ਡੰਪਿੰਗ ਗਰਾਉਂਡ ਦੀ 3 ਏਕੜ ਜ਼ਮੀਨ ’ਤੇ ਡੇਅਰੀ ਫਾਰਮਿੰਗ ਬਣਾਉਣ ਦਾ ਮਾਮਲਾ ਭਖਿਆ, ਵਿਰੋਧੀ ਧਿਰ ਨੇ ਚੁੱਕੇ ਸਵਾਲ

ਕਿਹਾ ਗਮਾਡਾ ਨੇ ਜਿਸ ਮੰਤਵ ਲਈ ਜ਼ਮੀਨ ਅਲਾਟ ਕੀਤੀ ਸੀ, ਉਸੇ ਕੰਮ ਲਈ ਵਰਤੀ ਜਾਵੇ

ਮੁਹਾਲੀ ਨਗਰ ਨਿਗਮ ਵੱਲੋਂ 28 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ ਡੇਅਰੀ ਫਾਰਮਿੰਗ ਦਾ ਮਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਸਤੰਬਰ:
ਮੁਹਾਲੀ ਨਗਰ ਨਿਗਮ ਵੱਲੋਂ ਡੰਪਿੰਗ ਗਰਾਉਂਡ ਦੀ ਸਵਾ ਤਿੰਨ ਏਕੜ ਜ਼ਮੀਨ ’ਤੇ ਡੇਅਰੀ ਫਾਰਮਿੰਗ ਬਣਾਉਣ ਦਾ ਮਾਮਲਾ ਭਖ ਗਿਆ ਹੈ। ਵਿਰੋਧੀ ਧਿਰ ਨੇ ਨਿਗਮ ਦੇ ਇਸ ਪ੍ਰਸਤਾਵ ’ਤੇ ਸਵਾਲ ਚੁੱਕਦਿਆਂ ਮੰਗ ਕੀਤੀ ਕਿ ਗਮਾਡਾ ਨੇ ਜਿਸ ਮੰਤਵ ਲਈ ਇਹ ਜ਼ਮੀਨ ਨਗਰ ਨਿਗਮ ਨੂੰ ਦਿੱਤੀ ਹੈ, ਇਸ ਨੂੰ ਉਸ ਮਕਸਦ ਲਈ ਵਰਤੀ ਜਾਵੇ। ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਕੁੱਝ ਵਿਅਕਤੀਆਂ ਵੱਲੋਂ ਪਸ਼ੂ ਰੱਖੇ ਹੋਏ ਹਨ। ਲੇਕਿਨ ਹੁਣ ਚੰਡੀਗੜ੍ਹ ਦੀ ਤਰਜ਼ ’ਤੇ ਪਸ਼ੂਆਂ ਨੂੰ ਸ਼ਹਿਰੀ ਹੱਦ ’ਚੋਂ ਬਾਹਰ ਕੱਢਣ ਲਈ ਇੱਥੋਂ ਦੇ ਸਨਅਤੀ ਏਰੀਆ ਫੇਜ਼-8ਏ ਸਥਿਤ ਡੰਪਿੰਗ ਗਰਾਉਂਡ ਦੀ 13.30 ਏਕੜ ’ਚੋਂ ਸੈਕਟਰ-74 ਅਤੇ ਸੈਕਟਰ-91 ਵਿੱਚ 3.54 ਏਕੜ ਜ਼ਮੀਨ ਵਿੱਚ ਡੇਅਰੀ ਫਾਰਮਿੰਗ ਸ਼ੈਡ ਪਸ਼ੂ ਪਾਲਕਾ ਨੂੰ ਲੀਜ਼ ’ਤੇ ਦਿੱਤਾ ਜਾਵੇਗਾ।
ਇਸ ਸਬੰਧੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ 28 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਮਤਾ ਲਿਆਂਦਾ ਜਾ ਰਿਹਾ ਹੈ। ਜਿਸ ਦਾ ਸਖ਼ਤ ਵਿਰੋਧ ਕਰਦਿਆਂ ਵਿਰੋਧੀ ਧਿਰ ਆਜ਼ਾਦ ਗਰੁੱਪ ਦੇ ਆਗੂਆਂ ਸੁਖਦੇਵ ਸਿੰਘ ਪਟਵਾਰੀ, ਸਰਬਜੀਤ ਸਿੰਘ ਸਮਾਣਾ, ਗੁਰਮੀਤ ਕੌਰ ਸੈਣੀ ਅਤੇ ਅਰੁਣਾ ਵਸ਼ਿਸ਼ਟ ਨੇ ਕਿਹਾ ਕਿ ਉਹ ਪਸ਼ੂ ਪਾਲਕਾ ਨੂੰ ਡੇਅਰੀ ਫਾਰਮਿੰਗ ਲਈ ਸ਼ੈੱਡ ਜਾਂ ਪਲਾਟ ਦੇਣ ਦੇ ਖ਼ਿਲਾਫ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਗੰਦਗੀ ਅਤੇ ਕੂੜਾ ਕਰਕਟ ਦੀ ਸਮੱਸਿਆ ਦੇ ਹੱਲ ਲਈ ਗਮਾਡਾ ਨੇ ਉਕਤ ਜ਼ਮੀਨ ਨਗਰ ਨਿਗਮ ਨੂੰ ਡੰਪਿੰਗ ਗਰਾਉਂਡ ਲਈ ਅਲਾਟ ਕੀਤੀ ਗਈ ਸੀ। ਉਨ੍ਹਾਂ ਮੰਗ ਕੀਤੀ ਕਿ ਉਕਤ ਜ਼ਮੀਨ ਜਿਸ ਮੰਤਵ ਲਈ ਦਿੱਤੀ ਗਈ ਸੀ, ਉਸੇ ਮੰਤਵ ਲਈ ਵਰਤੀ ਜਾਵੇ।
ਸ੍ਰੀ ਪਟਵਾਰੀ ਨੇ ਦੱਸਿਆ ਕਿ ਸ਼ਹਿਰੀ ਖੇਤਰ ’ਚੋਂ ਪਸ਼ੂਆਂ ਨੂੰ ਬਾਹਰ ਕੱਢਣ ਅਤੇ ਮਿਲਕ ਡੇਅਰੀ ਲਈ ਤਤਕਾਲੀ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਹਾਊਸ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਸੀ ਲੇਕਿਨ ਸੂਬਾ ਸਰਕਾਰ ਨੇ ਇਸ ਮਤੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਪ੍ਰੰਤੂ ਕਾਂਗਰਸੀ ਮੇਅਰ ਫਿਰ ਤੋਂ ਉਹੀ ਮਤਾ ਲਿਆ ਰਹੇ ਹਨ। ਵੈਸੇ ਵੀ ਲੀਜ਼ ’ਤੇ ਹਾਸਲ ਕੀਤੀ ਗਈ ਜ਼ਮੀਨ ਅੱਗੇ ਕਿਸੇ ਹੋਰ ਮੰਤਵ ਲਈ ਸਬਲੈਟ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਪੂਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਸਿੱਧੂ ਭਰਾ ਆਗਾਮੀ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਦੀ ਮੰਨਸ਼ਾ ਨਾਲ ਅਜਿਹਾ ਕਰ ਰਹੇ ਹਨ। ਇਸੇ ਤਰ੍ਹਾਂ ਗਊਸ਼ਾਲਾ ਦੇ ਨਾਂ ’ਤੇ ਬਲੌਂਗੀ ਦੀ ਸ਼ਾਮਲਾਤ ਜ਼ਮੀਨ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਮੌਕੇ ਆਜ਼ਾਦ ਕੌਂਸਲਰ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ, ਰਾਜਬੀਰ ਕੌਰ ਗਿੱਲ, ਕਰਮਜੀਤ ਕੌਰ, ਗੁਰਪ੍ਰੀਤ ਕੌਰ ਬੈਦਵਾਨ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਫੂਲਰਾਜ ਸਿੰਘ, ਆਜ਼ਾਦ ਗਰੁੱਪ ਦੇ ਆਗੂ ਅਕਵਿੰਦਰ ਸਿੰਘ ਗੋਸਲ, ਹਰਮੇਸ਼ ਸਿੰਘ ਕੁੰਭੜਾ, ਜਸਪਾਲ ਸਿੰਘ ਮਟੌਰ, ਰਾਜੀਵ ਵਸ਼ਿਸ਼ਟ, ਰਣਬੀਰ ਸਿੰਘ ਬੈਦਵਾਨ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

ਮੇਅਰ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਬੇਦੀ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਕੁੱਝ ਲੋਕਾਂ ਵੱਲੋਂ ਪਸ਼ੂ ਰੱਖੇ ਗਏ। ਜਿਨ੍ਹਾਂ ’ਚੋਂ ਕਈ ਵਿਅਕਤੀ ਆਪਣੇ ਪਸ਼ੂਆਂ ਨੂੰ ਚਾਹ ਚਰਨ ਲਈ ਸ਼ਹਿਰ ਵਿੱਚ ਖੁੱਲ੍ਹਾ ਛੱਡ ਦਿੰਦੇ ਹਨ। ਜਿਸ ਕਾਰਨ ਸ਼ਹਿਰ ਦੀ ਸੁੰਦਰਤਾ ਖ਼ਰਾਬ ਹੁੰਦੀ ਹੈ ਅਤੇ ਸੜਕ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਤਾਂ ਇਸ ਪ੍ਰਸਤਾਵ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਕਿਉਂਕਿ ਪਸ਼ੂਆਂ ਕਾਰਨ ਹੁਣ ਤੱਕ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪਸ਼ੂ ਪਾਲਕਾ ਨੂੰ ਸਿਰਫ਼ 3 ਸਾਲਾਂ ਲਈ ਲੀਜ਼ ਦਿੱਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਮਿਲਕ ਕਲੋਨੀ ਨੂੰ ਸ਼ਹਿਰ ਤੋਂ ਦੂਰ ਕਿਸੇ ਹੋਰ ਢੁਕਵੀਂ ਥਾਂ ’ਤੇ ਸ਼ਿਫ਼ਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਵਿਰੋਧੀ ਧਿਰ ਦੀ ਕਰਾਰੀ ਹਾਰ ਹੋਈ ਹੈ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੀ ਵਿਰੋਧੀ ਧਿਰ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ। ਜਿਸ ਕਾਰਨ ਆਜ਼ਾਦ ਗਰੁੱਪ ਵੱਲੋਂ ਕਾਬਜ਼ ਧਿਰ ’ਤੇ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ।

Check Also

ਮਧੂ ਮੱਖੀ ਪਾਲਣ ਦਾ ਕਿੱਤਾ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ ਮਨੁੱਖੀ ਸਿਹਤ ਲਈ ਵੀ ਲਾਹੇਵੰਦ: ਕਟਾਰੀਆ

ਮਧੂ ਮੱਖੀ ਪਾਲਣ ਦਾ ਕਿੱਤਾ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ ਮਨੁੱਖੀ ਸਿਹਤ ਲਈ ਵੀ ਲਾਹੇਵੰਦ: ਕਟਾਰੀਆ ਵਿਸ਼ਵ ਸ਼ਹਿ…