
ਹੈਵੀ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਮੁਹਾਲੀ ਵਿੱਚ ਟੈੱਸਟ ਕੇਂਦਰ ਖੋਲ੍ਹਣ ਦੀ ਮੰਗ
ਯੂਥ ਆਫ਼ ਪੰਜਾਬ ਦੇ ਚੇਅਰਮੈਨ ਦੀ ਅਗਵਾਈ ਹੇਠ ਵਫ਼ਦ ਨੇ ਪੀਆਰਟੀਸੀ ਦੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਦਸੰਬਰ:
ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਹੇਠ ਨੌਜਵਾਨਾਂ ਦੇ ਵਫ਼ਦ ਨੇ ਪੀਆਰਟੀਸੀ ਦੇ ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਕਿ ਹੈਵੀ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਮੁਹਾਲੀ ਵਿੱਚ ਟੈੱਸਟ ਕੇਂਦਰ ਬਣਾਇਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਾਹਨਾਂ ’ਤੇ ਸਕਿਉਰਿਟੀ ਨੰਬਰ ਪਲੇਟ ਲਗਾਉਣ ਲਈ ਵੀ ਮੁਹਾਲੀ ਸ਼ਹਿਰ ਵਿੱਚ ਕੇਂਦਰ ਸਥਾਪਿਤ ਕੀਤਾ। ਮੌਜੂਦਾ ਸਮੇਂ ਵਾਹਨਾਂ ਚਾਲਕਾਂ ਨੂੰ ਨੰਬਰ ਪਲੇਟ ਲਈ ਸ਼ਹਿਰ ਤੋਂ ਦੂਰ ਪਿੰਡ ਭਾਗੋਮਾਜਰਾ ਜਾਣਾ ਪੈਂਦਾ ਹੈ।
ਇਸ ਮੌਕੇ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਮੁਹਾਲੀ ਸਮੇਤ ਪੰਜਾਬ ਦੇ ਨੌਜਵਾਨਾਂ ਨੂੰ ਹੈਵੀ ਲਾਇਸੈਂਸ ਬਣਾਉਣ ਲਈ ਮਹੂਆਣਾ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਟੈੱਸਟ ਕੇਂਦਰ ਵਿੱਚ ਜਾਣਾ ਪੈਂਦਾ ਹੈ ਅਤੇ ਉੱਥੇ ਜਾ ਕੇ ਨੌਜਵਾਨਾਂ ਅਤੇ ਆਮ ਵਿਅਕਤੀਆਂ ਨੂੰ ਕਾਫ਼ੀ ਖੱਜਲ-ਖੁਆਰ ਹੋਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਹੈਵੀ ਲਾਇਸੈਂਸ ਬਣਾਉਣ ਲਈ ਇਕ ਟੈੱਸਟ ਕੇਂਦਰ ਮੁਹਾਲੀ ਵਿੱਚ ਬਣਾਇਆ ਜਾਵੇ।
ਇਸ ਮੌਕੇ ਪੀਆਰਟੀਸੀ ਦੇ ਚੇਅਰਮੈਨ ਜ਼ੈਲਦਾਰ ਚੈੜੀਆਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿਲ ਕੇ ਇਕ ਟੈੱਸਟ ਕੇਂਦਰ ਮੁਹਾਲੀ ਵਿੱਚ ਬਣਾਉਣ ਲਈ ਯੋਗ ਪੈਰਵੀ ਕਰਨਗੇ। ਇਸ ਮੌਕੇ ਯੂਥ ਆਫ਼ ਪੰਜਾਬ ਦੇ ਮੀਤ ਪ੍ਰਧਾਨ ਬੱਬੂ ਮੁਹਾਲੀ, ਚੀਫ਼ ਕੁਆਰਡੀਨੇਟਰ ਜਗਵਿੰਦਰ ਸਿੰਘ ਧਨੋਆ, ਕੈਸ਼ੀਅਰ ਗੁਰਦੀਪ ਸਿੰਘ ਵਿੱਕੀ, ਮਨਵੀਰ ਸਿੰਘ ਬੈਦਵਾਨ, ਪ੍ਰਿਤਪਾਲ ਸਿੰਘ ਬੈਦਵਾਨ, ਜ਼ਿਲ੍ਹਾ ਪ੍ਰਧਾਨ ਗੁਰਜੀਤ ਮਟੌਰ, ਅਸ਼ੀਸ਼ ਕੁਮਾਰ, ਹਰਪ੍ਰੀਤ ਸਿੰਘ ਬਿੱਲਾ (ਸਹਾਇਕ ਚੇਅਰਮੈਨ ਚੈੜੀਆਂ) ਮੌਜੂਦ ਸਨ।