ਫੀਸਾਂ ਮੰਗਣ ਦਾ ਵਿਰੋਧ: ਲਾਰੈਂਸ ਸਕੂਲ ਮੁਹਾਲੀ ਦੇ ਬਾਹਰ ਮਾਪਿਆਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ

ਸਕੂਲ ਫੀਸ ਤੇ ਟਰਾਂਸਪੋਰਟ ਚਾਰਜ ਮੰਗਣ ’ਤੇ ਭੜਕੇ ਮਾਪਿਆਂ ਨੇ ਪ੍ਰਬੰਧਕਾਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ:
ਇੱਥੋਂ ਦੇ ਲਾਰੈਂਸ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਵੱਲੋਂ ਫੀਸਾਂ ਮੰਗਣ ਦਾ ਤਿੱਖਾ ਵਿਰੋਧ ਕਰਦਿਆਂ ਸ਼ੁੱਕਰਵਾਰ ਨੂੰ ਸਕੂਲ ਗੇਟ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਮਾਪਿਆਂ ਨੇ ਸਕੂਲ ਪ੍ਰਬੰਧਕਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਸਮਾਜ ਸੇਵੀ ਸੰਸਥਾ ਪੰਜਾਬ ਅਗੇਂਸਟ ਕਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਮਾਪਿਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਲੋਕਹਿੱਤ ਵਿੱਚ ਕਾਨੂੰਨੀ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਫੀਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਨੇ ਸੋਮਵਾਰ ਤੱਕ ਸੁਣਵਾਈ ਅੱਗੇ ਟਾਲ ਦਿੱਤੀ ਹੈ।
ਇਸ ਮੌਕੇ ਪਰਮਜੀਤ ਸਿੰਘ ਪੰਮੀ, ਲੱਕੀ ਗਰੇਵਾਲ, ਦਿਨੇਸ਼ ਕੁਮਾਰ, ਨੇਹਾ ਅਨੰਦ, ਗੁਰਪ੍ਰੀਤ ਸੂਰੀ, ਪੂਜਾ ਮਨਚੰਦਾ ਅਤੇ ਹਰਪਿੰਦਰ ਸਿੰਘ ਸਮੇਤ ਹੋਰਨਾਂ ਮਾਪਿਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਨ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਸੀ ਪ੍ਰੰਤੂ ਹੁਣ ਸਕੂਲ ਪ੍ਰਬੰਧਕਾਂ ਨੇ ਫੀਸਾਂ ਨਾ ਦੇਣ ਕਾਰਨ ਉਨ੍ਹਾਂ ਦੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਵਾਲੇ ਗਰੁੱਪ ’ਚੋਂ ਬਾਹਰ ਕਰ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਪੁਰਾਣੇ ਫੈਸਲੇ ਦੀ ਆੜ ਵਿੱਚ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਵੱਲੋਂ ਮਾਪਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਫੀਸਾਂ ਅਤੇ ਹੋਰ ਖਰਚੇ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਹਾਈ ਕੋਰਟ ਦੇ ਫੈਸਲੇ ਦਾ ਸਵਾਲ ਹੈ ਤਾਂ ਹਾਈ ਕੋਰਟ ਦੇ ਡਬਲ ਬੈਚ ’ਤੇ ਉਨ੍ਹਾਂ ਵੱਲੋਂ ਵੀ ਵੱਖਰੀ ਪਟੀਸ਼ਨ ਦਾਇਰ ਕੀਤੀ ਹੋਈ ਹੈ। ਇਹ ਮਾਮਲਾ ਹਾਲੇ ਉੱਚ ਅਦਾਲਤ ਵਿੱਚ ਵਿਚਾਰ ਅਧੀਨ ਹੈ। ਕੁਝ ਮਾਪਿਆਂ ਦਾ ਕਹਿਣਾ ਸੀ ਕਿ ਉਹ ਫੀਸਾਂ ਦੇ ਖ਼ਿਲਾਫ਼ ਨਹੀਂ ਹਨ ਪ੍ਰੰਤੂ ਅਚਾਨਕ ਬੱਚਿਆਂ ਦੀ ਆਨਲਾਈਨ ਪੜ੍ਹਾਈ ਬੰਦ ਕਰਨਾ ਬਿਲਕੁਲ ਗੈਰਵਾਜਬ ਹੈ। ਉਨ੍ਹਾਂ ਮੰਗ ਕੀਤੀ ਕਿ ਬੱਚਿਆਂ ਦੀ ਆਨਲਾਈਨ ਪੜ੍ਹਾਈ ਜਾਰੀ ਰੱਖੀ ਜਾਵੇ।
ਇਸ ਮੌਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਮਾਪਿਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਲੌਕਡਾਊਨ ਕਾਰਨ ਕਾਫੀ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਅਤੇ ਕਾਫ਼ੀ ਬੇਰੁਜ਼ਗਾਰ ਹੋ ਗਏ ਹਨ ਅਤੇ ਲੋਕਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ। ਇਸ ਸੰਕਟ ਦੇ ਸਮੇਂ ਉਹ ਸਕੂਲਾਂ ਦੀ ਫੀਸ ਦੇਣ ਤੋਂ ਪੂਰੀ ਤਰ੍ਹਾਂ ਅਸਮਰਥ ਹਨ ਪ੍ਰੰਤੂ ਇਸ ਦੇ ਬਾਵਜੂਦ ਸਕੂਲ ਪ੍ਰਬੰਧਕਾਂ ਵੱਲੋਂ ਲਗਾਤਾਰ ਫੀਸਾਂ ਜਮ੍ਹਾ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਜਦਕਿ ਪਿਛਲੇ ਕਈ ਮਹੀਨਿਆਂ ਤੋਂ ਸਕੂਲ ਬੰਦ ਹਨ ਅਤੇ ਬੱਚੇ ਵੀ ਘਰਾਂ ਵਿੱਚ ਹਨ। ਹੋਰ ਤਾਂ ਹੋਰ ਸਕੂਲ ਮਾਪਿਆਂ ਤੋਂ ਟਰਾਂਸਪੋਰਟ ਚਾਰਜ ਦੀ ਮੰਗ ਵੀ ਕੀਤੀ ਜਾ ਰਹੀ ਹੈ। ਸਕੂਲ ਵੱਲੋਂ ਫੀਸਾਂ ਭਰਵਾਉਣ ਲਈ ਵਟਸਐਪ ਅਤੇ ਈ-ਮੇਲ ਰਾਹੀਂ ਮੈਸੇਜ ਭੇਜੇ ਜਾਂਦੇ ਹਨ।
ਉਧਰ, ਲਾਰੈਂਸ ਸਕੂਲ ਦੀ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਮਾਪਿਆਂ ਨੂੰ ਫੀਸਾਂ ਤਾਂ ਦੇਣੀਆਂ ਹੀ ਪੈਣਗੀਆਂ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਸਕੂਲ ਪ੍ਰਬੰਧਕਾਂ ਦੇ ਹੱਕ ਵਿੱਚ ਫੈਸਲਾ ਕੀਤਾ ਹੋਇਆ ਹੈ। ਪ੍ਰਿੰਸੀਪਲ ਨੇ ਏਨਾ ਜ਼ਰੂਰ ਕਿਹਾ ਕਿ ਮਾਪੇ ਚਾਰ ਮਹੀਨਿਆਂ ਦੀ ਫੀਸ ਦੋ ਕਿਸ਼ਤਾਂ ਵਿੱਚ ਦੇ ਸਕਦੇ ਹਨ। ਉਨ੍ਹਾਂ ਮਾਪਿਆਂ ਨੂੰ ਮੋਹਲਤ ਦਿੱਤੀ ਕਿ ਵੀਰਵਾਰ ਤੱਕ ਦੋ ਮਹੀਨੇ ਦੀ ਫੀਸ ਜਮ੍ਹਾ ਕਰਵਾ ਦੇਣ। ਇਸ ਮਗਰੋਂ ਹਫ਼ਤੇ ਬਾਅਦ ਬਾਕੀ ਪੈਂਡਿੰਗ ਦੋ ਮਹੀਨਿਆਂ ਦੀ ਫੀਸ ਜਮ੍ਹਾ ਦੇਣ ਤਾਂ ਉਹ ਸਕੂਲ ਨੂੰ ਬੰਦ ਕਰਨ ਲਈ ਮਜਬੂਰ ਹੋਣਗੇ। ਕਿਉਂਕਿ ਇਸ ਤੋਂ ਇਲਾਵਾ ਉਨ੍ਹਾਂ ਕੋਲ ਹੁਣ ਹੋਰ ਕੋਈ ਚਾਰਾ ਨਹੀਂ ਬਚਿਆ ਹੈ। ਸਕੂਲ ਨੇ ਅਧਿਆਪਕਾਂ ਨੂੰ ਤਨਖ਼ਾਹਾਂ ਦੇਣੀਆਂ ਅਤੇ ਸਕੂਲ ਦੇ ਖ਼ਰਚੇ ਚਲਾਉਣੇ ਹਨ ਅਤੇ ਇਹ ਸਾਰੇ ਪ੍ਰਬੰਧ ਸਕੂਲ ਫੀਸ ਤੋਂ ਕੀਤੇ ਜਾਂਦੇ ਹਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…