
ਕਿਰਾਏਦਾਰ, ਨੌਕਰ, ਪੇਇੰਗ ਗੈੱਸਟ ਦਾ ਪੂਰਾ ਵੇਰਵਾ ਪੁਲੀਸ ਥਾਣੇ ਵਿੱਚ ਦਰਜ ਕਰਵਾਉਣ ਦੇ ਹੁਕਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਪੰਜਾਬ ਵਿੱਚ ਲਗਾਤਾਰ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਅਤੇ ਕੌਮੀ ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਅਮਿਤ ਤਲਵਾੜ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ ਨੰਬਰ 2) ਦੀ ਧਾਰਾ 144 ਅਧੀਨ ਹੁਕਮ ਜਾਰੀ ਕਰਕੇ ਮੁਹਾਲੀ ਨਗਰ ਨਿਗਮ ਸਮੇਤ ਸਮੁੱਚੇ ਜ਼ਿਲ੍ਹੇ ਅਧੀਨ ਆਉਂਦੀਆਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਆਪਣੇ ਘਰ ਵਿੱਚ ਕਿਰਾਏਦਾਰ/ਨੌਕਰ/ਪੇਇੰਗ ਗੈੱਸਟ ਰੱਖਦਾ ਹੈ ਤਾਂ ਉਸ ਦਾ ਪੂਰਾ ਵੇਰਵਾ ਨੇੜੇ ਦੇ ਪੁਲੀਸ ਥਾਣੇ\ਚੌਕੀ ਵਿੱਚ ਦਰਜ ਕਰਾਉਣਾ ਲਾਜ਼ਮੀ ਹੋਵੇਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜਿਨ੍ਹਾਂ ਮਕਾਨ ਮਾਲਕਾਂ ਨੇ ਅਜੇ ਤਾਈਂ ਆਪਣੇ ਕਿਰਾਏਦਾਰਾਂ\ਨੌਕਰਾਂ ਦੀ ਅਗਾਊਂ ਸੂਚਨਾ ਪੁਲੀਸ ਨੂੰ ਨਹੀਂ ਦਿੱਤੀ ਹੈ, ਉਹ ਤੁਰੰਤ ਲੋੜੀਂਦੀ ਸੂਚਨਾ ਸਬੰਧਤ ਥਾਣੇ ਵਿੱਚ ਦੇਣਾ ਯਕੀਨੀ ਬਣਾਉਣ ਅਤੇ ਭਵਿੱਖ ਵਿੱਚ ਕੋਈ ਵੀ ਮਕਾਨ ਮਾਲਕ ਕਿਰਾਏਦਾਰ/ਨੌਕਰ/ਪੇਇੰਗ ਗੈੱਸਟ ਰੱਖੇਗਾ ਤਾਂ ਉਸ ਦੀ ਸੂਚਨਾ ਇਕ ਹਫ਼ਤੇ ਦੇ ਅੰਦਰ ਅੰਦਰ ਸਬੰਧਤ ਥਾਣੇ ਵਿੱਚ ਦੇਣਾ ਲਾਜ਼ਮੀ ਹੋਵੇਗਾ। ਐੱਸਐੱਸਪੀ ਅਤੇ ਸਬੰਧਤ ਸਮੂਹ ਉਪ ਮੰਡਲ ਮੈਜਿਸਟਰੇਟ (ਐਸਡੀਐਮਜ਼) ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਇੰਨਬਿੰਨ ਪਾਲਣਾ ਕਰਾਉਣਗੇ। ਉਨ੍ਹਾਂ ਕਿਹਾ ਕਿ ਸਬੰਧਤ ਇਲਾਕੇ ਦੇ ਥਾਣਾ ਦਾ ਐਸਐਚਓ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲਈ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਵੇਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਬਿਨਾਂ ਸੂਚਨਾ ਤੋਂ ਰੱਖੇ ਗਏ ਕਿਰਾਏਦਾਰ/ਨੌਕਰ/ਪੇਇੰਗ ਗੈੱਸਟ ਦੇ ਘਰਾਂ ਦੀ ਚੈਕਿੰਗ ਕਰਦੇ ਸਮੇਂ ਮਹਿਲਾ ਪੁਲੀਸ ਨੂੰ ਵੀ ਨਾਲ ਰੱਖਿਆ ਜਾਵੇ। ਸਮੁੱਚੇ ਜ਼ਿਲ੍ਹੇ ਅੰਦਰ ਇਹ ਹੁਕਮ 29 ਅਕਤੂਬਰ 2022 ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ। ਇੱਥੇ ਇਹ ਜ਼ਿਕਰਯੋਗ ਹੈ ਕਿ ਮੁਹਾਲੀ ਸਮੇਤ ਹੋਰ ਨੇੜਲੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਘਰਾਂ ਵਿੱਚ ਕਿਰਾਏਦਾਰ ਰੱਖੇ ਹੋਏ ਹਨ ਅਤੇ ਕਈ ਵਿਅਕਤੀਆਂ ਨੇ ਪੀਜੀ ਨੂੰ ਆਪਣਾ ਰੁਜ਼ਗਾਰ\ਕਾਰੋਬਾਰ ਬਣਾ ਲਿਆ ਹੈ, ਪ੍ਰੰਤੂ ਪੁਲੀਸ ਥਾਣਿਆਂ ਵਿੱਚ ਪੇਇੰਗ ਗੈਸਟ\ਕਿਰਾਏਦਾਰਾਂ ਦਾ ਬਿਉਰਾ ਦਰਜ ਨਹੀਂ ਹੈ। ਪਿੱਛੇ ਜਿਹੇ ਮੁਹਾਲੀ ਸਮੇਤ ਦੂਜੇ ਜ਼ਿਲ੍ਹਿਆਂ ਵਿੱਚ ਵਾਪਰੀਆਂ ਅਪਰਾਧਿਕ ਘਟਨਾਵਾਂ ਨਾਲ ਸਬੰਧਤ ਮੁਲਜ਼ਮਾਂ ਨੂੰ ਮੁਹਾਲੀ ’ਚੋਂ ਵੱਖ-ਵੱਖ ਪੀਜੀ ’ਚੋਂ ਗ੍ਰਿਫ਼ਤਾਰ ਕੀਤਾ ਜਾਂਦਾ ਰਿਹਾ ਹੈ।