Nabaz-e-punjab.com

ਸੈਕਟਰ-71 ਵਿੱਚ ਪ੍ਰਾਈਵੇਟ ਹਸਪਤਾਲ ਦੇ ਸਾਹਮਣੇ ਸ਼ਰਾਬ ਦਾ ਠੇਕਾ ਖੋਲੇ ਜਾਣ ਦਾ ਵਿਰੋਧ ਸ਼ੁਰੂ

ਕੌਂਸਲਰ ਸੋਮਲ ਦੀ ਅਗਵਾਈ ਵਿੱਚ ਸੈਕਟਰ ਵਾਸੀ ਕੈਬਨਿਟ ਮੰਤਰੀ ਸਿੱਧੂ ਨੂੰ ਮਿਲੇ, ਈਟੀਓ ਨੂੰ ਵੀ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਇੱਥੋਂ ਦੇ ਸੈਕਟਰ-71 ਵਿੱਚ ਰਿਹਾਇਸ਼ੀ ਖੇਤਰ ਦੇ ਬਿਲਕੁਲ ਨਾਲ ਆਈਵੀਵਾਈ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਸਾਹਮਣੇ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਸਥਾਨਕ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਗਿਆ ਹੈ ਕਿ ਬੀਤੇ ਦਿਨੀਂ ਅਚਾਨਕ ਰਾਤੋਂ-ਰਾਤ ਠੇਕਾ ਖੋਲ੍ਹਣ ਲਈ ਲੋਹੇ ਦੀਆਂ ਚਾਦਰਾਂ ਦਾ ਢਾਂਚਾ (ਸ਼ੈੱਡ) ਖੜਾ ਕਰ ਦਿੱਤਾ ਗਿਆ। ਅੱਜ ਸਵੇਰੇ ਜਦੋਂ ਸੈਰ ਕਰਨ ਸਮੇਂ ਸਥਾਨਕ ਲੋਕਾਂ ਨੇ ਇਹ ਢਾਂਚਾ ਦੇਖਿਆ ਤਾਂ ਉਨ੍ਹਾਂ ਨੇ ਇਕੱਠੇ ਹੋ ਕੇ ਇੱਥੇ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਉਧਰ, ਇਸ ਸਬੰਧੀ ਇਲਾਕੇ ਦੇ ਕੌਂਸਲਰ ਅਮਰੀਕ ਸਿੰਘ ਸੋਮਲ ਦੀ ਅਗਵਾਈ ਵਿੱਚ ਸੈਕਟਰ ਵਾਸੀਆਂ ਦੇ ਵਫ਼ਦ ਨੇ ਅੱਜ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਰਿਹਾਇਸ਼ੀ ਖੇਤਰ ਨੇੜੇ ਪ੍ਰਾਈਵੇਟ ਹਸਪਤਾਲ ਦੇ ਬਾਹਰ ਸ਼ਰਾਬ ਦਾ ਠੇਕਾ ਨਾ ਖੋਲ੍ਹਣ ਦੇਣ ਦੀ ਮੰਗ ਕੀਤੀ। ਸੈਕਟਰ ਵਾਸੀਆਂ ਨੇ ਦੱਸਿਆ ਕਿ ਜਿਸ ਥਾਂ ’ਤੇ ਠੇਕਾ ਖੋਲ੍ਹਿਆ ਜਾ ਰਿਹਾ ਹੈ। ਉੱਥੇ ਪਹਿਲਾਂ ਹੀ ਅਕਸਰ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਕੌਂਸਲਰ ਅਮਰੀਕ ਸਿੰਘ ਸੋਮਲ ਨੇ ਦੱਸਿਆ ਕਿ ਸ਼ਰਾਬ ਦਾ ਇਹ ਠੇਕਾ ਸੈਕਟਰ-71 ਦੇ ਬਿਲਕੁਲ ਮੋੜ ’ਤੇ ਸਲਿਪ ਰੋਡ ਲਾਗੇ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਰਾਂ ਨੇੜੇ ਠੇਕਾ ਖੁੱਲ੍ਹਣ ਕਾਰਨ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਉੱਤੇ ਇਸ ਦਾ ਮਾੜਾ ਅਸਰ ਪਵੇਗਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੇ ਸ਼ਰਾਬ ਦਾ ਠੇਕਾ ਖੋਲ੍ਹਣ ਲਈ ਜ਼ਮੀਨ ਪੱਧਰੀ ਕਰ ਕੇ ਲੋਹੇ ਦੇ ਐਂਗਲ ਗੱਡਣ ਵਾਲੇ ਮਜ਼ਦੂਰਾਂ ਨੂੰ ਰੋਕਿਆ ਸੀ ਕਿ ਉਹ ਆਪਣਾ ਕੰਮ ਬੰਦ ਕਰ ਦੇਣ ਕਿਉਂਕਿ ਉਹ ਕਿਸੇ ਵੀ ਕੀਮਤ ’ਤੇ ਇੱਥੇ ਸ਼ਰਾਬ ਦਾ ਠੇਕਾ ਨਹੀਂ ਖੋਲ੍ਹਣ ਦੇਣਗੇ। ਇਹ ਗੱਲ ਕਹਿ ਕੇ ਉਹ ਆਪਣੇ ਘਰ ਆ ਗਏ ਸੀ ਲੇਕਿਨ ਲੰਘੀ ਦੇਰ ਰਾਤ ਕਰੀਬ 11 ਵਜੇ ਕਿਸੇ ਰਾਹਗੀਰ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਹਸਪਤਾਲ ਦੇ ਸਾਹਮਣੇ ਮੋੜ ’ਤੇ ਸ਼ਰਾਬ ਦਾ ਠੇਕਾ ਖੋਲ੍ਹਣ ਲਈ ਸ਼ੈੱਡ ਬਣਾਇਆ ਜਾ ਰਿਹਾ ਹੈ ਅਤੇ ਉੱਥੇ ਰਾਤ ਨੂੰ ਵੈਲਡਿੰਗ ਦਾ ਕੰਮ ਚਲ ਰਿਹਾ ਹੈ।
ਸ੍ਰੀ ਸੋਮਲ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਕਰ ਤੇ ਆਬਕਾਰੀ ਵਿਭਾਗੀ ਦੀ ਈਟੀਓ ਸ੍ਰੀਮਤੀ ਅਨੂ ਜੱਸਰ ਨਾਲ ਸੰਪਰਕ ਕਰਕੇ ਸ਼ਿਕਾਇਤ ਕੀਤੀ ਹੈ। ਮਹਿਲਾ ਅਧਿਕਾਰੀ ਦਾ ਕਹਿਣਾ ਸੀ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਹੋ ਸਕਦਾ ਹੈ ਕਿ ਠੇਕੇਦਾਰ ਨੇ ਗਮਾਡਾ ਕੋਲੋਂ ਉਕਤ ਥਾਂ ਸ਼ਰਾਬ ਦਾ ਠੇਕਾ ਖੋਲ੍ਹਣ ਲਈ ਅਲਾਟ ਕਰਵਾ ਲਈ ਹੋਵੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ।
ਉਧਰ, ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਸੈਕਟਰ ਵਾਸੀਆਂ ਦੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਇਸ ਸਬੰਧੀ ਮੁਹਾਲੀ ਦੀ ਡਿਪਟੀ ਕਮਿਸ਼ਨਰ ਅਤੇ ਐਕਸਾਈਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਹ ਮਸਲਾ ਹੱਲ ਕਰਵਾਉਣਗੇ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…