ਸੁਰੱਖਿਆ ਪ੍ਰੋਟੋਕਾਲ ਦੀ ਉਲੰਘਣਾ ਕਰਨ ਵਾਲੇ ਚਾਰ ਸਕੂਲ ਬੰਦ ਕਰਨ ਦੇ ਹੁਕਮ

ਸਕੂਲ ਸਟਾਫ਼ ਦਾ 100 ਫੀਸਦੀ ਟੀਕਾਕਰਨ ਯਕੀਨੀ ਬਣਾਉਣ ਲਈ ਮੁਹਾਲੀ ਪ੍ਰਸ਼ਾਸਨ ਨੇ ਕਮਰ ਕਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਮੁਹਾਲੀ ਜ਼ਿਲ੍ਹੇ ਦੀਆਂ ਤਿੰਨ ਸਬ ਡਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟਾਂ (ਐਸਡੀਐਮਜ਼) ਨੇ ਅੱਜ ਆਪੋ-ਆਪਣੇ ਅਧਿਕਾਰ ਖੇਤਰਾਂ ਦੇ ਸਕੂਲਾਂ ਦੀ ਅਚਨਚੇਤ ਜਾਂਚ ਕੀਤੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਰ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਜਾਣਕਾਰੀ ਅੱਜ ਦੇਰ ਸ਼ਾਮ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੀਆਂ ਰਿਪੋਰਟਾਂ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਨੇ ਸਕੂਲ ਸਟਾਫ਼ ਦੇ 100 ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਅਚਨਚੇਤ ਚੈਕਿੰਗ ਮੁਹਿੰਮ ਵਿੱਢਣ ਦਾ ਫੈਸਲਾ ਲਿਆ ਹੈ।
ਉਨ੍ਹਾਂ ਦੱਸਿਆ ਕਿ ਅੱਜ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਮੁਹਾਲੀ ਦੇ ਐਸਡੀਐਮ ਹਰਬੰਸ ਸਿੰਘ ਦੀ ਅਗਵਾਈ ਹੇਠ ਜਿਤੇਂਦਰ ਵੀਰ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਅਤੇ ਸਮਾਰਟ ਵੰਡਰ ਸਕੂਲ ਸੈਕਟਰ-71 ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕੂਲ ਸਟਾਫ਼ ਦੇ ਟੀਕਾਕਰਨ ਰਿਕਾਰਡ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਵਹਿੱਤਕਾਰੀ ਸਕੂਲ ਦੀ ਪ੍ਰਿੰਸੀਪਲ ਕਵਿਤਾ ਅੱਤਰੀ ਨੂੰ ਕੋਵਿਡ-19 ਦੀ ਇੱਕ ਵੀ ਖੁਰਾਕ ਨਹੀਂ ਦਿੱਤੀ ਗਈ, ਜਦੋਂਕਿ ਸੱਤ ਅਧਿਆਪਕਾਂ ਨੇ ਟੀਕੇ ਦੀ ਸਿਰਫ਼ ਇਕ ਖੁਰਾਕ ਲਈ ਹੈ। ਉਨ੍ਹਾਂ ਦੱਸਿਆ ਕਿ ਸਵੀਪਰ ਅਤੇ ਬੱਚਿਆਂ ਸੰਭਾਲ ਕਰਨ ਵਾਲੀ ਸਟਾਫ਼ ਮੈਂਬਰ ਨੂੰ ਵੀ ਟੀਕਾਕਰਨ ਦੀ ਇਕ ਵੀ ਖੁਰਾਕ ਨਹੀਂ ਦਿੱਤੀ ਗਈ। ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨਾ ਕਰਨ ਕਾਰਨ ਅਗਲੇ ਨਿਰਦੇਸ਼ਾਂ ਤੱਕ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਚੈਕਿੰਗ ਦੌਰਾਨ ਸਮਾਰਟ ਵੰਡਰਜ਼ ਸਕੂਲ ਦੇ ਰਿਕਾਰਡ ਠੀਕ ਪਾਏ ਗਏ।
ਡੀਸੀ ਨੇ ਦੱਸਿਆ ਕਿ ਖਰੜ ਦੇ ਐਸਡੀਐਮ ਆਕਾਸ਼ ਬਾਂਸਲ ਨੇ ਡੀਏਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਵਿੱਚ ਨਿਰੀਖਣ ਕੀਤਾ ਅਤੇ ਪਾਇਆ ਕਿ 18 ਸਟਾਫ਼ ਮੈਂਬਰਾਂ ਨੇ ਸਿਰਫ ਇੱਕ ਖੁਰਾਕ ਲਈ ਹੈ, ਜੋ ਕਿ ਨਿਯਮਾਂ ਦੀ ਸਪੱਸ਼ਟ ਉਲੰਘਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਦੀ ਹਾਜ਼ਰੀ 50 ਫੀਸਦੀ ਦੇ ਨਿਯਮਾਂ ਦੇ ਵਿਰੁੱਧ ਕੁੱਲ ਗਿਣਤੀ ਦੇ 80 ਫੀਸਦੀ ਤੋਂ ਵੱਧ ਸੀ। ਇਸ ਦੌਰਾਨ ਡੇਰਾਬੱਸੀ ਦੇ ਐਸਡੀਐਮ ਨੇ ਦੋ ਸਕੂਲਾਂ ਮਾਨਵ ਮੰਗਲ ਸਮਾਰਟ ਸਕੂਲ, ਜ਼ੀਰਕਪੁਰ ਅਤੇ ਦਿੱਲੀ ਵਰਲਡ ਪਬਲਿਕ ਸਕੂਲ, ਜ਼ੀਰਕਪੁਰ ਵਿੱਚ ਚੈਕਿੰਗ ਕੀਤੀ।
ਡੀਸੀ ਨੇ ਦੱਸਿਆ ਕਿ ਕਿ ਮਾਨਵ ਮੰਗਲ ਸਮਾਰਟ ਸਕੂਲ ਦੇ 52 ਸਟਾਫ਼ ਮੈਂਬਰਾਂ ਨੂੰ ਟੀਕੇ ਦੀ ਦੂਜੀ ਖੁਰਾਕ ਨਹੀਂ ਦਿੱਤੀ ਗਈ, ਜਦੋਂਕਿ ਦਿੱਲੀ ਵਰਲਡ ਪਬਲਿਕ ਸਕੂਲ ਦੇ 27 ਸਟਾਫ਼ ਮੈਂਬਰਾਂ ਨੇ ਟੀਕੇ ਦੀ ਦੂਜੀ ਖੁਰਾਕ ਨਹੀਂ ਲਈ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਐਸਡੀਐਮਜ਼ ਨੇ ਅਗਲੇ ਨਿਰਦੇਸ਼ਾਂ ਤੱਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਰੇ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਇਨ੍ਹਾਂ ਸਕੂਲਾਂ ਖ਼ਿਲਾਫ਼ ਢੁਕਵੀਂ ਕਾਰਵਾਈ ਕਰਨ ਲਈ ਕਹਿ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲੀਸ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਸਕੂਲਾਂ ਵਿਰੁੱਧ ਐਫ਼ਆਈਆਰ ਦਰਜ ਕਰਨ, ਜਿਨ੍ਹਾਂ ਨੇ ਅਧਿਆਪਕਾਂ/ਸਟਾਫ਼ ਨੂੰ ਬਿਨਾਂ ਮੁਕੰਮਲ ਟੀਕਾਕਰਨ ਦੇ ਬੁਲਾ ਕੇ ਵਿਦਿਆਰਥੀਆਂ ਦੀ ਸਿਹਤ ਨੂੰ ਖ਼ਤਰੇ ਵਿੱਚ ਪਾਇਆ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…