ਆਵਾਰਾ ਕੁੱਤਿਆਂ ’ਤੇ ਕਾਬੂ ਪਾਉਣ ਲਈ ਪਸ਼ੂ ਜਨਮ ਨਿਯੰਤਰਨ ਪ੍ਰੋਗਰਾਮ ਤੁਰੰਤ ਸ਼ੁਰੂ ਕਰਨ ਦੇ ਆਦੇਸ਼
ਏਡੀਸੀ ਸੋਨਮ ਚੌਧਰੀ ਵੱਲੋਂ ਐਂਬੂਲੈਂਸਾਂ ਤੇ ਪਸ਼ੂ ਉਠਾਉਣ ਵਾਲੇ ਵਾਹਨਾਂ ਦੀ ਜਲਦੀ ਖ਼ਰੀਦ ’ਤੇ ਜ਼ੋਰ
ਬੀਮਾਰ ਤੇ ਜ਼ਖ਼ਮੀ ਪਸ਼ੂਆਂ ਨੂੰ ਰੱਖਣ ਲਈ ‘ਲਾਲੜੂ ਇਨਫਰਮਰੀ’ ਨੂੰ ਜਲਦ ਪੂਰਾ ਕਰਨ ਲਈ ਕਿਹਾ
ਨਬਜ਼-ਏ-ਪੰਜਾਬ, ਮੁਹਾਲੀ, 30 ਜਨਵਰੀ:
ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਨੇ ਸੁਸਾਇਟੀ ਫਾਰ ਪ੍ਰੀਵੈਨਸ਼ਨ ਆਫ਼ ਕਰੂਏਲਟੀ ਟੂ ਐਨੀਮਲਜ਼ (ਐਸਪੀਸੀਏ) ਦੀ ਮੀਟਿੰਗ ਦੌਰਾਨ ਮੁਹਾਲੀ ਨਗਰ ਨਿਗਮ ਸਮੇਤ ਸਮੂਹ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਨੂੰ ਆਪੋ-ਆਪਣੇ ਖੇਤਰਾਂ ਲਈ ਐਂਬੂਲੈਂਸ-ਕਮ-ਐਨੀਮਲ ਲਿਫ਼ਟਰ ਵਾਹਨ ਜਲਦੀ ਖ਼ਰੀਦਣ ਦੇ ਆਦੇਸ਼ ਦਿੱਤੇ। ਅੱਜ ਇੱਥੇ ਐਸਪੀਸੀਏ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਏਡੀਸੀ ਸੋਨਮ ਚੌਧਰੀ ਨੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਆਵਾਰਾ ਕੁੱਤਿਆਂ ਦੀ ਸਮੱਸਿਆ ਅਤੇ ਆਬਾਦੀ ਨੂੰ ਰੋਕਣ ਲਈ ਪਸ਼ੂ ਜਨਮ ਨਿਯੰਤਰਨ ਪ੍ਰੋਗਰਾਮ ਤੁਰੰਤ ਸ਼ੁਰੂ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਪ੍ਰੋਗਰਾਮ ਸ਼ੁਰੂ ਕਰਨ ਵਿੱਚ ਦੇਰੀ ਨਾਲ ਆਵਾਰਾ ਕੁੱਤਿਆਂ ਦੇ ਕੱਟਣ ਦੇ ਮਾਮਲੇ ਵਧਣ ਲਈ ਸਬੰਧਤ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਕਾਬਿਲੇਗੌਰ ਹੈ ਕਿ ਹੁਣ ਤੱਕ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਨੇ ਕਈ ਵਿਅਕਤੀਆਂ ਜਿਨ੍ਹਾਂ ਵਿੱਚ ਬੱਚੇ ਅਤੇ ਅੌਰਤਾਂ ਸ਼ਾਮਲ ਹਨ, ਨੂੰ ਬੁਰੀ ਤਰ੍ਹਾਂ ਵੱਢਿਆ ਗਿਆ ਹੈ। ਕਈ ਥਾਵਾਂ ’ਤੇ ਆਵਾਰਾ ਕੁੱਤੇ ਲੋਕਾਂ ਦੇ ਪਿੱਛੇ ਭੱਜਦੇ ਹਨ।
ਇੰਜ ਹੀ ਪਸ਼ੂ ਪਾਲਣ ਵਿਭਾਗ ਨੂੰ ਅਵਾਰਾ ਕੁੱਤਿਆਂ ਨੂੰ ਐਂਟੀ ਰੈਬੀਜ਼ (ਹਲਕਾਅ ਤੋਂ ਬਚਾਅ) ਦਵਾਈ ਦੇ ਨਾਲ-ਨਾਲ ਟੀਕਾਕਰਨ ਲਈ ਮਹੀਨਾਵਾਰ ਐਂਟੀ-ਰੇਬੀਜ਼ ਕੈਂਪਾਂ ਦੀ ਗਿਣਤੀ ਇੱਕ ਮਹੀਨੇ ਤੋਂ ਵਧਾ ਕੇ ਦੋ ਮਹੀਨੇ ਕਰਨ ਲਈ ਕਿਹਾ ਹੈ। ਲਾਲੜੂ (ਮਗਰਾ ਕੈਟਲ ਪੌਂਡ) ਵਿਖੇ ਬਣ ਰਹੀ ‘ਲਾਲੜੂ ਇਨਫਰਮਰੀ’ ਦਾ ਜਾਇਜ਼ਾ ਲੈਂਦਿਆਂ ਏਡੀਸੀ ਨੇ ਲਾਲੜੂ ਨਗਰ ਕੌਂਸਲ ਨੂੰ ਬੀਮਾਰ ਅਤੇ ਜ਼ਖ਼ਮੀ ਪਸ਼ੂਆਂ ਨੂੰ ਉੱਥੇ ਰੱਖਣ ਲਈ ਜਲਦੀ ਇਨਫਰਮਰੀ ਦੇ ਕੰਮ ਨੂੰ ਪੂਰਾ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਰੱਖਣ ਵਾਲੇ ਐਨਕਲੋਜ਼ਰ ਪ੍ਰਜਾਤੀ ਅਤੇ ਆਕਾਰ ਅਨੁਸਾਰ ਹੋਣੇ ਚਾਹੀਦੇ ਹਨ ਤਾਂ ਜੋ ਜਾਨਵਰਾਂ ਨੂੰ ਉੱਥੇ ਰਹਿਣ ਦੌਰਾਨ ਕੋਈ ਅਸੁਵਿਧਾ ਮਹਿਸੂਸ ਨਾ ਹੋਵੇ। ਈਓ ਲਾਲੜੂ ਨੂੰ ਇਨਫਰਮਰੀ ਅਧੀਨ ਜ਼ਮੀਨ ਦੀ ਟਾਈਟਲ ਡੀਡ (ਮਾਲਕੀ) ਐਸਪੀਸੀਏ ਦੇ ਨਾਂ ’ਤੇ ਤਬਦੀਲ ਕਰਨ ਲਈ ਵੀ ਕਿਹਾ ਹੈ। ਲਾਲੜੂ ਦੇ ਕਾਰਜਸਾਧਕ ਅਫ਼ਸਰ ਗੁਰਬਖ਼ਸ਼ੀਸ਼ ਸਿੰਘ ਨੂੰ ਮਗਰਾ ਕੈਟਲ ਪੌਂਡ ਵਿਖੇ ਬਾਇਓ-ਮਾਸ ਆਧਾਰਿਤ ਬਿਜਲੀ ਜਨਰੇਟਰ ਨੂੰ ਪੂਰੀ ਸਮਰੱਥਾ ’ਤੇ ਚਲਾਉਣ ਲਈ ਗੋਹੇ ਵਾਲੇ ਪਾਣੀ ਦੇ ਟੋਇਆਂ (ਸਲੱਰੀ ਪਿਟਸ) ਦੀ ਸਫ਼ਾਈ ਦਾ ਕੰਮ ਕਰਵਾਉਣ ਲਈ ਵੀ ਕਿਹਾ ਹੈ। ਇਹ ਜਨਰੇਟਰ 10ਕੇਵੀ ਬਿਜਲੀ ਪੈਦਾ ਕਰਦਾ ਹੈ।
ਮੀਟਿੰਗ ਵਿੱਚ ਗਮਾਡਾ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਈਕੋਸਿਟੀ ਅਤੇ ਐਰੋਸਿਟੀ ਵਿੱਚ ਪਸ਼ੂ ਜਨਮ ਨਿਯੰਤਰਨ ਮੁਹਿੰਮ ਸ਼ੁਰੂ ਕਰਨ ਬਾਰੇ ਵੀ ਵਿਚਾਰ-ਚਰਚਾ ਕੀਤੀ। ਇਸ ਸਬੰਧੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਪੱਤਰ ਲਿਖਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿੱਚ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਿਵਕਾਂਤ ਗੁਪਤਾ, ਸ਼ਹਿਰੀ ਸਥਾਨਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਸੁਸਾਇਟੀ ਦੇ ਗੈਰ-ਸਰਕਾਰੀ ਮੈਂਬਰ ਹਾਜ਼ਰ ਸਨ।