ਵਿਦੇਸ਼ੀ ਨਿਵੇਸ਼ਕਾਂ ਲਈ ਹੈਲਪਡੈਸਕ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉਦਯੋਗ ਵਿਭਾਗ ਨੂੰ ਹੁਕਮ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਜਨਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਨਿਵੇਸ਼ ਕਰਨ ਦੇ ਚਾਹਵਾਨ ਵਿਦੇਸ਼ਾਂ ਵਿੱਚ ਖਾਸਕਰ ਕੈਨੇਡਾ ਵਿੱਚ ਵਸੇ ਭਾਰਤੀਆਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਲਈ ਉਦਯੋਗ ਅਤੇ ਕਮਰਸ ਦੇ ਸਕੱਤਰ-ਕਮ-ਸੀ.ਈ.ਓ. ਇਨਵੈਸਟ ਪੰਜਾਬ ਰਾਕੇਸ਼ ਵਰਮਾ ਨੂੰ ਇਕ ਨਿਸ਼ਚਤ ਹੈਲਪ ਡੈਸਕ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਅੱਜ ਦੁਪਹਿਰ ਇਹ ਹਦਾਇਤਾਂ ਆਪਣੇ ਸਰਕਾਰੀ ਨਿਵਾਸ ਸਥਾਨ ’ਤੇ ਇੰਡੋ-ਕੈਨੇਡਾ ਚੈਂਬਰ ਆਫ ਕਮਰਸ ਦੇ ਮੈਂਬਰਾਂ ਨਾਲ ਗੱਲਬਾਤ ਦੌਰਾਨ ਜਾਰੀ ਕੀਤੀਆਂ।
ਮੁੱਖ ਮੰਤਰੀ ਨੇ ਭਾਰਤੀ ਭਾਈਚਾਰੇ ਨਾਲ ਸਬੰਧਤ ਵਫਦ ਨੂੰ ਦੋਵਾਂ ਦੇਸ਼ਾਂ ਵਿੱਚ ਵਣਜ ਅਤੇ ਵਪਾਰ ਲਈ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਢੰਗ-ਤਰੀਕਿਆਂ ਬਾਰੇ ਸੁਝਾਅ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਿੱਖਿਆ, ਹੁਨਰ ਵਿਕਾਸ, ਖੇਤੀ ਅਧਾਰਤ ਉਦਯੋਗ ਅਤੇ ਸੂਚਨਾ ਤਕਨਾਲੋਜੀ ਵਰਗੇ ਦੁਵੱਲੇ ਹਿੱਤਾਂ ਵਾਲੇ ਸੈਕਟਰਾਂ ਵਿੱਚ ਨਿਵੇਸ਼ ਦੇ ਮੌਕੇ ਦਾ ਪਤਾ ਲਾਉਣ ਦਾ ਵਫਦ ਨੂੰ ਸੁਝਾਅ ਦਿੱਤਾ ਹੈ। ਮੁੱਖ ਮੰਤਰੀ ਨੇ ਦੌਰੇ ’ਤੇ ਆਏ ਕੈਨੇਡੀਅਨ ਵਫਦ ਨੂੰ ਸੂਬੇ ਦੇ ਹਾਂ ਪੱਖੀ ਸਨਅਤੀ ਮਾਹੌਲ ਤੋਂ ਫਾਇਦਾ ਉਠਾਉਣ ਦਾ ਸੱਦਾ ਦਿੱਤਾ ਕਿਉਂਕਿ ਸੂਬੇ ਵਿੱਚ ਉਨ੍ਹਾਂ ਦੀ ਸਰਕਾਰ ਨੇ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਢੁਕਵਾਂ ਵਾਤਾਵਰਣ ਪੈਦਾ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਆਪਣੀ ਸਰਕਾਰ ਵੱਲੋਂ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਵੀ ਭਰੋਸਾ ਦਵਾਇਆ।
ਮੁੱਖ ਮੰਤਰੀ ਨੇ ਸੂਬੇ ਵਿੱਚ ਸਿਹਤ, ਸਿੱਖਿਆ, ਖੇਤੀਬਾੜੀ ਅਤੇ ਹੁਨਰ ਵਿਕਾਸ ਵਰਗੇ ਅਹਿਮ ਸੈਕਟਰਾਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਾਰੇ ਪੱਧਰਾਂ ’ਤੇ ਲਗਾਤਾਰ ਇਕਸਾਰਤਾ ਬਣਾਈ ਰੱਖਣ ਦਾ ਵਫਦ ਨੂੰ ਵਿਸ਼ਵਾਸ ਦਵਾਇਆ। ਉਨ੍ਹਾਂ ਨੇ ਤਕਨਾਲੋਜੀ ਦੇ ਤਬਾਦਲੇ ਅਤੇ ਪੰਜਾਬ ਤੇ ਕੈਨੇਡਾ ਵਿੱਚਕਾਰ ਤਕਨੀਕੀ ਭਾਈਵਾਲੀ ਪੈਦਾ ਕਰਕੇ ਸਬੰਧਾਂ ਵਿੱਚ ਤਾਲਮੇਲ ਬਣਾਉਣ ਦਾ ਵੀ ਭਰੋਸਾ ਦਵਾਇਆ। ਪਿਛਲੇ ਸਾਲ ਸਤੰਬਰ ਵਿੱਚ ਇੰਗਲੈਂਡ ਦੇ ਦੌਰੇ ਦੌਰਾਨ ਸ਼ੁਰੂ ਕੀਤੇ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਣ ਲਈ ਮਦਦ ਦੇਵੇਗਾ। ਉਨ੍ਹਾਂ ਨੇ ਤੀਜੀ ਪੀੜ੍ਹੀ ਦੇ ਨੌਜਵਾਨਾਂ ਨੂੰ ਪੰਜਾਬ ਨਾਲ ਖਾਸਤੌਰ ’ਤੇ ਜੋੜਣ ਦਾ ਜ਼ੋਰ ਦਿੱਤਾ ਜਿਨ੍ਹਾਂ ਦੀਆਂ ਇੱਥੇ ਜੜ੍ਹਾਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸ਼ਾਨਦਾਰ ਵਿਰਾਸਤ, ਸੱਭਿਆਚਾਰ ਅਤੇ ਅਮੀਰ ਰਵਾਇਤਾਂ ਨਾਲ ਉਨ੍ਹਾਂ ਨੌਜਵਾਨਾਂ ਨਾਲ ਜੋੜਣ ਲਈ ਇਹ ਇਕ ਬਹੁਤ ਵਧੀਆਂ ਮੰਚ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਉਨ੍ਹਾਂ ਨੌਜਵਾਨਾਂ ਲਈ ਵੀ ਸ਼ੁਰੂ ਕੀਤਾ ਜਾਵੇਗਾ ਜਿਨ੍ਹਾਂ ਦੇ ਬਾਪ-ਦਾਦੇ ਕੈਨੇਡਾ ਨੂੰ ਪ੍ਰਵਾਸ ਕਰ ਗਏ ਸਨ। ਪੰਜਾਬ ਦੇ ਵਿਦਿਆਰਥੀਆਂ, ਵਪਾਰੀਆਂ ਅਤੇ ਅਗਾਂਹਵਧੂ ਕਿਸਾਨਾਂ ਦੇ ਕੈਨੇਡਾ ਦੇ ਵਿਦਿਆਰਥੀਆਂ, ਵਪਾਰੀਆਂ ਅਤੇ ਕਿਸਾਨਾਂ ਦੇ ਨਾਲ ਨਿਯਮਿਤ ਤੌਰ ’ਤੇ ਵਿਚਾਰ-ਵਟਾਂਦਰੇ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੇ ਕੈਨੇਡਾ ਵਿੱਚਕਾਰ ਵਫਦਾਂ ਦੇ ਅਦਾਨ-ਪ੍ਰਦਾਨ ਦੇ ਪ੍ਰੋਗਰਾਮ ਲਗਾਤਾਰ ਹੋਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਦੇ ਤਜ਼ਰਬਿਆਂ ਅਤੇ ਮੁਹਾਰਤ ਨਾਲ ਦੋਵਾਂ ਧਿਰਾਂ ਨੂੰ ਲਾਭ ਹੋ ਸਕੇ।
ਮੁੱਖ ਮੰਤਰੀ ਨੇ ਮੌਜੂਦਾ ਅਕਾਦਮਿਕ ਪਾਠਕ੍ਰਮ ਵਿੱਚ ਤਬਦੀਲੀਆਂ ਅਤੇ ਕੁਝ ਵਿਸ਼ੇਸ਼ ਕੋਰਸਾਂ ਵਿੱਚ ਸੋਧਾਂ ਦਾ ਵੀ ਸੁਝਾਅ ਦਿੱਤਾ ਤਾਂ ਜੋ ਉਨ੍ਹਾਂ ਨੂੰ ਕੈਨੇਡਾ ਦੀ ਸਿੱਖਿਆ ਪ੍ਰਣਾਲੀ ਦੇ ਨਾਲ ਤਾਲਮੇਲ ਬਿਠਾਇਆ ਜਾ ਸਕੇ ਅਤੇ ਸਥਾਨਕ ਨੌਜਵਾਨ ਕੈਨੇਡਾ ਵਿੱਚ ਫਾਇਦੇਮੰਤ ਰੋਜ਼ਗਾਰ ਪ੍ਰਾਪਤ ਕਰ ਸਕਣ। ਪੰਜਾਬ ਵਿੱਚ ਵਿਕਾਸ ਅਤੇ ਖੁਸ਼ਹਾਲੀ ਨੂੰ ਬੜ੍ਹਾਵਾ ਦੇਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਤਹਿ ਦਿਲੋਂ ਮਦਦ ਕਰਨ ਦਾ ਮੁੱਖ ਮੰਤਰੀ ਨੂੰ ਭਰੋਸਾ ਦਵਾਉਂਦੇ ਹੋਏ ਕੰਵਰ ਧੰਜਲ ਦੀ ਅਗਵਾਈ ਵਿੱਚ ਦੌਰੇ ’ਤੇ ਆਏ ਕੈਨੇਡਾ ਦੇ ਵਫਦ ਨੇ ਕਿਹਾ ਕਿ ਭਾਰਤੀ ਮਾਤਰ ਭੂਮੀ ਦੇ ਧੀਆਂ ਪੁੱਤਰ ਹੋਣ ਦੇ ਨਾਤੇ ਉਨ੍ਹਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਦੇ ਵਿਕਾਸ ਤੇ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਦੇਣ। ਉਨ੍ਹਾਂ ਨੇ ਪੰਜਾਬ ਅਤੇ ਕੈਨੇਡਾ ਵਿੱਚਕਾਰ ਵਪਾਰ ਨੂੰ ਬੜ੍ਹਾਵਾ ਦੇਣ ਲਈ ਠੋਸ ਕੋਸ਼ਿਸ਼ਾਂ ਕੀਤੇ ਜਾਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ।
ਧੰਜਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਪਲਾਈਵੱੁਡ ਵਿੱਚ ਤਬਦੀਲ ਕਰਨ ਵਾਲੀ ਕੈਨੇਡੀਅਨ ਤਕਨਾਲੋਜੀ ਪੰਜਾਬ ਨੂੰ ਬਹੁਤ ਜ਼ਿਆਦਾ ਮਦਦ ਦੇ ਸਕਦੀ ਹੈ ਜਿਸ ਦੇ ਨਾਲ ਪਰਾਲੀ ਸਾੜਨ ਤੋਂ ਬਚਿਆ ਜਾ ਸਕਦਾ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਕਈ ਗੁਣਾ ਵਾਧਾ ਕਰਨ ਵਿੱਚ ਮਦਦ ਮਿਲ ਸਕਦੀ ਹੈ। ਵਿਚਾਰ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਵਿਧਾਇਕ ਫਤਹਿ ਜੰਗ ਸਿੰਘ ਬਾਜਵਾ ਨੇ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਛੋਟੇ ਪੱਧਰ ਦੇ ਸੈਕਟਰ ਨੂੰ ਹੁਲਾਰਾ ਦੇਣ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ।
ਇਸ ਮੌਕੇ ਮੁੱਖ ਮੰਤਰੀ ਦੇ ਸਲਾਹਕਾਰ ਬੀ.ਆਈ.ਐਸ. ਚਾਹਲ, ਬਾਘਾ ਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ (ਗ੍ਰਹਿ) ਐਨ.ਐਸ. ਕਲਸੀ, ਸੀ.ਈ.ਓ. ਇਨਵੈਸਟ ਪੰਜਾਬ ਅਤੇ ਸਕੱਤਰ ਉਦਯੋਗ ਤੇ ਕਮਰਸ ਰਾਕੇਸ਼ ਵਰਮਾ, ਐਮ. ਡੀ. ਪੀ.ਆਈ.ਡੀ.ਬੀ. ਡੀ.ਕੇ. ਤਿਵਾਰੀ, ਐਮ.ਡੀ. ਪੰਜਾਬ ਐਗਰੋ ਵਿਕਾਸ ਗਰਗ ਵੀ ਹਾਜ਼ਰ ਸਨ। ਕੈਨੇਡਾ ਦੇ ਵਫਦ ਵਿੱਚ ਵਾਇਸ ਪ੍ਰੈਜ਼ੀਡੈਂਟ ਜੈਗ ਬਡਵਾਲ, ਨਾਰੇਸ਼ ਕੁਮਾਰ ਚਾਵੜਾ, ਪ੍ਰਿਆਂਕ ਗਰਗ, ਪ੍ਰਦਯੂਮਨ, ਸਮੀਰ ਸ਼ਰਮਾ, ਮੇਜਰ ਨੱਤ ਅਤੇ ਜਗਦੀਸ਼ ਗਰੇਵਾਲ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…