ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ ਨੂੰ 7 ਦਿਨਾਂ ’ਚ ਡੀਏਪੀ ਖਾਦ ਸਪਲਾਈ ਕਰਨ ਦੇ ਆਦੇਸ਼

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਏਡੀਸੀ ਮਿੱਤਲ ਨਾਲ ਕੀਤੀ ਅਹਿਮ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਮੁਹਾਲੀ ਜ਼ਿਲ੍ਹੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਮੋਹਰੀ ਆਗੂਆਂ ਨੇ ਡੀਏਪੀ ਖਾਦ ਅਤੇ ਝੋਨੇ ਦੀ ਆਮਦ ਤੇ ਖ਼ਰੀਦ ਸਬੰਧੀ ਤਾਜ਼ਾ ਸਥਿਤੀ ਨੂੰ ਲੈ ਕੇ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਕੋਮਲ ਮਿੱਤਲ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ਬਲਾਕਾਂ ਤੋਂ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਮੁੱਖ ਖੇਤੀਬਾੜੀ ਅਫ਼ਸਰ, ਫੀਲਡ ਅਧਿਕਾਰੀਆਂ ਨਾਲ ਝੋਨੇ ਦੀ ਆਮਦ ਤੇ ਖ਼ਰੀਦ ਪ੍ਰਬੰਧਾਂ ਅਤੇ ਤਾਜ਼ਾ ਸਥਿਤੀ ਬਾਰੇ ਚਰਚਾ ਕੀਤੀ ਗਈ। ਏਡੀਸੀ ਨੇ ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ ਨੂੰ ਹੁਕਮ ਦਿੱਤੇ ਕਿ ਕਿਸਾਨਾਂ ਦੀ ਮੰਗ ਅਨੁਸਾਰ ਹਫ਼ਤੇ ਦੇ ਅੰਦਰ-ਅੰਦਰ ਡੀਏਪੀ ਖਾਦ ਦੀ ਸਪਲਾਈ ਯਕੀਨੀ ਬਣਾਈ ਜਾਵੇ।
ਮੀਟਿੰਗ ਦੌਰਾਨ ਕਿਸਾਨਾਂ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਤਾਜ਼ਾ ਸਥਿਤੀ ਅਨੁਸਾਰ ਮੁਹਾਲੀ ਜ਼ਿਲ੍ਹੇ ਵਿੱਚ ਖਰੜ, ਮਾਜਰੀ, ਬਨੂੜ, ਲਾਲੜੂ ਅਤੇ ਡੇਰਾਬੱਸੀ ਮੰਡੀਆਂ ਵਿੱਚ ਘੱਟੋ-ਘੱਟ 5 ਫੀਸਦੀ ਝੋਨਾ ਆਉਣਾ ਬਾਕੀ ਹੈ। ਇਸ ਦਾ ਮੁੱਖ ਕਾਰਨ ਵਾਢੀ ਸਮੇਂ ਬੇਮੌਸਮੀ ਬਾਰਸ਼ ਹੋਣਾ ਅਤੇ ਬਿਜਾਈ ਵੇਲੇ ਸਮੇਂ ਬਾਰਸ਼ਾਂ ਦਾ ਲੇਟ ਹੋਣਾ ਅਤੇ ਬਿਜਲੀ ਦੀ ਸਪਲਾਈ ਘੱਟ ਮਿਲਣਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਾਲ ਝੋਨੇ ਦੀ ਹਰਿਆਣਾ ਵਿੱਚ ਪਾਬੰਦੀ ਲਗਾਉਣ ਨਾਲ ਬਾਰਡਰ ਏਰੀਆ ਦੀਆਂ ਮੰਡੀਆਂ ਲਾਲੜੂ, ਬਨੂੜ ਅਤੇ ਡੇਰਾਬੱਸੀ ਵਿੱਚ ਝੋਨੇ ਦੀ ਆਮਦ ਵੱਧ ਹੋਣ ਦੀ ਸੰਭਾਵਨਾ ਹੈ। ਇਸ ਲਈ ਬਨੂੜ, ਕੁਰਾਲੀ, ਡੇਰਾਬੱਸੀ, ਲਾਲੜੂ ਅਤੇ ਖਰੜ ਦੀਆਂ ਮੰਡੀਆਂ 20 ਨਵੰਬਰ ਤੱਕ ਝੋਨੇ ਦੀ ਸਰਕਾਰੀ ਖ਼ਰੀਦ ਜਾਰੀ ਰੱਖਣ ਲਈ ਮੰਗ ਕੀਤੀ ਗਈ। ਮੀਟਿੰਗ ਵਿੱਚ ਕਿਸਾਨਾਂ ਦੀ ਡੀਏਪੀ ਦੀ ਮੰਗ ’ਤੇ ਏਡੀਸੀ ਕੋਮਲ ਮਿੱਤਲ ਨੇ ਭਰੋਸਾ ਦਿੱਤਾ ਕਿ ਹਫ਼ਤੇ ਅੰਦਰ ਡੀਏਪੀ ਖਾਦ ਦੀ ਸਪਲਾਈ ਸੰਭਾਵਿਤ ਹੈ। ਇਸ ਸਬੰਧੀ ਉਨ੍ਹਾਂ ਨੇ ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਮੀਟਿੰਗ ਵਿੱਚ ਕਿਸਾਨ ਆਗੂ ਮੇਹਰ ਸਿੰਘ ਥੇੜੀ, ਬਲਵੰਤ ਸਿੰਘ ਨੰਡਿਆਲੀ, ਦੀਦਾਰ ਸਿੰਘ ਸਤਾਬਗੜ੍ਹ, ਸੇਵਾ ਸਿੰਘ ਬਾਕਰਪੁਰ, ਦਿਆ ਸਿੰਘ ਬਾਕਰਪੁਰ, ਨਵੀਨ ਮੁਹਾਲੀ, ਹਕੀਕਤ ਸਿੰਘ ਘੜੂੰਆਂ ਅਤੇ ਮਨਪ੍ਰੀਤ ਸਿੰਘ ਖੇੜੀ ਹਾਜ਼ਰ ਸਨ।

Load More Related Articles

Check Also

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ ਸ਼ਿਕਾਇਤਕਰਤਾ ਅਨੁਸਾਰ ਐਸਐਚਓ…