ਨੇਪਾਲ ਤੋਂ ਲਿਆ ਕੇ ਸ਼ਿਮਲਾ ਵਿੱਚ ਵੇਚੀ ਜਾਂਦੀ ਸੀ ਅਫ਼ੀਮ, ਦੋ ਮੁਲਜ਼ਮ 5 ਕਿੱਲੋ ਅਫੀਮ ਸਣੇ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਡੇਰਾਬੱਸੀ, 2 ਜਨਵਰੀ:
ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਅੱਜ ਇੱਥੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪੰਜਾਬ ਵਿੱਚ ਨਸ਼ਾ ਤਸ਼ਕਰੀ ਦੀ ਰੋਕਥਾਮ ਸਬੰਧੀ ਦਿੱਤੀਆ ਹਦਾਇਤਾਂ ਅਨੁਸਾਰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਐਸਪੀ (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ ਅਤੇ ਡੇਰਾਬੱਸੀ ਦੇ ਡੀਐਸਪੀ ਗੁਰਬਖਸ਼ੀਸ਼ ਸਿੰਘ ਦੀ ਯੋਗ ਰਹਿਨੁਮਾਈ ਹੇਠ ਲਾਲੜੂ ਥਾਣਾ ਦੇ ਐਸਐਚਓ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਨੈਸ਼ਨਲ ਹਾਈਵੇਅ ’ਤੇ ਸਰਸੀਣੀ ਬੱਸ ਸਟੈਂਡ ਨੇੜਿਓਂ ਦੋ ਵਿਅਕਤੀਆਂ ਜੰਗ ਕੰਵਰ ਵਾਸੀ ਪਿੰਡ ਕੋਟਹਾਰੀ (ਨੇਪਾਲ) ਅਤੇ ਕਾਲੀ ਬਹਾਦਰ ਰਾਵਤ ਵਾਸੀ ਪਿੰਡ ਰਾਰਾ (ਨੇਪਾਲ) ਨੂੰ ਸ਼ੱਕ ਦੀ ਬਿਨਾਹ ’ਤੇ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਤਕਰੀਬਨ 5 ਕਿੱਲੋ ਅਫੀਮ ਬਰਾਮਦ ਕੀਤੀ ਗਈ। ਉਹ ਦੋਵੇਂ ਨੇਪਾਲ ’ਚੋਂ ਨਸ਼ੀਲੇ ਪਦਾਰਥ ਲਿਆ ਕੇ ਸ਼ਿਮਲਾ ਵਿੱਚ ਵੇਚਦੇ ਸਨ।
ਐਸਐਸਪੀ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਕੋਲ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਹੋਣ ’ਤੇ ਤਲਾਸੀ ਲੈਣ ਲਈ ਮੌਕੇ ’ਤੇ ਡੀਐਸਪੀ ਰੁਪਿੰਦਰਜੀਤ ਸਿੰਘ ਨੂੰ ਬੁਲਾਇਆ ਗਿਆ। ਜਿਨ੍ਹਾਂ ਦੀ ਹਾਜ਼ਰੀ ਵਿੱਚ ਉਕਤ ਵਿਅਕਤੀਆਂ ਵੱਲੋਂ ਮੋਢੇ ’ਤੇ ਲਟਕਾਏ ਗਏ ਬੈਗਾਂ ਦੀ ਤਲਾਸੀ ਲੈਣ ’ਤੇ ਜੰਗ ਕਵਰ ਉਕਤ ਦੇ ਕਬਜ਼ੇ ਵਾਲੇ ਬੈਗ ’ਚੋਂ 2 ਕਿੱਲੋ 700 ਗਰਾਮ ਅਫੀਮ ਅਤੇ ਕਾਲੀ ਬਹਾਦਰ ਦੇ ਕਬਜ਼ੇ ਵਾਲੇ ਬੈਗ ’ਚੋਂ 2 ਕਿੱਲੋ 200 ਗਰਾਮ ਅਫੀਮ (ਕੁੱਲ 4 ਕਿੱਲੋ 900 ਗਰਾਮ ਅਫੀਮ) ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਦੇ ਖ਼ਿਲਾਫ਼ ਲਾਲੜੂ ਥਾਣੇ ਵਿੱਚ ਅੇਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ।
ਐਸਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਨੂੰ ਬੀਤੇ ਦਿਨੀਂ ਡੇਰਾਬੱਸੀ ਅਦਾਲਤ ਵਿੱਚ ਜੁਡੀਸ਼ਲ ਮੈਜਿਸਟਰੇਟ ਸ੍ਰੀਮਤੀ ਪਮਲਪ੍ਰੀਤ ਗਰੇਵਾਲ ਦੀ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਲਜ਼ਮਾਂ ਨੇ ਪੁੱਛਗਿੱਛ ਵਿੱਚ ਦੱਸਿਆ ਹੈ ਕਿ ਉਹ ਨੇਪਾਲ ਤੋਂ ਅਫੀਮ ਲਿਆ ਕੇ ਸ਼ਿਮਲਾ ਤੇ ਆਸਪਾਸ ਇਲਾਕੇ ਵਿੱਚ ਵੇਚਦੇ ਸਨ। ਜਿਨ੍ਹਾਂ ਕੋਲੋਂ ਡੂੰਘਾਈ ਨਾਲ ਪੁੰਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲੀਸ ਨੂੰ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …