Share on Facebook Share on Twitter Share on Google+ Share on Pinterest Share on Linkedin ਗਮਾਡਾ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਕੇ ਵਾਹਨਾਂ ਦੀ ਰਿਪੇਅਰ ਲਈ ਵਰਕਸ਼ਾਪ ਖੋਲ੍ਹੀ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਪਿੰਡ ਦੀ ਫਿਰਨੀ ਵੀ ਟੁੱਟੀ, ਲੋਕ ਪ੍ਰੇਸ਼ਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ: ਰਸੂਖਵਾਨਾਂ ਵੱਲੋਂ ਸਰਕਾਰੀ ਥਾਵਾਂ ਉੱਤੇ ਨਾਜਾਇਜ਼ ਕਬਜ਼ੇ ਕਰਨ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਤਾਜਾ ਮਾਮਲਾ ਸੈਕਟਰ-66ਏ ਅਤੇ ਪਿੰਡ ਕੰਬਾਲੀ ਦੇ ਨੇੜੇ ਬਣੇ ਗਮਾਡਾ ਦੇ ਐਲਆਈਜੀ ਫਲੈਟਾਂ ਦੇ ਨਾਲ ਪਈ ਗਮਾਡਾ ਦੀ ਕਰੀਬ ਇਕ ਏਕੜ ਖਾਲੀ ਥਾਂ ਉਪਰ ਕੁਝ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ ਕਬਜੇ ਦਾ ਹੈ। ਗਮਾਡਾ ਦੀ ਕਾਰਗੁਜ਼ਾਰੀ ਦਾ ਹਾਲ ਇਹ ਹੈ ਕਿ ਜੇ ਕੋਈ ਗਰੀਬ ਬੰਦਾ ਗਮਾਡਾ ਦੀ ਜ਼ਮੀਨ ਉਪਰ ਕੋਈ ਝੌਂਪੜੀ ਪਾ ਲੈਂਦਾ ਹੈ ਜਾਂ ਕਿਸਾਨ ਆਪਣੇ ਖੇਤਾਂ ਵਿੱਚ ਮੋਟਰ ਲਈ ਕੋਠਾ ਉਸਾਰ ਲੈਂਦੇ ਹਨ ਤਾਂ ਗਮਾਡਾ ਵੱਲੋਂ ਇਨ੍ਹਾਂ ਨੂੰ ਨਾਜਾਇਜ਼ ਕਬਜ਼ਾ ਕਹਿ ਕੇ ਢਾਹ ਦਿੱਤਾ ਜਾਂਦਾ ਹੈ, ਪਰ ਗਮਾਡਾ ਦੀ ਕਰੋੜਾਂ ਰੁਪਏ ਦੀ ਖਾਲੀ ਪਈ ਜ਼ਮੀਨ ਉਪਰ ਰਸੂਖਵਾਨਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਲਈ ਗਮਾਡਾ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਸੈਕਟਰ-66ਏ ਅਤੇ ਪਿੰਡ ਕੰਬਾਲੀ ਦੇ ਨੇੜੇ ਬਣੇ ਗਮਾਡਾ ਦੇ ਐਲਆਈਜੀ ਫਲੈਟਾਂ ਦੇ ਨਾਲ ਪਈ ਗਮਾਡਾ ਦੀ ਕਰੀਬ ਇਕ ਏਕੜ ਖਾਲੀ ਥਾਂ ਵਿੱਚ ਕੁਝ ਲੋਕਾਂ ਵੱਲੋਂ ਜੇਸੀਬੀ, ਰੋਡ ਰੋਲਰ, ਬੋਰਿੰਗ ਮਸ਼ੀਨਾਂ ਅਤੇ ਹੋਰ ਵੱਡੀਆਂ ਮਸ਼ੀਨਾਂ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਗਮਾਡਾ ਦੀ ਇਸ ਲਗਭਗ ਇਕ ਏਕੜ ਖਾਲੀ ਥਾਂ ਵਿੱਚ ਕੁਝ ਵਿਅਕਤੀਆਂ ਵੱਲੋਂ ਜੇਸੀਬੀ, ਰੋਡ ਰੋਲਰ, ਬੋਰਿੰਗ ਮਸ਼ੀਨਾਂ ਅਤੇ ਹੋਰ ਵੱਡੀਆਂ ਮਸ਼ੀਨਾਂ ਦੀ ਰਿਪੇਅਰ ਦਾ ਕੰਮ ਕੀਤਾ ਜਾਂਦਾ ਹੈ। ਇਨ੍ਹਾਂ ਮਸ਼ੀਨਾਂ ਦੇ ਰਿਪੇਅਰ ਅਤੇ ਇਨ੍ਹਾਂ ਨੂੰ ਲਗਾਤਾਰ ਚਲਾਏ ਜਾਣ ਵੇਲੇ ਬਹੁਤ ਸ਼ੋਰ ਸ਼ਰਾਬਾ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਮਸ਼ੀਨਾਂ ਦੀ ਰਿਪੇਅਰ ਲਈ ਲੀਵਰ ਨਾਲ ਧਰਤੀ ਵਿੱਚ ਖੱਡੇ ਵੀ ਕੀਤੇ ਜਾਂਦੇ ਹਨ। ਜਿਸ ਕਾਰਨ ਧਰਤੀ ਵਿੱਚ ਬਹੁਤ ਭਾਰੀ ਕੰਬਨੀ ਪੈਦਾ ਹੁੰਦੀ ਹੈ। ਇਸ ਥਾਂ ਤੇ ਵੱਡੇ ਟਰੱਕ ਅਤੇ ਟਿੱਪਰ ਆਦਿ ਦੀ ਵੀ ਮੁਰੰਮਤ ਕੀਤੀ ਜਾਂਦੀ ਹੈ ਅਤੇ ਸਾਰਾ ਦਿਨ ਇਨ੍ਹਾਂ ਵਾਹਨਾਂ ਅਤੇ ਮਸ਼ੀਨਾਂ ਦਾ ਉਚਾ ਰੌਲਾ ਪਿਆ ਰਹਿੰਦਾ ਹੈ ਜਿਸ ਕਾਰਨ ਨੇੜੇ ਰਹਿੰਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਇਸ ਸਬੰਧੀ ਗਮਾਡਾ ਦੇ ਅਸਟੇਟ ਅਫ਼ਸਰ (ਹਾਊਸਿੰਗ) ਮਹੇਸ਼ ਬਾਂਸਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਉਹ ਇਸ ਥਾਂ ਗਾਮਾਡਾ ਦੀ ਟੀਮ ਭੇਜ ਕੇ ਜਾਂਚ ਕਰਵਾਉਣਗੇ ਅਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ