
ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਨੂੰ ਅਗਾਊਂ ਪ੍ਰਬੰਧ ਕਰਨ ਦੇ ਹੁਕਮ
ਡੀਸੀ ਅਮਿਤ ਤਲਵਾੜ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਆਗਾਮੀ ਮਾਨਸੂਨ ਸੀਜ਼ਨ ਦੌਰਾਨ ਅਗਾਊਂ ਹੜ੍ਹ ਰੋਕਥਾਮ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਆਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਸਮੇਂ ਤੋਂ ਪਹਿਲਾਂ ਕੀਤੀ ਤਿਆਰੀ ਨਾਲ ਜਿੱਥੇ ਸੰਕਟ ਦੀ ਸਥਿਤੀ ਨੂੰ ਸਹੀ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਹੈ, ਉੱਥੇ ਹੀ ਕੰਮ ਵਿੱਚ ਕੁਸ਼ਲਤਾ ਵੀ ਵਧਦੀ ਹੈ। ਉਨ੍ਹਾਂ ਦੱਸਿਆ ਕਿ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਕਿਸੇ ਵੀ ਹੰਗਾਮੀ ਹਾਲਾਤ ਦਾ ਸਾਹਮਣਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਤਿਆਰ ਹੈ।
ਵੱਖ-ਵੱਖ ਵਿਭਾਗਾਂ ਨੂੰ ਅਗੇਤੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ ਜਾਰੀ ਕਰਦਿਆਂ ਡੀਸੀ ਨੇ ਕਿਹਾ ਕਿ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਲਈ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਫਲੱਡ ਲਾਈਟਾਂ, ਸਰਚ ਲਾਈਟਾਂ, ਲਾਈਫ਼ ਜੈਕਟਾਂ ਆਦਿ ਸਮਾਨ ਦੀ ਅਗਾਊਂ ਜਾਂਚ ਕਰ ਲਈ ਜਾਵੇ ਅਤੇ ਜੇਕਰ ਕਿਸੇ ਸਮਾਨ ਨੂੰ ਮੁਰੰਮਤ ਦੀ ਲੋੜ ਹੈ, ਤਾਂ ਤੁਰੰਤ ਕਰਵਾਈ ਜਾਵੇ। ਇਸ ਤੋਂ ਇਲਾਵਾ ਮਾਨਸੂਨ ਤੋਂ ਪਹਿਲਾਂ ਸ਼ਹਿਰਾਂ ਅਤੇ ਪਿੰਡਾਂ ਦੇ ਡਰੇਨੇਜ ਅਤੇ ਸੀਵਰੇਜ ਦੀ ਸਫ਼ਾਈ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਬੰਧਾਂ ਪੱਖੋਂ ਕਿਸੇ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡੀਸੀ ਨੇ ਕਿਹਾ ਕਿ ਡਰੇਨਾਂ/ਨਾਲਿਆਂ ਦੀ ਸਫ਼ਾਈ, ਪਾਣੀ, ਮੈਡੀਕਲ ਟੀਮਾਂ ਤੇ ਦਵਾਈਆਂ, ਪਸ਼ੂਆਂ ਲਈ ਟੀਕੇ, ਦਵਾਈਆਂ ਅਤੇ ਚਾਰੇ ਦਾ ਪ੍ਰਬੰਧ, ਦੂਰ-ਸੰਚਾਰ ਵਿਵਸਥਾ, ਬਿਜਲੀ ਨਿਰਵਿਘਨ ਅਤੇ ਸੁਰੱਖਿਆ ਸਪਲਾਈ, ਵਾਹਨਾਂ ਦੇ ਪ੍ਰਬੰਧ, ਵਾਇਰਲੈੱਸ ਸੈੱਟ ਲਗਾਉਣ, ਤੈਰਾਕ, ਕਿਸ਼ਤੀ ਚਾਲਕਾਂ ਅਤੇ ਗੋਤਾਖੋਰਾਂ ਦੀ ਸੂਚੀ ਦੇ ਅਗਾਊਂ ਪ੍ਰਬੰਧ ਮੁਕੰਮਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਸਮੇਂ ਸਿਰ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਅਤੇ ਆਵਾਜਾਈ ਨੂੰ ਸੌਖਾ ਬਣਾਉਣ ਲਈ ਸੜਕਾਂ ਦੀ ਮੁਰੰਮਤ ਯਕੀਨੀ ਬਣਾਈ ਜਾਵੇ। ਜੇਕਰ ਹਨੇਰੀ ਕਾਰਨ ਕਿਸੇ ਸੜਕ ’ਤੇ ਦਰਖਤ ਆਦਿ ਡਿਗਦੇ ਹਨ ਤਾਂ ਇਸ ਸਬੰਧੀ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਐਸਡੀਐਮ ਹਰਬੰਸ ਸਿੰਘ, ਐਸਡੀਐਮ ਖਰੜ ਰਵਿੰਦਰ ਸਿੰਘ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਡੀਡੀਪੀਓ ਬਲਜਿੰਦਰ ਸਿੰਘ ਗਰੇਵਾਲ, ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰ ਅਤੇ ਮਾਈਨਿੰਗ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।