ਲਾਲ ਡੋਰੇ ਅੰਦਰ ਵਸਨੀਕਾਂ ਨੂੰ ਮਾਲਕੀ ਦੇ ਹੱਕ ਦਿਵਾਉਣ ਲਈ ਨਕਸ਼ਿਆਂ ਦਾ ਕੰਮ ਛੇਤੀ ਮੁਕੰਮਲ ਕਰਨ ਦੇ ਹੁਕਮ
ਸਬ ਡਵੀਜ਼ਨਾਂ ਦੇ ਮਾਲ ਅਫ਼ਸਰਾਂ ਦੀ ਸਮੇਂ-ਸਮੇਂ ’ਤੇ ਪ੍ਰਗਤੀ ਦੀ ਜਾਂਚ ਕਰਨ ਐਸਡੀਐਮਜ਼: ਡੀਸੀ ਆਸ਼ਿਕਾ ਜੈਨ
ਇੰਤਕਾਲ, ਤਕਸੀਮ ਕੇਸਾਂ ਦੇ ਨਿਪਟਾਰੇ ਅਤੇ ਜਮਾਂਬੰਦੀਆਂ ਦੀ ਮੁਕੰਮਲਤਾ ਨੂੰ ਪਹਿਲ ਦੇ ਆਧਾਰ ’ਤੇ ਲਿਆ ਜਾਵੇ
ਨਬਜ਼-ਏ-ਪੰਜਾਬ, ਮੁਹਾਲੀ, 14 ਫਰਵਰੀ:
ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਲਾਲ ਡੋਰੇ ਅੰਦਰ ਵਸਨੀਕਾਂ ਨੂੰ ਮਾਲਕੀ ਹੱਕ ਦਿਵਾਉਣ ਲਈ ਸਵਾਮੀਤਵਾ ਸਕੀਮ ਤਹਿਤ ਨਕਸ਼ਿਆਂ ਬਾਬਤ ਗਤੀਵਿਧੀਆਂ ਨੂੰ ਛੇਤੀ ਮੁਕੰਮਲ ਕਰਨ ਲਈ ਸਮੂਹ ਐਸਡੀਐਮਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਮਾਲ ਅਫ਼ਸਰਾਂ ਅਤੇ ਉਪ ਮੰਡਲ ਮੈਜਿਸਟਰੇਟਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਵਾਮੀਤਵਾ ਨਾਲ ਸਬੰਧਤ ਪ੍ਰਗਤੀ ਦੀ ਉਪ ਮੰਡਲ ਮੈਜਿਸਟ੍ਰੇਟ ਵੱਲੋਂ ਨਿਯਮਤ ਤੌਰ ’ਤੇ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕੰਮ ਨੂੰ ਤੇਜ਼ ਕੀਤਾ ਜਾ ਸਕੇ। ਉਨ੍ਹਾਂ ਮੁਹਾਲੀ ਅਤੇ ਖਰੜ ਸਬ ਡਵੀਜ਼ਨਾਂ ਨੂੰ ਸੌਂਪੇ ਗਏ ਨਕਸ਼ੇ-2 ਦੀ ਪੜਤਾਲ ਕਰਨ ਦੇ ਵੀ ਆਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਕੀਲਾਂ ਦੀ ਜਥੇਬੰਦੀ ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ਼ ਅਤੇ ਆਮ ਆਦਮੀ-ਘਰ ਬਚਾਓ ਮੋਰਚਾ ਨੇ ਡੀਸੀ ਆਸ਼ਿਕਾ ਜੈਨ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਕਿਹਾ ਸੀ ਕਿ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੀਆਂ ਲਾਲ ਲਕੀਰ ਅੰਦਰ ਪਲਾਟਾਂ/ਮਕਾਨਾਂ ਦੀਆਂ ਰਜਿਸਟਰੀਆਂ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਖੱਜਲ-ਖੁਆਰ ਹੋਣਾ ਪੈਣਾ ਪੈ ਰਿਹਾ ਹੈ। ਇਹ ਖ਼ਬਰਾਂ ਮੀਡੀਆ ਦੀ ਸੁਰਖ਼ੀਆਂ ਬਣੀਆਂ ਸਨ।
ਡੀਸੀ ਆਸ਼ਿਕਾ ਜੈਨ ਨੇ ਇੰਤਕਾਲ ਅਤੇ ਬਟਵਾਰੇ ਦੇ ਪੈਂਡਿੰਗ ਕੇਸਾਂ ਦਾ ਜਾਇਜ਼ਾ ਲੈਂਦਿਆਂ ਮਾਲ ਅਫ਼ਸਰਾਂ ਅਤੇ ਐਸਡੀਐਮਜ਼ ਨੂੰ ਕਿਹਾ ਕਿ ਇਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਮਾਲ ਵਿਭਾਗ ਦੇ ਫੀਲਡ ਸਟਾਫ਼ ਰਾਹੀਂ ਜਮ੍ਹਾਂਬੰਦੀਆਂ ਨੂੰ ਸਖ਼ਤੀ ਨਾਲ ਮੁਕੰਮਲ ਕਰਨ ਅਤੇ ਕਰਮਚਾਰੀ ਦੇ ਇੱਕ ਪਟਵਾਰ ਸਰਕਲ ਤੋਂ ਦੂਜੇ ਪਟਵਾਰ ਸਰਕਲ ਵਿੱਚ ਤਬਦੀਲ ਹੋਣ ਦੀ ਸੂਰਤ ਵਿੱਚ ਜਮ੍ਹਾਂਬੰਦੀਆਂ ਦੇ ਮੁਕੰਮਲ ਹੋਣ ਤੱਕ ਕਿਸੇ ਵੀ ਹਾਲਤ ਵਿੱਚ ਰਿਲੀਵ ਨਾ ਕੀਤਾ ਜਾਵੇ। ਸੈਕਸ਼ਨ-47-ਏ ਅਧੀਨ ਸਟੈਂਪ ਡਿਊਟੀਆਂ ਅਤੇ ਅਦਾਲਤੀ ਹੁਕਮਾਂ ਅਨੁਸਾਰ ਬਕਾਇਆ ਦੀ ਘਾਟ ਵਸੂਲੀ ’ਤੇ ਚਿੰਤਾ ਜ਼ਾਹਰ ਕਰਦਿਆਂ ਡੀਸੀ ਨੇ ਕਿਹਾ ਕਿ ਇਨ੍ਹਾਂ ਵਸੂਲੀਆਂ ਰਿਕਵਰੀ ਵਿੱਚ ਵਾਧਾ ਕੀਤਾ ਜਾਵੇ। ਡੀਸੀ ਨੇ ਮਾਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਸਬ ਰਜਿਸਟਰਾਰ ਦਫ਼ਤਰਾਂ ਅਤੇ ਤਹਿਸੀਲ ਦਫ਼ਤਰਾਂ ਵਿੱਚ ਲੋਕਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ ਅਤੇ ਸੇਵਾਵਾਂ ਬਿਨਾਂ ਕਿਸੇ ਦੇਰੀ ਦੇ ਦਿੱਤੀਆਂ ਜਾਣ।
ਮੀਟਿੰਗ ਵਿੱਚ ਏਡੀਸੀ (ਜ) ਵਿਰਾਜ ਐਸ ਤਿੜਕੇ, ਐਸਡੀਐਮਜ਼ ਅਮਿਤ ਗੁਪਤਾ ਡੇਰਾਬੱਸੀ, ਦਮਨਦੀਪ ਕੌਰ ਮੁਹਾਲੀ ਅਤੇ ਗੁਰਮੰਦਰ ਸਿੰਘ ਖਰੜ, ਸਬ ਰਜਿਸਟਰਾਰ ਖਰੜ ਤੋਂ ਨਵਪ੍ਰੀਤ ਸਿੰਘ ਸ਼ੇਰਗਿੱਲ, ਮੁਹਾਲੀ ਤੋਂ ਜਸਪ੍ਰੀਤ ਸਿੰਘ, ਤਹਿਸੀਲਦਾਰਾਂ ਵਿੱਚ ਡੇਰਾਬੱਸੀ ਤੋਂ ਬੀਰਕਰਨ ਸਿੰਘ, ਖਰੜ ਤੋਂ ਜਸਵਿੰਦਰ ਸਿੰਘ, ਮੁਹਾਲੀ ਤੋਂ ਅਰਜੁਨ ਸਿੰਘ ਗਰੇਵਾਲ, ਨਾਇਬ ਤਹਿਸੀਲਦਾਰ ਹਿਰਦੇਪਾਲ, ਵਿਵੇਕ ਨਿਰਮੋਹੀ, ਗੁਰਪ੍ਰੀਤ ਕੰਬੋਜ ਅਤੇ ਰਣਬੀਰ ਸਿੰਘ ਸ਼ਾਮਲ ਸਨ।