
ਡੀਸੀ ਦੇ ਹੁਕਮਾਂ ’ਤੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਹਰ ਵੀਰਵਾਰ ਨੂੰ ਰੁਜ਼ਗਾਰ ਕੈਂਪ ਲਗਾਉਣ ਦਾ ਫ਼ੈਸਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਉੱਤੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਹਰੇਕ ਵੀਰਵਾਰ ਨੂੰ ਰੁਜ਼ਗਾਰ ਕੈਂਪ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਹ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਮਰਾ ਨੰਬਰ-461, ਤੀਜੀ ਮੰਜ਼ਲ ’ਤੇ ਲਾਇਆ ਜਾਵੇਗਾ। ਜਿਸ ਵਿੱਚ ਅੱਠਵੀਂ/ਦਸਵੀਂ/ਬਾਰ੍ਹਵੀਂ/ਗਰੈਜੂਏਟ ਅਤੇ ਪੋਸਟ ਗਰੈਜੂਏਟ (ਕੋਈ ਵੀ ਸਟਰੀਮ ਵਿੱਚ) ਵਿੱਦਿਅਕ ਯੋਗਤਾ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਰੁਜ਼ਗਾਰ ਬਿਊਰੋ ਦੇ ਚੇਅਰਮੈਨ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸੇ ਤਰਜ਼ ’ਤੇ 16 ਫਰਵਰੀ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ। ਜਿਸ ਵਿੱਚ ਐਕਸਿਸ ਬੈਂਕ, ਐਲੀਨਾ ਆਟੋ, ਐਮਜੀ ਬੇਕਰ (ਨਿੱਕ ਬੇਕਰ) ਅਤੇ ਕੋਆਡਰੈਂਟ ਟੈਲੀਵੈਂਚਰ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਪਲੇਸਮੈਂਟ ਕੈਂਪ ਵਿੱਚ ਕੁਆਲਿਟੀ ਆਡੀਟਰ,ਅਕਾਊਂਟੈਂਟ, ਕੁੱਕ, ਵੇਟਰ, ਕਾਊਂਟਰ ਸਰਵਿਸ, ਰਿਲੇਸ਼ਨਸ਼ਿਪ ਅਫ਼ਸਰ, ਕਸਟਮਰ ਕੇਅਰ ਐਗਜੈਕਟਿਵ ਆਦਿ ਅਸਾਮੀਆਂ ਦੀ ਪਲੇਸਮੈਂਟ ਕੀਤੀ ਜਾਵੇਗੀ। ਜਿਸ ਵਿੱਚ ਦਸਵੀਂ, ਬਾਰ੍ਹਵੀਂ, ਗਰੈਜੂਏਟ (ਕਿਸੇ ਵੀ ਸਟਰੀਮ ਵਿੱਚ) ਅਤੇ ਹੋਟਲ ਮੈਨੇਜਮੈਂਟ, ਆਈਟੀਆਈ (ਫਿਟਰ/ਟਰਨਰ/ਮਕੈਨੀਸਿਟ/ ਫੂਡ ਪ੍ਰੋਡਕਸ਼ਨ/ਬੇਕਰੀ) ਆਦਿ ਭਾਗ ਲੈ ਸਕਦੇ ਹਨ।
ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਇਨ੍ਹਾਂ ਪਲੇਸਮੈਂਟ ਕੈਂਪਸ ਅਧੀਨ ਜ਼ਿਲ੍ਹੇ ਦੇ ਵੱਖ-ਵੱਖ ਅਦਾਰੇ ਜਿਵੇਂ ਕਿ ਬੈਕ, ਇੰਸ਼ੋਰੈਂਸ ਕੰਪਨੀਆਂ, ਆਟੋ-ਮੋਬਾਈਲ ਕੰਪਨੀਆਂ, ਮੈਨੂਫੈਕਚਰਿੰਗ ਅਤੇ ਲੋਗਿਸਟਿਕ ਕੰਪਨੀਆਂ ਰਿਟੇਲ/ਮਾਲਸ/ਬੀਪੀਓ/ਆਈਟੀ ਆਦਿ ਸੈਕਟਰ ਦੀਆਂ ਕੰਪਨੀਆਂ ਭਾਗ ਲੈਣਗੀਆਂ ਅਤੇ ਯੋਗ ਪ੍ਰਾਰਥੀਆਂ ਦੀ ਮੌਕੇ ਤੇ ਹੀ ਚੋਣ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਦਫ਼ਤਰ ਵੱਲੋਂ ਸਕਿੱਲ ਕੈਂਪਾਂ ਆਦਿ ਦਾ ਆਯੋਜਨ ਸਮੇਂ-ਸਮੇਂ ’ਤੇ ਕੀਤਾ ਜਾਂਦਾ ਹੈ ਤਾਂ ਜੋ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਅਵਸਰ ਮੁਹੱਈਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮਨਿਰਭਰ ਬਣਾਇਆ ਜਾ ਸਕੇ।
ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੋੜੀਂਦੇ ਦਸਤਾਵੇਜ਼ ਅਤੇ ਰਿਜੀਊਮ ਨਾਲ ਲੈ ਕੇ ਉਕਤ ਪਲੇਸਮੈਂਟ ਕੈਂਪ ਵਿੱਚ ਨਿਰਧਾਰਿਤ ਸਥਾਨ ਤੇ ਸਮੇਂ ਸਿਰ ਪਹੁੰਚਣ ਅਤੇ ਇਸ ਵਾਕ ਇੰਨ ਇੰਟਰਵਿਊ ਦਾ ਵੱਧ ਤੋਂ ਵੱਧ ਲਾਭ ਲੈਣ। ਵੀਰਵਾਰ ਪਲੇਸਮੈਂਟ ਕੈਂਪ ਵਿੱਚ ਹਿੱਸਾ ਲੈਣ ਲਈ ਯੋਗ ਪ੍ਰਾਰਥੀ http://surl.li/ewafo ’ਤੇ ਰਜਿਸਟਰ ਕਰ ਸਕਦੇ ਹਨ ਜਾਂ ਸਿੱਧੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਦਫ਼ਤਰ ਹਰ ਵੀਰਵਾਰ ਸਵੇਰੇ 10 ਵਜੇ ਪਹੁੰਚ ਕੇ ਰੁਜ਼ਗਾਰ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ।