
ਮੇਅਰ ਤੇ ਕਾਬਜ਼ ਧਿਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚਨ ਤੋਂ ਬਾਜ ਆਵੇ ਵਿਰੋਧੀ ਧਿਰ
ਵਿਰੋਧੀ ਧਿਰ ਦਾ ਇੱਕੋ ਏਜੰਡਾ ਸਿਰਫ਼ ਵਿਕਾਸ ਕੰਮਾਂ ਵਿੱਚ ਰੋੜੇ ਅਟਕਾਉਣਾ ਹੈ: ਕਾਬਜ਼ ਧਿਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਭਲਕੇ ਕੋਈ ਹਾਊਸ ਦੀ ਮੀਟਿੰਗ ਨਹੀਂ ਸੱਦੀ ਗਈ ਸੀ ਬਲਕਿ ਨਵੇਂ ਕਮਿਸ਼ਨਰ ਨਾਲ ਕੌਂਸਲਰਾਂ ਦੀ ਜਾਣ-ਪਛਾਣ ਕਰਵਾਉਣ ਦਾ ਉਪਰਾਲਾ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਇੱਕਪਾਸੜ ਬਿਆਨਬਾਜ਼ੀ ਕਰਕੇ ਮੇਅਰ ਅਤੇ ਕਾਬਜ਼ ਧਿਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਮੇਅਰ ਜੀਤੀ ਸਿੱਧੂ ਨੇ ਸਿਰਫ਼ ਆਪਣੇ ਗਰੁੱਪ ਦੇ ਕੌਂਸਲਰਾਂ ਨੂੰ ਸ਼ਹਿਰ ਦੇ ਵਿਕਾਸ ਸਬੰਧੀ ਵਿਚਾਰ-ਚਰਚਾ ਕਰਨ ਲਈ ਭਲਕੇ 7 ਜੂਨ ਦੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ। ਅਜਿਹੇ ਵਿਚਾਰ-ਵਟਾਂਦਰੇ ਦੀਆਂ ਮੀਟਿੰਗਾਂ ਮੇਅਰ ਵੱਲੋਂ ਸਮੇਂ ਸਮੇਂ ਸਿਰ ਆਪਣੇ ਗਰੁੱਪ ਦੇ ਕੌਂਸਲਰਾਂ ਨਾਲ ਪਹਿਲਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ। ਲੇਕਿਨ ਹੁਣ ਸੌੜੀ ਰਾਜਨੀਤੀ ਦੇ ਤਹਿਤ ਸਾਜ਼ਿਸ਼ ਕਰਦਿਆਂ ਵਿਰੋਧੀ ਧਿਰ ਵੱਲੋਂ ਸ਼ਹਿਰ ਵਾਸੀਆਂ ਵਿੱਚ ਭੰਬਲਭੂਸੇ ਪਾਉਣ ਲਈ ਗਲਤ ਤਰੀਕੇ ਨਾਲ ਕਮਿਸ਼ਨਰ ਦਾ ਨਾਮ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਲਕੇ ਮੰਗਲਵਾਰ ਨੂੰ ਕਾਬਜ਼ ਧਿਰ ਦੇ ਮੈਂਬਰਾਂ ਦੀ ਸਵੇਰੇ 12 ਵਜੇ ਨਗਰ ਨਿਗਮ ਦਫ਼ਤਰ ਵਿੱਚ ਹਰ ਹਾਲਤ ਵਿੱਚ ਮੀਟਿੰਗ ਹੋਵੇਗੀ।
ਕਾਬਜ਼ ਧਿਰ ਦੇ ਕੌਂਸਲਰਾਂ ਨੂੰ ਵਿਚਾਰ ਵਟਾਂਦਰੇ ਲਈ ਮੀਟਿੰਗ ਸਬੰਧੀ ਸਦਨ ਦਾ ਸੱਦਾ ਸਿਰਫ਼ ਤੇ ਸਿਰਫ਼ ਮੇਅਰ ਦਾ ਸੀ। ਇੱਥੋਂ ਹੀ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਵਿਰੋਧੀ ਧਿਰ ਜਾਣਬੁੱਝ ਕੇ ਸ਼ਹਿਰ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਅਤੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਖੜੇ ਕਰਦੀ ਆ ਰਹੀ ਹੈ। ਇਸ ਲਈ ਸਮੂਹ ਸ਼ਹਿਰ ਵਾਸੀਆਂ ਨੂੰ ਵਿਰੋਧੀ ਧਿਰ ਦੀਆਂ ਇਨ੍ਹਾਂ ਸਾਜ਼ਿਸ਼ਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਨਗਰ ਨਿਗਮ ਦੇ ਮੇਅਰ ਨੂੰ ਸਹਿਯੋਗ ਦਿੱਤਾ ਜਾਵੇ।