ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਆਦੇਸ਼

ਮਰੀਜ਼ ਨੂੰ ਸਾਰੀਆਂ ਦਵਾਈਆਂ ਸਿਹਤ ਸੰਸਥਾਵਾਂ ਦੇ ਅੰਦਰੋਂ ਮਿਲਣਾ ਯਕੀਨੀ ਬਣਾਇਆ ਜਾਵੇ: ਡਾ. ਸੰਗੀਤਾ ਜੈਨ

ਸਿਵਲ ਸਰਜਨ ਨੇ ਸਮੂਹ ਐਸਐਮਓਜ਼ ਤੇ ਪ੍ਰੋਗਰਾਮ ਅਫ਼ਸਰਾਂ ਨਾਲ ਕੀਤੀ ਅਹਿਮ ਮੀਟਿੰਗ

ਨਬਜ਼-ਏ-ਪੰਜਾਬ, ਮੁਹਾਲੀ, 19 ਫਰਵਰੀ:
ਮੁਹਾਲੀ ਦੀ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਅੱਜ ਸਮੂਹ ਐਸਐਮਓਜ਼ ਅਤੇ ਪ੍ਰੋਗਰਾਮ ਅਫ਼ਸਰਾਂ ਨਾਲ ਮੀਟਿੰਗ ਕੀਤੀ ਅਤੇ ਜ਼ਿਲ੍ਹੇ ਅੰਦਰ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਦੀ ਕਾਰਜਪ੍ਰਣਾਲੀ, ਸਿਹਤ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੁਹਾਲੀ ਦੇ ਨਾਗਰਿਕਾਂ ਨੂੰ ਬਿਹਤਰ, ਮਿਆਰੀ ਤੇ ਸਮਾਂਬੱਧ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਹੈ, ਜਿਸ ਦੀ ਪ੍ਰਾਪਤੀ ਲਈ ਸਾਰੇ ਸਿਹਤ ਅਧਿਕਾਰੀਆਂ ਨੂੰ ਹੋਰ ਜ਼ਿਆਦਾ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਾਂਚ ਅਤੇ ਇਲਾਜ ਪੱਖੋਂ ਲੋਕਾਂ ਨੂੰ ਕਿਸੇ ਵੀ ਸਰਕਾਰੀ ਸਿਹਤ ਸੰਸਥਾ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਜਿੱਥੇ ਕਿਤੇ ਕੋਈ ਕਮੀ-ਪੇਸ਼ੀ ਹੈ, ਉਸ ਨੂੰ ਤੁਰੰਤ ਦੂਰ ਕੀਤਾ ਜਾਵੇ। ਸਿਵਲ ਸਰਜਨ ਨੇ ਸਿਹਤ ਸੰਸਥਾਵਾਂ ਦਾ ਆਲਾ-ਦੁਆਲਾ ਅਤੇ ਪਖਾਨਿਆਂ ਦੀ ਸਫ਼ਾਈ ’ਤੇ ਜ਼ੋਰ ਦਿੱਤਾ ਕਿਹਾ ਕਿ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਸਾਫ਼-ਸੁਥਰਾ ਮਾਹੌਲ ਪ੍ਰਦਾਨ ਕੀਤਾ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਹਸਪਤਾਲ ਵਿੱਚ 24 ਘੰਟੇ ਲਈ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਕਿਸੇ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰਾ ਪਾਵਰ ਬੈਕ-ਅਪ ਰੱਖਿਆ ਜਾਵੇ। ਉਨ੍ਹਾਂ ਨੇ ‘ਕਾਇਆ-ਕਲਪ’ ਪ੍ਰੋਗਰਾਮ ਤਹਿਤ ਸਾਰੇ ਮਾਪਦੰਡ ਪੂਰੇ ਕਰਨ ਲਈ ਵੀ ਆਖਿਆ।
ਡੇਂਗੂ, ਮਲੇਰੀਆ, ਚਿਕਨਗੁਨੀਆਂ ਅਤੇ ਹੋਰਨਾਂ ਬੀਮਾਰੀਆਂ ਦੇ ਆਗਾਮੀ ਸੀਜ਼ਨ ਨੂੰ ਦੇਖਦਿਆਂ ਡਾ. ਸੰਗੀਤਾ ਜੈਨ ਨੇ ਜ਼ੋਰ ਦੇ ਕੇ ਆਖਿਆ ਕਿ ਇਨ੍ਹਾਂ ਬੀਮਾਰੀਆਂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਸੀਜ਼ਨ ਦੌਰਾਨ ਇਨ੍ਹਾਂ ਬੀਮਾਰੀਆਂ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਨੇ ‘ਆਮ ਆਦਮੀ ਕਲੀਨਿਕਾਂ’ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਮੁੜ ਦੁਹਰਾਇਆ ਕਿ ਸਰਕਾਰੀ ਹਸਪਤਾਲਾਂ ਵਿੱਚ ਜ਼ਰੂਰੀ ਤੇ ਐਮਰਜੈਂਸੀ ਦਵਾਈਆਂ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ। ਮਰੀਜ਼ ਨੂੰ ਸਾਰੀ ਦਵਾਈ ਅੰਦਰੋਂ ਹੀ ਮਿਲਣੀ ਚਾਹੀਦੀ ਹੈ। ਜੇ ਕੋਈ ਦਵਾਈ ਬਾਹਰੋਂ ਮਿਲਣੀ ਹੈ ਤਾਂ ਸਬੰਧਤ ਮੁੱਖ ਅਧਿਕਾਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਦਵਾਈ ਮਰੀਜ਼ ਨੂੰ ਉਪਲਬਧ ਕਰਾਈ ਜਾਵੇ। ਉਨ੍ਹਾਂ ਹਸਪਤਾਲਾਂ ਵਿੱਚ
ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ। ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਰੇਨੂ ਸਿੰਘ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ, ਐਸਐਮਓ ਡਾ. ਐਚਐਸ ਚੀਮਾ ਅਤੇ ਹੋਰ ਸਿਹਤ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Special DGP Law and Order holds Crime Review with DIG and SSPs of Ropar Range at Mohali

Special DGP Law and Order holds Crime Review with DIG and SSPs of Ropar Range at Mohali Na…