Nabaz-e-punjab.com

ਪਬਲਿਕ ਡੀਲਿੰਗ ਬੰਦ ਕਰਨ ਦੇ ਮੁੱਦੇ ’ਤੇ ਵਿਰੋਧੀਆਂ ਨੇ ਸਿਹਤ ਮੰਤਰੀ ਨੂੰ ਘੇਰਿਆ

ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਨੇ ਆਪਣੇ ਫੇਸਬੁੱਕ ਅਕਾਉਂਟ ’ਤੇ ‘ਭਗੌੜਾ ਸਿਹਤ ਮੰਤਰੀ’ ਪੋਸਟ ਪਾਈ

ਮਹਿਲਾ ਆਗੂ ਦੀ ਪੋਸਟ ’ਤੇ ਕਈ ਲੋਕਾਂ ਨੇ ਮੰਤਰੀ ਦੇ ਹੱਕ ਅਤੇ ਵਿਰੋਧ ਵਿੱਚ ਕੀਤੀਆਂ ਟਿੱਪਣੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਕਰੋਨਾਵਾਇਰਸ ਦੇ ਖ਼ੌਫ਼ ਦੇ ਚੱਲਦਿਆਂ ਪਬਲਿਕ ਡੀਲਿੰਗ ਬੰਦ ਕਰਨ ਦੇ ਫੈਸਲੇ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ (ਬ) ਨੇ ਇਸ ਮੁੱਦੇ ’ਤੇ ਸਿਹਤ ਮੰਤਰੀ ਨੂੰ ਘੇਰਦਿਆਂ ਸੋਸ਼ਲ ਮੀਡੀਆ ’ਤੇ ਖੂਬ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਇਸਤਰੀ ਅਕਾਲੀ ਦਲ ਮੁਹਾਲੀ (ਸ਼ਹਿਰੀ) ਦੀ ਪ੍ਰਧਾਨ ਕੁਲਦੀਪ ਕੌਰ ਕੰਗ ਨੇ ਆਪਣੇ ਫੇਸਬੁੱਕ ਅਕਾਉਂਟ ’ਤੇ ਪਬਲਿਕ ਡੀਲਿੰਗ ਬੰਦ ਕਰਨ ਸਬੰਧੀ ਸਿਹਤ ਮੰਤਰੀ ਵੱਲੋਂ ਆਪਣੀ ਸਰਕਾਰੀ ਰਿਹਾਇਸ਼ ਦੇ ਬਾਹਰ ਗੇਟ ’ਤੇ ਲਗਾਏ ਨੋਟਿਸ ’ਤੇ ਵਿਅੰਗ ਕੱਸਦਿਆਂ ਸਿੱਧੂ ਨੂੰ ‘ਭਗੌੜਾ ਸਿਹਤ ਮੰਤਰੀ’ ਐਲਾਨਿਆ ਹੈ। ਇਸ ਪੋਸਟ ’ਤੇ ਸ੍ਰੀ ਸਿੱਧੂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਫੋਟੋ ਲਗਾਈ ਗਈ ਹੈ।
ਇਸ ਪੋਸਟ ਦੇ ਥੱਲੇ ਸਭ ਤੋਂ ਪਹਿਲਾਂ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਆਪਣੀ ਟਿੱਪਣੀ ਵਿੱਚ ਸਿੱਧੂ ਬਾਰੇ ਕੁਝ ਤਾਂ ਸ਼ਰਮ ਕਰੋ ਲਿਖਿਆ ਹੈ। ਰਾਜ਼ੀ ਬੱਗਾ ਨੇ ਕਿਹਾ ਕਿ ਅਜਿਹੇ ਨਾਜ਼ੁਕ ਹਾਲਾਤਾਂ ਵਿੱਚ ਰਾਜਨੀਤੀ ਨਹੀਂ ਕਰਨੀ ਚਾਹੀਦੀ। ਫਿਰ ਬੀਬੀ ਕੰਗ ਨੇ ਕਿਹਾ ਕਿ ਗਰੀਬਾਂ ਨੂੰ ਸੈਨੇਟਾਈਜ਼ਰ ਹੀ ਵੰਡ ਦਿਓ। ਇਸ ਦੇ ਜਵਾਬ ਵਿੱਚ ਹੈਰੀ ਅੌਜਲਾ ਨੇ ਕਿਹਾ ਕਿ ਅਕਾਲੀ ਦਲ ਵਾਲੇ ਵੰਡ ਸਕਦੇ ਨੇ। ਬੀਬੀ ਕੰਗ ਨੇ ਜਵਾਬ ਦਿੱਤਾ ਕਿ ਮੰਤਰੀ ਤਾਂ ਤੁਹਾਡਾ ਹੈ। ਅਮਨ ਬੇਦੀ ਨੇ ਮਹਾਂਮਾਰੀ ਦੇ ਸਮੇਂ ਮਜ਼ਾਕ ਛੱਡ ਕੇ ਸਰਕਾਰ ਨਾਲ ਸਹਿਯੋਗ ਕਰਨ ਅਤੇ ਘਰਾਂ ਵਿੱਚ ਬੈਠ ਕੇ ਕਿਤਾਬਾਂ ਪੜ੍ਹਨ ਦੀ ਸਲਾਹ ਦਿੱਤੀ। ਧਰਮਜੀਤ ਸਿੰਘ ਨੇ ਵੀ ਆਪਣੀ ਟਿੱਪਣੀ ਵਿੱਚ ਰਾਜਨੀਤੀ ਕਰਨ ਤੋਂ ਵਰਜਿਆ ਹੈ। ਸਰਪੰਚ ਜੱਸੀ ਬੱਲੋਮਾਜਰਾ ਨੇ ਕਿਹਾ ਕਿ ਸਿਹਤ ਮੰਤਰੀ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਾਲ ਨਿਭਾ ਰਹੇ ਹਨ। ਸੁਰਿੰਦਰ ਸਿੰਘ ਲਿਖਦੇ ਹਨ ਕਿ ਸਰਕਾਰੀ ਹਸਪਤਾਲਾਂ ਵਿੱਚ ਵੈਂਟੀਲੇਟਰ ਅਤੇ ਖੂਨ ਦੇ ਸੈਂਪਲਾਂ ਦੀ ਜਾਂਚ ਦੇ ਪੁਖ਼ਤਾ ਪ੍ਰਬੰਧ ਨਹੀਂ ਹਨ। ਜੀਪੀਐਸ ਗਿੱਲ ਨੇ ਕਿਹਾ ਕਿ ਸਰਕਾਰ ਵਧੀਆ ਕੰਮ ਕਰ ਰਹੀ ਹੈ।
ਪ੍ਰਭਜੀਤ ਕੌਰ ਪੰਜਾਬੀ ਨੇ ਆਪਣੀ ਟਿੱਪਣੀ ’ਚ ਲਿਖਿਆ ਕਿ ਜੇ ਕੁਝ ਦਿਨ ਲੋਕਾਂ ਨੂੰ ਨਹੀਂ ਮਿਲਣਗੇ ਤਾਂ ਕੋਈ ਫਰਕ ਨਹੀਂ ਪੈਣ ਲੱਗਾ। ਕੌਂਸਲਰ ਅਮਰੀਕ ਸਿੰਘ ਸੋਮਲ ਨੇ ਲਿਖਿਆ ਕਿ ਸ੍ਰੀ ਸਿੱਧੂ ਵਧੀਆ ਡਿਊਟੀ ਨਿਭਾ ਰਹੇ ਹਨ। ਉਹ ਰੋਜ਼ਾਨਾ ਫੋਨ ’ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਅਤੇ ਉਨ੍ਹਾਂ ਦਾ ਹੱਲ ਵੀ ਕਰ ਰਹੇ ਹਨ। ਨੌਜਵਾਨ ਆਗੂ ਰਾਜ ਰਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੋਟਾਂ ਵੇਲੇ ਯਾਦ ਰੱਖਣ ਅਤੇ ਇਕ ਬੋਤਲ ਲਈ ਵਿੱਕ ਨਾ ਜਾਣਾ। ਪ੍ਰਿਤਪਾਲ ਸਿੰਘ ਢੋਲ ਨੇ ਕਿਹਾ ਕਿ ਇਹ ਸਿਆਸਤ ਦਾ ਸਮਾਂ ਨਹੀਂ ਹੈ। ਮੰਤਰੀ ਅਤੇ ਸਿਹਤ ਅਧਿਕਾਰੀ ਹਰ ਸਮੇਂ ਲੋਕਾਂ ਲਈ ਮੌਜੂਦ ਹਨ। ਹਰਮਨ ਸੰਧੂ ਨੇ ਸਿੱਧੂ ਨੂੰ ਗੈਰ ਜ਼ਿੰਮੇਵਾਰ ਮੰਤਰੀ ਦੱਸਿਆ। ਸੋਹਨ ਸਿੰਘ ਛੱਜੂਮਾਜਰਾ ਨੇ ਕਿਹਾ ਕਿ ਤਾਣੇ ਮਿਹਣੇ ਮਾਰਨ ਦੀ ਥਾਂ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਕੈਪਟਨ ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣਾ ਏਰੀਆ ਖ਼ੁਦ ਹੀ ਸੈਨੇਟਾਈਜ਼ ਕਰ ਲਿਆ ਹੈ। ਇਨ੍ਹਾਂ ਨੇ ਕੁਝ ਨਹੀਂ ਕਰਨਾ। ਸਾਰਾ ਕੁਝ ਬੰਦ ਕਰਨ ਨਾਲ ਸਮੱਸਿਆ ਹੱਲ ਹੋਣ ਵਾਲੀ ਨਹੀਂ ਹੈ।
(ਬਾਕਸ ਆਈਟਮ)
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਨਾ ਮਿਲਣ ਦਾ ਫੈਸਲਾ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਵਿੱਚ ਵੀ ਲੋਕਾਂ ਦੀ ਭਲਾਈ ਹੈ, ਕਿਉਂਕਿ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਮਿਲਣ ਆਉਂਦੇ ਹਨ। ਜ਼ਿਆਦਾ ਭੀੜ ਹੋਣ ਕਾਰਨ ਉਨ੍ਹਾਂ ਨੇ ਲੋਕਹਿੱਤ ਵਿੱਚ ਹੀ ਪਬਲਿਕ ਡੀਲਿੰਗ ਬੰਦ ਕੀਤੀ ਹੈ ਤਾਂ ਜੋ ਇਸ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਕੰਮ ਫੋਨ ’ਤੇ ਆਸਾਨੀ ਨਾਲ ਹੋ ਸਕਦੇ ਹਨ ਅਤੇ ਹੋ ਰਹੇ ਤਾਂ ਫਿਰ ਮਿਲਣ ਦੀ ਕੀ ਲੋੜ ਹੈ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਰੋਨਾਵਾਇਰਸ ਤੋਂ ਬਚਾਅ ਹੀ ਬਹੁਤ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਣ। ਮੰਤਰੀ ਨੇ ਹਲਕੇ ਦੇ ਲੋਕਾਂ ਨੂੰ ਕਿਹਾ ਕਿ ਜੇਕਰ ਕਿਸੇ ਦਾ ਕੋਈ ਕੰਮ ਹੋਵੇ ਤਾਂ ਉਹ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਮੋਬਾਈਲ ਫੋਨ ’ਤੇ ਸੰਪਰਕ ਕਰ ਸਕਦੇ ਹਨ। ਵੱਸਟਐਪ ’ਤੇ ਮੈਜਿਸ ਭੇਜ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਸਿਆਸੀ ਸਕੱਤਰ ਅਤੇ ਹੋਰ ਦਫ਼ਤਰੀ ਸਟਾਫ਼ ਦੇ ਮੋਬਾਈਲ ਫੋਨ ’ਤੇ ਸ਼ਿਕਾਇਤ ਜਾਂ ਮੰਗ ਪੱਤਰ ਭੇਜੇ ਜਾ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ ਵੇਰਕਾ ਮਿਲਕ ਪਲਾਂਟ ਮੁਹਾਲ…