Nabaz-e-punjab.com

ਮਾਡਲ ਸੜਕਾਂ ’ਤੇ ਟਰੈਫ਼ਿਕ ਲਾਈਟਾਂ ਵਿੱਚ ਇਕਸਾਰਤਾ ਲਿਆਉਣ ਦਾ ਕੰਮ 7 ਦਿਨਾਂ ਵਿੱਚ ਪੁਰਾ ਕਰਨ ਦੇ ਆਦੇਸ਼

ਹਸਪਤਾਲਾਂ ਤੇ ਸਕੂਲਾਂ ਦੇ ਬਾਹਰ ਸਾਇਲੈਂਸ ਜ਼ੋਨ ਘੋਸ਼ਿਤ ਕਰਨ ਸਬੰਧੀ ਸੂਚਨਾ ਬੋਰਡ ਲਗਾਏ ਜਾਣ: ਸਾਕਸ਼ੀ ਸਾਹਨੀ

ਜ਼ਿਲ੍ਹਾ ਪੱਧਰੀ ਰੋਡ ਸੇਫ਼ਟੀ ਕਮੇਟੀ ਦੀ ਮੀਟਿੰਗ ਵਿੱਚ ਏਡੀਸੀ ਨੇ ਕੀਤੀ ਟਰੈਫ਼ਿਕ ਵਿਵਸਥਾ ਦੀ ਸਮੀਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਗਸਤ:
ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ ਅਤੇ ਫੇਜ਼-3 ਅਤੇ ਫੇਜ਼-5 ਟੀ ਪੁਆਇੰਟ ਤੋਂ ਫੇਜ਼-11 ਵੱਲ ਜਾਂਦੀ ਅੰਦਰਲੀ ਮੁੱਖ ਸੜਕ, ਜਿਨ੍ਹਾਂ ਨੂੰ ਮਾਡਲ ਸੜਕਾਂ ਵਜੋਂ ਤਿਆਰ ਕੀਤਾ ਰਿਹਾ ਹੈ, ਉੱਤੇ ਟਰੈਫ਼ਿਕ ਲਾਈਟਾਂ ਵਿੱਚ ਇਕਸਾਰਤਾ (ਸਿੰਕਰੋਨਾਈਜੇਸ਼ਨ) ਲਿਆਉਣ ਦਾ ਕੰਮ ਇਕ ਹਫ਼ਤੇ ਵਿੱਚ ਪੂਰਾ ਕੀਤਾ ਜਾਵੇ ਤਾਂ ਜੋ ਇਨ੍ਹਾਂ ਸੜਕਾਂ ’ਤੇ ਟਰੈਫ਼ਿਕ ਨੂੰ ਸੁਚਾਰੂ ਅਤੇ ਸੁਖਾਵੇਂ ਢੰਗ ਨਾਲ ਚਲਾਇਆ ਜਾ ਸਕੇ। ਇਹ ਹਦਾਇਤਾਂ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਪੱਧਰੀ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੀਆਂ।
ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਮੁਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਫੇਜ਼-5 ਤੋਂ ਚੀਮਾ ਹਸਪਤਾਲ ਤੱਕ ਬਣਨ ਵਾਲੇ ਸਲਿੱਪ ਰੋਡ ਦੇ ਡਿਵਾਈਡਰ, ਹਸਪਤਾਲਾਂ ਅਤੇ ਸਕੂਲਾਂ ਦੇ ਬਾਹਰ ਸਾਇਲੈਂਸ ਜ਼ੋਨ ਘੋਸ਼ਿਤ ਸਬੰਧੀ ਸਾਈਨ ਬੋਰਡ ਲਗਾਉਣ ਅਤੇ ਜ਼ੈਬਰਾ ਕਰਾਸਿੰਗ ਬਣਾਉਣ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਹਦਾਇਤ ਕੀਤੀ ਕਿ ਹਸਪਤਾਲਾਂ ਅਤੇ ਸਕੂਲਾਂ ਦੇ ਬਾਹਰ ਸਾਇਲੈਂਸ ਜ਼ੋਨ ਦੇ ਸਾਈਨ ਬੋਰਡ ਲਗਾਉਣ ਦਾ ਕੰਮ ਛੇਤੀ ਪੂਰਾ ਕੀਤਾ ਜਾਵੇ। ਉਨ੍ਹਾਂ ਗਮਾਡਾ ਦੇ ਅਧਿਕਾਰੀਆਂ ਤੋਂ ਜਿੱਥੇ ਏਅਰਪੋਰਟ ਸੜਕ ਦੇ ਸੁੰਦਰੀਕਰਨ ਦੇ ਚੱਲ ਰਹੇ ਕੰਮ ਬਾਰੇ ਜਾਣਕਾਰੀ ਹਾਸਲ ਕੀਤੀ, ਉੱਥੇ ਇਸ ਸੜਕ ’ਤੇ ਐਲਈਡੀ ਲਾਈਟਾਂ ਅਤੇ ਸਾਈਨ ਬੋਰਡ ਲਾਉਣ ਦੇ ਕਾਰਜ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਕੌਮੀ ਸ਼ਾਹਰਾਹ ਅਥਾਰਟੀ (ਐਨਐਚਏਆਈ) ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ੀਰਕਪੁਰ ਵਿੱਚ ਕੌਮੀ ਸ਼ਾਹਰਾਹ ਉੱਤੇ ਨਾਜਾਇਜ਼ ਕਬਜ਼ੇ ਹਟਾਉਣ ਵਿੱਚ ਜੇ ਕੋਈ ਦਿੱਕਤ ਆਉਂਦੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀ ਜਾਵੇ।
ਸ੍ਰੀਮਤੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਸ਼ਾਹਰਾਹ ਉੱਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਪਾਰਕਿੰਗ ਦੇ ਮਸਲੇ ਦਾ ਹੱਲ ਕਰਨ ਲਈ ਜਿੱਥੇ ਹਸਪਤਾਲ ਦਾ ਗੇਟ ਚੌੜਾ ਕਰਨ ਦੀ ਹਦਾਇਤ ਕੀਤੀ, ਉੱਥੇ ਹਸਪਤਾਲ ਦੇ ਬਾਹਰ ਖੜ੍ਹਦੀਆਂ ਬੱਸਾਂ ’ਤੇ ਵੀ ਰੋਕ ਲਾਉਣ ਦੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਆਵਾਜਾਈ ਦਾ ਪ੍ਰਵਾਹ ਸੁਚਾਰੂ ਰੱਖਣਾ ਪ੍ਰਸ਼ਾਸਨ ਦੀ ਮੁੱਖ ਤਰਜ਼ੀਹ ਹੈ, ਜਿਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ, ਐਸਡੀਐਮ ਡੇਰਾਬੱਸੀ ਸ੍ਰੀਮਤੀ ਪੂਜਾ ਗਰੇਵਾਲ, ਐਸਡੀਐਮ ਖਰੜ ਵਿਨੋਦ ਬਾਂਸਲ, ਆਰਟੀਏ ਦੇ ਸਕੱਤਰ ਸੁਖਵਿੰਦਰ ਕੁਮਾਰ ਸਮੇਤ ਜ਼ਿਲ੍ਹਾ ਪੱਧਰੀ ਰੋਡ ਸੇਫ਼ਟੀ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…