ਪੀਡਬਲਿਊਡੀ ਵਿਭਾਗ ਨੂੰ ਚੰਡੀਗੜ੍ਹ-ਜ਼ੀਰਕਪੁਰ ਫਲਾਈਓਵਰ ਛੇਤੀ ਮੁਕੰਮਲ ਕਰਨ ਦੇ ਆਦੇਸ਼

ਜ਼ੀਰਕਪੁਰ-ਘੱਗਰ ਦਰਿਆ ਦਰਮਿਆਨ ਟਰੈਫ਼ਿਕ ਨੂੰ ਸਰਵਿਸਲਾਇਨ ਵੱਲ ਮੋੜਨ ’ਤੇ ਜ਼ੋਰ

ਜ਼ੀਰਕਪੁਰ-ਘੱਗਰ ਦਰਿਆ ਹਾਈਵੇਅ ’ਤੇ ਲਿਫ਼ਟ ਦੀ ਸਹੂਲਤ ਵਾਲੇ ਦੋ ਫੂਟ ਓਵਰਬ੍ਰਿਜ ਬਣਾਏ ਜਾਣਗੇ: ਡੀਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਚੰਡੀਗੜ੍ਹ-ਜ਼ੀਰਕਪੁਰ ਫਲਾਈਓਵਰ ਦੀ ਉਸਾਰੀ ਕਾਰਨ ਰੋਜ਼ਾਨਾ ਲੱਗਦੇ ਲੰਮੇ ਟਰੈਫ਼ਿਕ ਜਾਮ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੇ ਹੱਲ ਲਈ ਪੀਡਬਲਿਊਡੀ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ। ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਅਹਿਮ ਮੀਟਿੰਗ ਵਿੱਚ ਡੇਰਾਬੱਸੀ ਦੇ ਐਸਡੀਐਮ, ਨੈਸ਼ਨਲ ਹਾਈਵੇਅ ਅਥਾਰਟੀ, ਪੀਡਬਲਿਊਡੀ ਦੇ ਅਧਿਕਾਰੀਆਂ, ਕਾਰਜਸਾਧਕ ਅਫ਼ਸਰ ਜ਼ੀਰਕਪੁਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਡੀਸੀ ਨੇ ਪੀਡਬਲਿਊਡੀ ਵਿਭਾਗ ਨੂੰ ਹਦਾਇਤ ਕੀਤੀ ਕਿ 30 ਨਵੰਬਰ ਤੱਕ ਉਸਾਰੀ ਕਾਰਜਾਂ ਨੂੰ ਮੁਕੰਮਲ ਕੀਤਾ ਜਾਵੇ। ਇਸ ਸਬੰਧੀ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਫਲਾਈਓਵਰ ਮਿਥੇ ਸਮੇਂ ਵਿੱਚ ਚਾਲੂ ਕਰ ਦਿੱਤਾ ਜਾਵੇਗਾ ਤਾਂ ਜੋ ਇਲਾਕੇ ਦੇ ਲੋਕਾਂ ਅਤੇ ਹੋਰ ਰਾਹਗੀਰਾਂ ਨੂੰ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਨੇ ਜ਼ੀਰਕਪੁਰ-ਘੱਗਰ ਦਰਿਆ ਵਿਚਾਲੇ ਆਵਾਜਾਈ ਸਮੱਸਿਆ ਦੇ ਹੱਲ ਲਈ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਟਰੈਫ਼ਿਕ ਹਾਈਵੇਅ ਦੇ ਨਾਲ ਲੱਗਦੀ ਸਰਵਿਸ ਲੇਨ ਵੱਲ ਤਬਦੀਲ ਕੀਤਾ ਜਾਵੇ। ਇਸ ਬਾਰੇ ਐਨਐਚਏਆਈ ਨੇ ਦੱਸਿਆ ਕਿ ਸਰਵਿਸ ਰੋਡ ਦੀ ਮੁਰੰਮਤ ਦੌਰਾਨ ਸੜਕ ਦੇ ਹੇਠਾਂ ਗੈਰ ਕਾਨੂੰਨੀ ਸੀਵਰੇਜ ਕੁਨੈਕਸ਼ਨ ਨਿਕਲ ਰਹੇ ਹਨ। ਜਿਨ੍ਹਾਂ ’ਚੋਂ ਪਾਣੀ ਰਿਸਣ ਕਾਰਨ ਉਸਾਰੀ ਕੰਮ ਵਿੱਚ ਦਿੱਕਤ ਆ ਰਹੀ ਹੈ।
ਡੀਸੀ ਤਲਵਾੜ ਨੇ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜਸਾਧਕ ਅਫ਼ਸਰ ਨੂੰ ਹਫ਼ਤੇ ਦੇ ਅੰਦਰ-ਅੰਦਰ ਸਾਰੇ ਗੈਰ ਕਾਨੂੰਨੀ ਕੁਨੈਕਸ਼ਨ ਬੰਦ ਕਰਕੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਐਨਐਚਏਆਈ ਨੂੰ ਇਸ ਸੜਕ ਉੱਤੇ ਪੈਦਲ ਚਲਣ ਵਾਲੇ ਲੋਕਾਂ ਦੀ ਸਹੂਲਤ ਲਈ ਲਿਫ਼ਟ ਦੀ ਸਹੂਲਤ ਵਾਲੇ ਦੋ ਫੂਟ ਓਵਰ ਬ੍ਰਿਜ ਬਣਾਉਣ ਦੇ ਆਦੇਸ਼ ਵੀ ਦਿੱਤੇ। ਡੀਸੀ ਨੇ ਢੁਕਵੀਂ ਥਾਂ ਦੀ ਸ਼ਨਾਖ਼ਤ ਕਰਕੇ ਦੋ ਬੱਸ ਕਿਊ ਸੈਲਟਰ ਬਣਾਉਣ ਦੀ ਤਜਵੀਜ਼ ਵੀ ਐਨਐਚਏਆਈ ਦੇ ਅਧਿਕਾਰੀਆਂ ਸਾਹਮਣੇ ਰੱਖੀ। ਜਿਨ੍ਹਾਂ ਨੇ ਡਿਪਟੀ ਕਮਿਸ਼ਨਰ ਦੀਆਂ ਤਜਵੀਜ਼ਾਂ ਨੂੰ ਮੰਨਦਿਆਂ ਛੇਤੀ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਡੀਸੀ ਨੇ ਲਹਿਲੀ ਤੋਂ ਬਨੂੜ ਸੜਕ ਅਤੇ ਰਾਮਗੜ੍ਹ ਤੋਂ ਮਾਜਰੀ ਤੱਕ ਸੜਕ ਦੀ ਲੋੜੀਂਦੀ ਮੁਰੰਮਤ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਆਵਾਜਾਈ ਸਬੰਧੀ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…