nabaz-e-punjab.com

ਐਸਜੀਪੀਸੀ ਮੈਂਬਰ ਹਰਦੀਪ ਸਿੰਘ ਦੇ ਵਿਰੋਧ ਕਾਰਨ ਗੁਰੂਘਰ ਦੀ ਜ਼ਮੀਨ ਦੀ ਖੁੱਲ੍ਹੀ ਬੋਲੀ ਰੱਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਜ਼ਾਦ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਵੱਲੋਂ ਸਖ਼ਤ ਵਿਰੋਧ ਕੀਤੇ ਜਾਣ ਕਾਰਨ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਨੇੜਲੇ ਪਿੰਡ ਭਾਗੋਮਾਜਰਾ ਵਿੱਚ ਜ਼ਮੀਨ ਦੀ ਅੱਜ ਹੋਣ ਵਾਲੀ ਖੁੱਲ੍ਹੀ ਬੋਲੀ ਰੱਦ ਕਰਨੀ ਪਈ। ਗੁਰਦੁਆਰਾ ਅੰਬ ਸਾਹਿਬ ਦੀ ਪਿੰਡ ਭਾਗੋਮਾਜਰਾ ਵਿੱਚ ਕਰੀਬ ਦੋ ਕਨਾਲ ਜ਼ਮੀਨ ਨੂੰ ਅੱਜ ਖੁੱਲ੍ਹੀ ਬੋਲੀ ਰਾਹੀਂ ਵੇਚਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਸਨ ਅਤੇ ਇਸ ਸਬੰਧੀ ਸਾਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਸਨ। ਇਸ ਮੰਤਵ ਲਈ ਅੱਜ ਲੋਕਲ ਜਾਇਦਾਦ ਸਬ ਕਮੇਟੀ ਦੇ ਮੈਂਬਰਾਂ ਸਮੇਤ ਐਸਜੀਪੀਸੀ ਦਫ਼ਤਰ ’ਚੋਂ ਵੀ ਅਮਲਾ ਪਹੁੰਚ ਗਿਆ ਸੀ।
ਇਸ ਸਬੰਧੀ ਜਾਣਕਾਰੀ ਮਿਲਣ ’ਤੇ ਭਾਈ ਹਰਦੀਪ ਸਿੰਘ ਨੇ ਤੁਰੰਤ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਹੋਰ ਸੀਨੀਅਰ ਆਗੂਆਂ ਨਾਲ ਤਾਲਮੇਲ ਕਰਕੇ ਇਹ ਜ਼ਮੀਨ ਨਾ ਵੇਚਣ ਦੀ ਬੇਨਤੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਦੋ ਕਨਾਲ ਜ਼ਮੀਨ ਨੂੰ ਸ਼੍ਰੋਮਣੀ ਕਮੇਟੀ ਵੱਲੋਂ ੨੦੧੩ ਵਿੱਚ ਅਤੇ ਅਕਤੂਬਰ ੨੦੧੯ ਵਿੱਚ ਵੀ ਵੇਚਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਵਿਰੋਧ ਕੀਤੇ ਜਾਣ ਤੇ ਦੋਵੇਂ ਵਾਰ ਇਹ ਬੋਲੀ ਰੋਕਣੀ ਪਈ ਸੀ। ਹੁਣ ਇੱਕ ਵਾਰ ਫੇਰ ਇਹ ਜ਼ਮੀਨ ਵੇਚਣ ਲਈ ਇਸ਼ਤਿਹਾਰ ਦਿੱਤਾ ਗਿਆ ਸੀ ਤੇ ਅੱਜ ਇਹ ਬੋਲੀ ਹੋਣੀ ਸੀ।
ਸਰਦਾਰ ਹਰਦੀਪ ਸਿੰਘ ਨੇ ਦੱਸਿਆ ਕੇ ਗੁਰਦੁਆਰਾ ਅੰਬ ਸਾਹਿਬ ਦੀ ਤਿੰਨ ਥਾਵਾਂ ਤੇ ਜ਼ਮੀਨ ਹੈ ਪਹਿਲੀ ਫੇਜ਼ ਅੱਠ ਵਿਖੇ ਜਿੱਥੇ ਗੁਰਦੁਆਰਾ ਸਾਹਿਬ ਸਥਿਤ ਹੈ। ਦੂਸਰੀ ਪਿੰਡ ਪ੍ਰੇਮਗੜ੍ਹ ਸੈਣੀਮਾਜਰਾ ਅਤੇ ਤੀਸਰੀ ਪਿੰਡ ਭਾਗੋਮਾਜਰਾ ਵਿਖੇ ਸਥਿੱਤ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਸ਼੍ਰੋਮਣੀ ਕਮੇਟੀ ਦਾਨ ਵਿੱਚ ਪ੍ਰਾਪਤ ਹੋਈ ਗੁਰਦੁਆਰਾ ਸਾਹਿਬ ਦੀ ਜ਼ਮੀਨਾਂ ਨੂੰ ਖੁਰਦ ਬੁਰਦ ਕਰਨ ਲਈ ਕਿਉਂ ਕਾਲੀ ਹੋਈ ਰਹਿੰਦੀ ਹੈ। ਸੰਗਤ ਦੇ ਭਾਰੀ ਵਿਰੋਧ ਕਰਕੇ ਸੰਨ ੨੦੧੦ ਵਿਚ ਗੁਰਦੁਆਰਾ ਸਾਹਿਬ ਦੀ ਫੇਸ ਅੱਠ ਵਿਚਲੀ ਜ਼ਮੀਨ ਬਚਾ ਲਈ ਗਈ ਸੀ ਅਤੇ ਚਾਰਦੀਵਾਰੀ ਕਰਵਾ ਦਿੱਤੀ ਗਈ ਸੀ। ਪਰ ਉਦੋਂ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਮੱਕੜ ਨੇ ਪਿੰਡ ਸੈਣੀ ਮਾਜਰਾ ਵਿਚਲੀ ਗਿਆਰਾਂ ਏਕੜ ਜ਼ਮੀਨ ਸਰਕਾਰ ਕੋਲ ਅਕਵਾਇਰ ਕਰਵਾ ਦਿੱਤੀ ਗਈ ਸੀ ਅਤੇ ਉਹ ਪੈਸੇ ਇਲਾਕੇ ਤੋਂ ਬਾਹਰ ਖ਼ਰਚ ਕੀਤੇ ਗਏ ਸਨ।
ਹਰਦੀਪ ਸਿੰਘ ਨੇ ਦੱਸਿਆ ਕੇ ਕੁਝ ਮਹੀਨੇ ਪਹਿਲਾਂ ਪਿੰਡ ਪ੍ਰੇਮਗੜ੍ਹ ਸੈਣੀਮਾਜਰਾ ਵਿੱਚ ਬਕਾਇਆ ਸਾਢੇ ਬਾਰਾਂ ਏਕੜ ਜ਼ਮੀਨ ਦੇ ਨੋਟਿਸਾਂ ਦਾ ਜਵਾਬ ਨਾ ਦੇ ਕੇ ਜ਼ਮੀਨ ਅਕੁਆਇਰ ਕਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸੀ। ਪਰ ਉਨ੍ਹਾਂ ਵੱਲੋਂ ਵੱਲੋਂ ਬੀਬੀ ਜਗੀਰ ਕੌਰ ਨੂੰ ਇਹ ਜ਼ਮੀਨ ਬਚਾਉਣ ਦਾ ਸੁਝਾਅ ਦਿੱਤਾ ਗਿਆ ਤਾਂ ਜੋ ਇਸ ਜਗ੍ਹਾ ਪੁਰ ਹਸਪਤਾਲ ਆਦਿਕ ਬਣਵਾਇਆ ਜਾ ਸਕੇ। ਬੀਬੀ ਜਗੀਰ ਕੌਰ ਨੇ ਹਾਂ ਪੱਖੀ ਹੁੰਗਾਰਾ ਦਿੰਦੇ ਹੋਏ ਇਸ ਸਬੰਧੀ ਯਤਨ ਅਰੰਭੇ ਅਤੇ ਇਸ ਵਕਤ ਇਹ ਜ਼ਮੀਨ ਅਕੁਆਇਰ ਹੋਣ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਦੀ ਮੁੱਖ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ। ਭਾਗੋਮਾਜਰਾ ਵਿਚਲੀ ਜ਼ਮੀਨ ਜੋ ਕਿ ਦੋ ਵਾਰ ਖੁੱਲ੍ਹੀ ਬੋਲੀ ਰਾਹੀਂ ਵੇਚਣ ਤੋਂ ਰੋਕੀ ਜਾ ਚੁੱਕੀ ਸੀ ਉਸ ਨੂੰ ਹਰਦੀਪ ਸਿੰਘ ਤੋਂ ਬਿਨਾਂ ਬਾਕੀ ਜਾਇਦਾਦ ਸਬ ਕਮੇਟੀ ਦੇ ਮੈਂਬਰਾਂ ਵੱਲੋਂ ਵੇਚਣ ਦੀ ਹਾਮੀ ਭਰਨ ਤੋਂ ਬਾਅਦ ਹੀ ਅੱਜ ਦੀ ਖੁੱਲ੍ਹੀ ਬੋਲੀ ਰੱਖੀ ਗਈ ਸੀ।
ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਨੇ ਕਿਹਾ ਕਿ ਉਸ ਜਗ੍ਹਾ ਉੱਪਰ ਵੀ ਨੇੜਲੇ ਪਿੰਡਾਂ ਦੀ ਸਹੂਲਤ ਲਈ ਡਿਸਪੈਂਸਰੀ ਡਾਇਗਨੋਸਟਿਕ ਸੈਂਟਰ ਬਣਾਇਆ ਜਾ ਸਕਦਾ ਹੈ। ਇਸ ਜ਼ਮੀਨ ਸਬੰਧੀ ਤਾਂ ਸ਼੍ਰੋਮਣੀ ਕਮੇਟੀ ਇਹ ਵੀ ਬਹਾਨਾ ਨਹੀਂ ਲਗਾ ਸਕਦੀ ਕਿ ਸਰਕਾਰ ਅਕੁਆਇਰ ਕਰ ਰਹੀ ਹੈ ਅਸੀਂ ਕੀ ਕਰੀਏ। ਸਰਦਾਰ ਹਰਦੀਪ ਸਿੰਘ ਨੇ ਸੁਝਾਅ ਦਿੱਤਾ ਕਿ ਇਸ ਜ਼ਮੀਨ ਸਬੰਧੀ ਗਮਾਡਾ ਨੂੰ ਪਹੁੰਚ ਕਰ ਕੇ ਇਹ ਦੋ ਕਨਾਲ ਵੀ ਸਾਢੇ ਬਾਰਾਂ ਏਕੜ ਜ਼ਮੀਨ ਨਾਲ ਇਕੱਠੇ ਕੀਤੇ ਜਾ ਸਕਦੇ ਹਨ। ਜ਼ਮੀਨ ਵੇਚ ਕੇ ਉਸ ਪੈਸੇ ਨਾਲ ਮੁੜ ਕੇ ਜ਼ਮੀਨ ਇਸ ਇਲਾਕੇ ਵਿਚ ਨਹੀਂ ਲਈ ਜਾ ਸਕਦੀ ਅਤੇ ਗੁਰਦੁਆਰਾ ਸਾਹਿਬ ਦਾ ਨੁਕਸਾਨ ਹੋਵੇਗਾ ਇਸ ਲਈ ਇਸ ਜ਼ਮੀਨ ਨੂੰ ਨਹੀਂ ਵੇਚਿਆ ਜਾਣਾ ਚਾਹੀਦਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …