
ਆਰਗੈਨਿਕ ਖੇਤੀ: ਉਤਪਾਦ ਦਾ ਢਾਈ ਗੁਣਾ ਭਾਅ ਮਿਲਣ ਨਾਲ ਕਿਸਾਨ ਦੀ ਆਮਦਨੀ ਵਧੀ
ਫਸਲ ਦੀ ਹੁੰਦੀ ਹੈ ਅਗੇਤੀ ਬੁਕਿੰਗ, ਆਰਗੈਨਿਕ ਗੁੜ ਵੀ ਕਰਦਾ ਹੈ ਤਿਆਰ ਸਾਬਕਾ ਪੁਲੀਸ ਕਰਮਚਾਰੀ ਸੁਰਜੀਤ ਸਿੰਘ
3-10 ਸਾਲ ਪੁਰਾਣੀ ਲੱਸੀ ਅਤੇ ਕੁਦਰਤੀ ਡੀਕੰਪੋਜਰ ਦੀ ਵਰਤੋਂ ਨਾਲ ਆਰਗੈਨਿਕ ਮਾਦੇ ਵਿੱਚ ਹੁੰਦਾ ਹੈ ਵਾਧਾ
ਜ਼ਿਲ੍ਹਾ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਫਾਰਮ ਸਕੂਲ ਲਗਾ ਕੇ ਇਲਾਕੇ ਦੇ ਕਿਸਾਨਾਂ ਨੂੰ ਲਗਾਤਾਰ ਕਰ ਰਿਹਾ ਹੈ ਪ੍ਰੇਰਿਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਦਸੰਬਰ:
ਪੰਜਾਬ ਪੁਲੀਸ ਦਾ ਸਾਬਕਾ ਕਰਮਚਾਰੀ ਸੁਰਜੀਤ ਸਿੰਘ ਪਿੰਡ ਤੰਗੋਰੀ ਵਿੱਚ ਆਰਗੈਨਿਕ ਖੇਤੀ ਕਰਕੇ ਜਿੱਥੇ ਹੋਰਨਾਂ ਲਈ ਪ੍ਰੇਰਣਾ ਦਾ ਸਰੋਤ ਬਣਿਆ ਹੈ, ਉੱਥੇ ਚੌਖੀ ਆਮਦਨ ਕਮਾ ਕੇ ਆਪਣੇ ਪਰਿਵਾਰ ਦਾ ਵਧੀਆ ਗੁਜ਼ਾਰਾ ਚਲਾ ਰਿਹਾ ਹੈ। ਇਹ ਅਗਾਂਹਵਧੂ ਕਿਸਾਨ ਪਹਿਲਾਂ ਪੰਜਾਬ ਪੁਲੀਸ ਵਿੱਚ ਨੌਕਰੀ ਕਰਦਾ ਸੀ। ਬਾਅਦ ਵਿੱਚ ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਆਰਗੈਨਿਕ ਫਾਰਮਿੰਗ ਗਾਜਿਆਬਾਦ ਨਾਲ ਜੁੜ ਗਿਆ। ਇਸ ਦੌਰਾਨ ਉਸ ਨੇ ਖੇਤੀਬਾੜੀ ਵਿਭਾਗ ਨਾਲ ਮੇਲ ਜੋਲ ਵਧਾ ਕੇ ਮਿੱਟੀ ਦੀ ਪਰਖ ਅਤੇ ਉਸ ਦੀ ਸੰਭਾਲ ਅਤੇ ਸੋਆਇਲ ਬੈਂਕ ਵਿੱਚ ਕੁਦਰਤੀ ਤੱਤਾਂ ਬਾਰੇ ਅਧਿਐਨ ਕੀਤਾ।
ਉਸ ਨੇ ਆਪਣੇ ਖੇਤਾਂ ਦੀ ਕੁਦਰਤੀ ਢਲਾਣ ਨੂੰ ਧਿਆਨ ਵਿੱਚ ਰੱਖਦਿਆਂ ਨਿਵਾਨ ਵੱਲ ਇੱਕ ਟੋਭਾ ਤਿਆਰ ਕੀਤਾ। ਜਿਸ ਨਾਲ ਅੌੜ ਦੇ ਸਮੇਂ ਫਸਲਾਂ ਤੇ ਇੰਜਨ ਨਾਲ ਸਿੰਚਾਈ ਕੀਤੀ ਜਾ ਸਕੇ। ਇਸ ਟੋਭੇ ਵਿੱਚ ਦੇਸੀ ਜੰਗਲੀ ਛੋਟੀ ਮੱਛੀ ਦੀ ਕਾਸ਼ਤ ਕਰ ਕੇ ਕੈਲਸ਼ੀਅਮ ਤੱਤ ਦੀ ਭਰਪੂਰ ਮਾਤਰਾ ਸਿੰਚਾਈ ਦੇ ਪਾਣੀ ਨਾਲ ਖੇਤਾਂ ਵਿੱਚ ਕੁਦਰਤੀ ਤੌਰ ਤਰੀਕੇ ਨਾਲ ਸ਼ਾਮਲ ਕੀਤਾ ਜਾਂਦਾ ਹੈ। ਇਸ ਕਿਸਾਨ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਅੱਜ ਦੇ ਯੁੱਗ ਵਿੱਚ ਯੂ ਟਿਊਬ ਤੇ ਆਰਗੈਨਿਕ ਫਾਰਮਿੰਗ ਸਬੰਧੀ ਡੀ ਕੰਪਜਰ ਤਿਆਰ ਕਰਨਾ, ਕੁਦਰਤੀ ਬੂਟੇ ਜਿਵੇਂ ਧਤੂਰਾ, ਭੰਗ, ਅੱਕ, ਨਿੰਮ ਆਦਿ ਤੋਂ ਬਾਇਓ ਪੈਸਟੀਸਾਈਡ ਤੇ ਨਾਈਟ੍ਰੇਜਨ ਬਾਇਓ ਫਰਟੀਲਾਇਜਰ ਤਿਆਰ ਕਰਨੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਇਹ ਤਜਰਬੇ ਆਪਣੇ ਖੇਤਾਂ ਵਿਚ ਅਮਲ ਵਿਚ ਲਿਆਂਦੇ।
ਇਸ ਨੇ ਚਾਟੀ ਦੀ ਲੱਸੀ ਸਾਂਭਣੀ ਸ਼ੁਰੂ ਕੀਤੀ ਅਤੇ ਆਪਣੇ ਕਿਸਾਨੀ ਤਜਰਬੇ ਨਾਲ ਪਿਛਲੇ 5-6 ਸਾਲਾਂ ਤੋਂ ਲੱਸੀ ਦੀ ਫਸਲਾਂ ਤੇ ਵਰਤੋਂ ਨਾਲ ਇਸ ਨਤੀਜੇ ਤੇ ਪੁੱਜਿਆ ਕਿ ਕਿ ਪੁਰਾਣੀ 3-10 ਸਾਲ ਪੁਰਾਣੀ ਲੱਸੀ ਅਤੇ ਕੁਦਰਤੀ ਡੀਕੰਪੋਜਰ ਦੀ ਵਰਤੋਂ ਨਾਲ ਆਰਗੈਨਿਕ ਮਾਦੇ ਵਿੱਚ ਵਾਧਾ ਹੁੰਦਾ ਹੈ, ਜਿਸ ਨਾਲ ਫਸਲ ਨੂੰ ਕਿਸੇ ਫੰਫੂਦੀ ਨਾਸਕ, ਕੀੜੇਮਾਰ ਜ਼ਹਿਰ ਜਾਂ ਰਸਾਇਣਿਕ ਖਾਦ ਦੀ ਲੋੜ ਵੀ ਨਹੀਂ ਪੈਂਦੀ।
ਕਿਸਾਨ ਵੱਲੋਂ ਸ਼ੁਰੂਆਤੀ ਦੋ ਤਿੰਨ ਸਾਲ ਆਰਗੈਨਿਕ ਖੇਤੀ ਨਾਲ ਝਾੜ ਵਿੱਚ ਘਾਟ ਆਈ ਪ੍ਰੰਤੂ ਆਰਗੈਨਿਕ ਉਤਪਾਦ ਦੇ ਚੰਗੇ ਮੁੱਲ ਨਾਲ ਘਾਟਾ ਪੂਰਾ ਹੋ ਗਿਆ। ਹੁਣ ਮੁਕੰਮਲ ਆਰਗੈਨਿਕ ਖੇਤੀ ਨਾਲ ਇਸ ਤੋਂ ਪ੍ਰਾਪਤ ਉਤਪਾਦ ਦਾ ਦੋ ਤੋਂ ਢਾਈ ਗੁਣਾ ਭਾਅ ਮਿਲਣ ਨਾਲ ਕਿਸਾਨ ਦੀ ਆਮਦਨੀ ਸਵਾ ਤੋਂ ਡੇਢ ਗੁਣਾ ਵਧੀ ਹੈ ਅਤੇ ਫਸਲ ਦੀ ਸ਼ੁਰੂਆਤ ਵਿਚ ਹੀ ਅਗੇਤੀ ਬੁਕਿੰਗ ਹੋਣ ਲੱਗ ਪਈ ਹੈ।
ਕਿਸਾਨ ਵੱਲੋਂ 5 ਕਿੱਲਿਆਂ ਵਿੱਚ ਆਰਗੈਨਿਕ ਕਣਕ ਦੇ ਨਾਲ 2.5 ਏਕੜ ਗੰਨਾ ਕਿਸਮ ਸੀਓਜੇ 85 ਲਗਾਈ ਹੈ. ਗੰਨੇ ਦੀ ਕਾਸ਼ਤ ਫਗਵਾੜਾ ਤਕਨੀਕ ਨਾਲ ਟਰੈਂਚ ਵਿਧੀ ਨਾਲ ਕੀਤੀ ਗਈ ਹੈ. ਕਿਸਾਨ ਵੱਲੋਂ ਗੰਨੇ ਤੋਂ ਸਿੱਧਾ ਆਰਗੈਨਿਕ ਗੁੜ ਤਿਆਰ ਕੀਤਾ ਜਾਂਦਾ ਹੈ ਅਤੇ ਪੂਰੀ ਸਾਫ਼ ਸਫ਼ਾਈ ਜਾਲੀ ਨਾਲ ਢੱਕ ਕੇ ਰੱਖ ਰਖਾਅ ਨਾਲ ਜੋ ਗੁੜ ਤਿਆਰ ਕੀਤਾ ਜਾਂਦਾ ਹੈ ਉਸ ਦੇ ਖੇਤ ਤੋਂ ਹੀ 100 ਰੁਪਏ ਪ੍ਰਤੀ ਕਿੱਲੋ ਨਾਲ ਵਿਕਰੀ ਹੋ ਜਾਂਦੀ ਹੈ। ਇਸ ਤਰ੍ਹਾਂ ਡੇਢ ਤੋਂ ਦੋ ਗੁਣਾਂ ਵੱਧ ਆਮਦਨੀ ਨਾਲ ਵਾਤਾਵਰਨ ਪ੍ਰੇਮੀ ਸੰਤੁਸਟ ਹੈ ਅਤੇ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ।
ਇਸ ਕਿਸਾਨ ਦੇ ਖੇਤਾਂ ਵਿੱਚ ਆਤਮਾ ਸਕੀਮ ਅਧੀਨ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਯੋਗ ਅਗਵਾਈ ਨਾਲ ਫਾਰਮ ਸਕੂਲ ਲਗਾ ਕੇ ਇਲਾਕੇ ਦੇ ਕਿਸਾਨਾਂ ਨੂੰ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕਿਸਾਨ ਵੱਲੋਂ ਹੋਰ ਕਿਸਾਨਾਂ ਨੂੰ ਮੁਫ਼ਤ ਪੁਰਾਣੀ ਤੋਂ ਪੁਰਾਣੀ ਲੱਸੀ ਅਤੇ ਪੀਏਯੂ ਲੁਧਿਆਣਾ ਤੋਂ ਪ੍ਰਾਪਤ ਡੀਕੰਪੋਜਰ ਨੂੰ ਵਧਾ ਕੇ ਤਿਆਰ ਕੀਤਾ ਡੀਕੰਪੋਜਰ ਦਿੱਤਾ ਜਾ ਰਿਹਾ ਹੈ, ਇਸ ਤਰ੍ਹਾਂ ਇਹ ਕਿਸਾਨ ਸਮੁੱਚੇ ਕਿਸਾਨਾਂ ਨੂੰ ਪਰਮ ਪਰਾਗਤ ਖੇਤੀ ਅਪਣਾ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਵਿਚ ਯੋਗਦਾਨ ਦੇਣ ਦੇ ਨਾਲ ਮਾਨਵਤਾ ਨੂੰ ਸ਼ੁੱਧ ਆਹਾਰ ਲੈਣ ਲਈ ਸੰਦੇਸ਼ ਦੇ ਰਿਹਾ ਹੈ।