋਹਰ ਲਗਾਈ ਹੈ। ਮੀਟਿੰਗ ਵਿੱਚ ਮੁੱਖ ਤੌਰ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਸਬੰਧੀ ਇੱਥੋਂ ਦੇ ਸੈਕਟਰ-60, ਸੈਕਟਰ-61, ਸੈਕਟਰ-70, ਸੈਕਟਰ-71 ਦੇ ਜੰਕਸ਼ਨਾਂ ’ਤੇ ਕਾਜਵੇਅ ਬਣਾਉਣ ਅਤੇ ਅੱਗੇ ਪਾਣੀ ਨੂੰ ਦੋਵੇਂ ਪਾਸੇ ਰੋਡ ਗਲੀਆਂ ਬਣਾ ਕੇ ਕੱਢਣ ਸਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਰਿਪੋਰਟ ਅਨੁਸਾਰ 14.96 ਲੱਖ ਰੁਪਏ ਦੀ ਲਾਗਾਤ ਨਾਲ ਕਾਜਵੇਅ ਦੀ ਉਸਾਰੀ ਕਰਨ, ਫੇਜ਼-3ਬੀ2, ਫੇਜ਼-11, ਫੇਜ਼-2, ਸੈਕਟਰ-70, ਪਿੰਡ ਸ਼ਾਹੀਮਾਜਰਾ ਦੀ ਫਿਰਨੀ, ਫੇਜ਼-3ਏ ਵਿੱਚ ਸੀਵਰ ਲਾਈਨਾਂ ਦੀ ਸਫ਼ਾਈ ਕਰਵਾਉਣ, ਫੇਜ਼-1 ਦੇ ਨੀਵੇ ਇਲਾਕਿਆਂ ਵਿੱਚ ਇਕੱਤਰ ਹੋਣ ਵਾਲੇ ਪਾਣੀ ਦੀ ਨਿਕਾਸੀ ਲਈ ਪੰਪਿੰਗ ਦਾ ਪ੍ਰਬੰਧ ਕਰਨਾ, ਫੇਜ਼-6 ਵਿੱਚ ਸੀਵਰ ਦੀ ਨਵੀਂ ਪਾਈਪ ਪਾਉਣ, ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਪੇਵਰ ਬਲਾਕਾਂ ਦੀ ਉਸਾਰੀ ਕਰਨ, ਪਾਰਕਾਂ ਵਿੱਚ ਸੀਮਿੰਟ ਦੇ ਬੈਂਚ ਲਗਾਉਣ ਅਤੇ ਡੇਂਗੂ ਤੇ ਚਿਕਨਗੁਣੀਆਂ ਦੀ ਰੋਕਥਾਮ ਲਈ ਸ਼ਹਿਰ ਵਿੱਚ ਫੌਗਿੰਗ ਲਈ ਲੋੜੀਂਦੀ ਦਵਾਈ ਖਰੀਦਣ ਸਮੇਤ ਫੇਜ਼ ਅਤੇ ਸੈਕਟਰ ਵਾਈਜ਼ ਸ਼ਡਿਊਲ ਤੈਅ ਕੀਤਾ ਗਿਆ।
ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਡਿਪਟੀ ਮੇਅਰ ਮਨਜੀਤ ਸਿੰਘ, ਕਮਿਸ਼ਨਰ ਸੰਦੀਪ ਹੰਸ, ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ, ਐਕਸੀਅਨ ਨਰਿੰਦਰ ਸਿੰਘ ਦਾਲਮ, ਕੌਂਸਲਰ ਫੂਲਰਾਜ ਸਿੰਘ ਤੇ ਅਮਰੀਕ ਸਿੰਘ ਸੋਮਲ ਸਮੇਤ ਨਗਰ ਨਿਗਮ ਦੇ ਸਬੰਧਤ ਬ੍ਰਾਂਚਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …