nabaz-e-punjab.com

ਭਾਰਤ-ਪਾਕਿ ਸਰਹੱਦ ਖੱੁਲ੍ਹਣ ਨਾਲ ਪੰਜਾਬ ਨੂੰ ਹੋਵੇਗਾ ਚੋਖਾ ਲਾਭ: ਕੈਪਟਨ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਵੱਲੋਂ ਜਸਟਿਨ ਟਰੂਡੋ ਦਾ ਪੰਜਾਬ ਆਉਣ ’ਤੇ ਸਵਾਗਤ ਪਰ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਤਾਕਤਾਂ ’ਤੇ ਕਾਬੂ ਪਾਉਣ ’ਤੇ ਜ਼ੋਰ

ਲਾਹੌਰ ਵਿੱਚ ਰਾਤਰੀ ਭੋਜਨ ਅਤੇ ਅੰਮ੍ਰਿਤਸਰ ਵਿੱਚ ਦੁਪਹਿਰ ਦੇ ਭੋਜਨ ਦਾ ਸੁਪਨਾ ਸਾਕਾਰ ਦੀ ਉਮੀਦ ਜ਼ਾਹਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 7 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੰਜਾਬ ਆਉਣ ’ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕੈਨੇਡਾ ਦੀ ਧਰਤੀ ਤੋਂ ਭਾਰਤ ਵਿਰੋਧੀ ਖਾਲਿਸਤਾਨੀ ਪੱਖੀ ਤਾਕਤਾਂ ’ਤੇ ਕਾਬੂ ਪਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਟਰੂਡੋ ਦਾ ਸੁਆਗਤ ਹੈ ਪਰ ਅਸੀਂ ਸਿੱਖਜ਼ ਫਾਰ ਜਸਟਿਸ ਵਰਗੀਆਂ ਤਾਕਤਾਂ ਦੀਆਂ ਧਮਕੀਆਂ ਅੱਗੇ ਝੁਕਣ ਵਾਲੇ ਨਹੀਂ ਹਾਂ। ਉਨ੍ਹਾਂ ਨੇ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਰੈਫਰੈਂਡਮ ਦੇ ਲਾਏ ਭੜਕਾਊ ਪੋਸਟਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨਾਲ ਸਿੱਝਣ ਦੀ ਦਿੱਤੀ ਧਮਕੀ ਨੂੰ ਬੇਤੁੱਕੀ ਦੱਸਦਿਆਂ ਰੱਦ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਇਹ ਪ੍ਰਤੀਕਰਮ ਅੱਜ ਇੱਥੇ ਇੰਡੀਅਨ ਐਕਸਪ੍ਰੈਸ ਅੱਡਾ ਪ੍ਰੋਗਰਾਮ ਦੌਰਾਨ ਪੁੱਛੇ ਸੁਆਲ ਦੇ ਜੁਆਬ ਵਿੱਚ ਦਿੱਤਾ। ਇਸ ਪ੍ਰੋਗਰਾਮ ਦੌਰਾਨ ਕੌਮੀ ਅਤੇ ਸੂਬਾਈ ਹਿੱਤ ਜਿਨ੍ਹਾਂ ਵਿੱਚ ਭਾਰਤ-ਪਾਕਿ ਸਬੰਧ, ਜੀ.ਐਸ.ਟੀ., ਸਤਲੁਜ ਯਮੁਨਾ ਲਿੰਕ ਨਹਿਰ, ਕਿਸਾਨ ਕਰਜ਼ਾ ਮੁਆਫੀ, ਨਸ਼ੇ, ਬੇਰੁਜ਼ਗਾਰੀ, ਰਾਸ਼ਟਰਪਤੀ ਚੋਣਾਂ, ਕਾਂਗਰਸ ਦੇ ਭਵਿੱਖ ਸਮੇਤ ਹੋਰ ਮਸਲੇ ਸ਼ਾਮਲ ਸਨ।
ਭਾਰਤ-ਪਾਕਿ ਸਰਹੱਦ ਖੁੱਲ੍ਹਣ ’ਤੇ ਪੰਜਾਬ ਨੂੰ ਬਹੁਤ ਜ਼ਿਆਦਾ ਲਾਭ ਹੋਣ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਲਾਹੌਰ (ਪਾਕਿਸਤਾਨ) ਵਿੱਚ ਰਾਤਰੀ ਭੋਜਨ ਅਤੇ ਅੰਮ੍ਰਿਤਸਰ (ਭਾਰਤ) ਵਿੱਚ ਦੁਪਹਿਰ ਦੀ ਰੋਟੀ ਦਾ ਸੁਪਨਾ ਇਕ ਦਿਨ ਹਕੀਕਤ ਵਿੱਚ ਬਦਲੇਗਾ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦੇ ਲੋਕ ਬਾਹਾਂ ਖੋਲ੍ਹ ਕੇ ਇਕ-ਦੂਜੇ ਦਾ ਨਿੱਘਾ ਸੁਆਗਤ ਕਰਦੇ ਹਨ ਪਰ ਸਮੱਸਿਆ ਤਾਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਦੇ ਪੱਧਰ ’ਤੇ ਹੈ। ਮੁੱਖ ਮੰਤਰੀ ਨੇ ਪ੍ਰੋਗਰਾਮ ਵਿੱਚ ਹਾਜ਼ਰ ਸ਼ਖਸੀਅਤਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਸਾਲ ਅਗਸਤ ਮਹੀਨੇ ਵਿੱਚ 1947 ਦੀ ਵੰਡ ਨੂੰ ਦਰਸਾਉਂਦਾ ਮਿਊਜ਼ੀਅਮ ਸਮਰਪਿਤ ਕਰ ਦਿੱਤਾ ਜਾਵੇਗਾ। ਜੀਐਸਟੀ ਬਾਰੇ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ 5000-6000 ਕਰੋੜ ਜਾਂ ਵੱਧ ਪੈਸਾ ਹਾਸਲ ਹੋਵੇਗਾ। ਨਵੇਂ ਟੈਕਸ ਢਾਂਚੇ ’ਤੇ ਕਾਂਗਰਸ ਵੱਲੋਂ ਵਿਰੋਧ ਕਰਨ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਧ ਸਲੈਬ ਹੋਣ ਦੇ ਹੱਕ ਵਿੱਚ ਨਹੀਂ ਹੈ ਅਤੇ ਉਹ 18 ਫੀਸਦੀ ਤੱਕ ਵੱਧ ਤੋਂ ਵੱਧ ਦੋ ਸਲੈਬ ਚਾਹੁੰਦੇ ਸਨ। ਹਾਲਾਂਕਿ ਕੇਂਦਰ ਸਰਕਾਰ ਨੇ ਵੱਧ ਤੋਂ ਵੱਧ ਸਲੈਬ ਦੀ ਹੱਦ 48 ਫੀਸਦੀ ਤੱਕ ਮਿੱਥ ਦਿੱਤੀ ਹੈ।
ਇੰਡੀਅਨ ਐਕਸਪ੍ਰੈਸ ਅਖਬਾਰ ਦੀ ਕੌਮੀ ਰਾਏ ਸੰਪਾਦਕ ਵੰਦਿਤਾ ਮਿਸ਼ਰਾ ਨਾਲ ਗੱਲਬਾਤ ਦੌਰਾਨ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਵਿੱਤੀ ਮੰਦਹਾਲੀ ਦਾ ਸਾਹਮਣਾ ਕਰ ਰਹੇ ਸੂਬੇ ਦੀ ਕੇਂਦਰ ਸਰਕਾਰ ਵੱਲੋਂ ਬਾਂਹ ਨਾ ਫੜਨਾ ਕਿਸਾਨਾਂ ਦਾ 69,000 ਕਰੋੜ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦੇ ਰਾਹ ਵਿੱਚ ਅੜਿੱਕਾ ਬਣ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਆਰਥਿਕ ਮੰਦੀ ਨਾਲ ਜੂਝ ਰਹੇ ਸੂਬੇ ਨੂੰ ਉਨ੍ਹਾਂ ਦੀ ਸਰਕਾਰ ਮੁੜ ਪੱਟੜੀ ’ਤੇ ਲਿਆਉਣ ਲਈ ਵਚਨਬੱਧ ਹੈ ਅਤੇ ਪਹਿਲੇ 100 ਦਿਨ 33 ਫੀਸਦੀ ਮਾਲੀਆ ਵਧਾਉਣ ਵਿੱਚ ਸਫਲ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਬਜਟ ਵਿੱਚ 1500 ਕਰੋੜ ਰੁਪਏ ਰੱਖੇ ਹਨ। ਜਿੱਥੋਂ ਤੱਕ ਆੜ੍ਹਤੀਆਂ ਦੇ ਕਰਜ਼ੇ ਦਾ ਸਬੰਧ ਹੈ, ਇਸ ਬਾਰੇ ਕਰਜ਼ੇ ਦੀ ਅਸਲ ਰਕਮ ਦਾ ਪਤਾ ਲਾਉਣਾ ਅੌਖਾ ਹੈ ਕਿਉਂਕਿ ਇਹ ਕਿਤਾਬਾਂ ਵਿੱਚ ਦਰਜ ਨਹੀਂ ਹੁੰਦਾ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਦਾ ਪਤਾ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਕਿਸਾਨਾਂ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਪੈਦਾਵਾਰ ਵਧਾਉਣ ਅਤੇ ਖੇਤੀ ਆਮਦਨ ਵਿੱਚ ਵਾਧਾ ਕਰਨ ਲਈ ਜੀ.ਐਮ. ਫਸਲਾਂ ਦੀ ਵਕਾਲਤ ਕੀਤੀ।
ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਦੇ ਲੋਕਾਂ ਨੂੰ ਪਾਣੀ ਤੋਂ ਵਾਂਝਾ ਕਰਨ ਦਾ ਕੋਈ ਵੀ ਕਦਮ ਚੁੱਕਿਆ ਗਿਆ ਤਾਂ ਇਸ ਨਾਲ ਮੁੜ ਅਤਿਵਾਦ ਸੁਰਜੀਤ ਹੋ ਜਾਵੇਗਾ। ਉਨ੍ਹਾਂ ਨੇ ਇਸ ਸਬੰਧ ਵਿੱਚ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਵਿੱਚ ਪਾਣੀ ਦੀ ਮੌਜੂਦਗੀ ਦਾ ਪਤਾ ਲਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕੌਮੀ ਹਿੱਤ ਵਿੱਚ ਇਸ ਨਾਜ਼ੁਕ ਮੁੱਦੇ ਨੂੰ ਆਪਸੀ ਗੱਲਬਾਤ ਰਾਹੀਂ ਸੁਲਝਾਉਣ ਦਾ ਸੱਦਾ ਦਿੱਤਾ। ਹਾਲ ਹੀ ਸਾਲਾਂ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਤਰਾਅ-ਚੜ੍ਹਾਅ ਜਮਹੂਰੀਅਤ ਦਾ ਹਿੱਸਾ ਹੈ ਜੋ ਸਿਆਸੀ ਪਾਰਟੀਆਂ ਨੂੰ ਸੰਜਮ ਵਿੱਚ ਰੱਖਣ ਲਈ ਮਦਦਗਾਰ ਹੁੰਦਾ ਹੈ। ਉਨ੍ਹਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਰਾਹੁਲ ਗਾਂਧੀ ਦਾ ਭਵਿੱਖ ਮਜ਼ਬੂਤ ਹੈ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ ਵਾਪਸੀ ਕਰੇਗੀ। ਮੁੱਖ ਮੰਤਰੀ ਨੇ ਵੱਖ-ਵੱਖ ਸੂਬਿਆਂ ਵਿੱਚ ਮਜ਼ਬੂਤ ਆਧਾਰ ਰੱਖਦੀਆਂ ਸਿਆਸੀ ਪਾਰਟੀਆਂ ਨੂੰ ਮੁਕਾਬਲਾ ਦੇਣ ਲਈ ਕਾਂਗਰਸ ਪਾਰਟੀ ਵੱਲੋਂ ਖੇਤਰੀ ਨੇਤਾਵਾਂ ਨੂੰ ਉਭਾਰਨ ਦਾ ਸੁਝਾਅ ਦਿੱਤਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…