
ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲਿਆਂ ਦਾ ਆਯੋਜਨ
ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ 388 ਵਿਦਿਆਰਥੀਆਂ ਨੇ ਭਾਗ ਲੈ ਕੇ ਕਾਇਮ ਕੀਤੀ ਮਿਸਾਲ
ਜ਼ਿਲ੍ਹਾ ਪੱਧਰ ’ਤੇ ਜੇਤੂ ਵਿਦਿਆਰਥੀ ਹੁਣ ਰਾਜ ਪੱਧਰੀ ਮੁਕਾਬਲਿਆਂ ਵਿੱਚ ਕਰਨਗੇ ਸ਼ਮੂਲੀਅਤ
ਨਬਜ਼-ਏ-ਪੰਜਾਬ, ਮੁਹਾਲੀ, 12 ਅਗਸਤ:
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵੱਲੋਂ ਕਲ੍ਹ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਵਿਖੇ ਦਸਵੀਂ ਜਮਾਤ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਦੇ ‘ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ’ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਲੇਖ ਰਚਨਾ, ਕਵਿਤਾ ਰਚਨਾ, ਕਹਾਣੀ ਰਚਨਾ ਅਤੇ ਕਵਿਤਾ ਗਾਇਨ ਦੇ ਮੁਕਾਬਲੇ ਸ਼ਾਮਲ ਸਨ। ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਸਕੂਲਾਂ ਦੇ 388 ਵਿਦਿਆਰਥੀਆਂ ਵੱਲੋਂ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਜਿਸ ਵਿੱਚ ਕਵਿਤਾ ਗਾਇਨ ਮੁਕਾਬਲੇ ਲਈ 119 ਵਿਦਿਆਰਥੀ, ਲੇਖ ਰਚਨਾ ਲਈ 116 ਵਿਦਿਆਰਥੀ, ਕਹਾਣੀ ਰਚਨਾ ਲਈ 94 ਵਿਦਿਆਰਥੀ ਅਤੇ ਕਵਿਤਾ ਰਚਨਾ ਲਈ 59 ਵਿਦਿਆਰਥੀ ਸ਼ਾਮਲ ਸਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਮੁੱਖ ਮਹਿਮਾਨ ਸਨ ਜਦੋਂਕਿ ਡਾ. ਅਨੂਪਕਿਰਨ ਕੌਰ ਪ੍ਰਿੰਸੀਪਲ, ਸ਼ਿਵਾਲਿਕ ਪਬਲਿਕ ਸਕੂਲ ਮੁਹਾਲੀ ਅਤੇ ਅੰਗਰੇਜ਼ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਤੋਂ ਪਹਿਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਮੁਕਾਬਲਿਆਂ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਮਹਿਮਾਨਾਂ, ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਪਤਵੰਤਿਆਂ ਨੂੰ ਜੀ ਆਇਆ ਨੂੰ ਆਖਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਮੁਕਾਬਲਿਆਂ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੁਆਰਾ ਤਿਆਰੀ ਕਰਵਾ ਕੇ ਭੇਜਣਾ ਸਲਾਹੁਣਯੋਗ ਕਦਮ ਹੈ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਦੀਆਂ ਸਰਗਰਮੀਆਂ ਤੋਂ ਵੀ ਜਾਣੂ ਕਰਵਾਇਆ ਗਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਵੱਲੋਂ ਵਿਦਿਆਰਥੀਆਂ ਲਈ ਸਿਰਜਣਾਤਮਕ ਮੁਕਾਬਲੇ ਉਲੀਕਣ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਜਿਹੇ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੁਨੇਹਾ ਦਿੱਤਾ ਗਿਆ।
ਮੁਕਾਬਲਿਆਂ ਦੇ ਨਿਯਮਾਂ ਅਨੁਸਾਰ ਕਵਿਤਾ ਗਾਇਨ ਲਈ ਨੰਦ ਲਾਲ ਨੂਰਪੁਰੀ, ਧਨੀ ਰਾਮ ਚਾਤ੍ਰਿਕ, ਭਾਈ ਵੀਰ ਸਿੰਘ, ਸ਼ਿਵ ਕੁਮਾਰ ਬਟਾਲਵੀ, ਕਰਤਾਰ ਸਿੰਘ ਬਲੱਗਣ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਗੁਰਭਜਨ ਸਿੰਘ, ਸੁਲੱਖਣ ਸਰਹੱਦੀ, ਗੁਰਤੇਜ ਕੋਹਾਰਵਾਲਾ, ਮਨਜੀਤ ਇੰਦਰਾ ਦੀਆਂ ਕਵਿਤਾਵਾਂ ਨੂੰ ਵਿਦਿਆਰਥੀਆਂ ਦੁਆਰਾ ਮੰਚ ਤੋਂ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਕਵਿਤਾ ਰਚਨਾ ਮੁਕਾਬਲੇ (300 ਸ਼ਬਦ) ਲਈ ਮੌਕੇ ’ਤੇ ‘ਮਾਂ’, ‘ਪਿਤਾ’, ‘ਵਿਦਿਆਰਥੀ’, ‘ਧੀਆਂ’ ਅਤੇ ‘ਵਾਤਾਵਰਨ’, ਲੇਖ ਰਚਨਾ ਮੁਕਾਬਲੇ (600 ਸ਼ਬਦ) ਲਈ ‘ਨੌਜਵਾਨ ਪੀੜ੍ਹੀ ਦਾ ਵਿਦੇਸ਼ ਜਾਣ ਦਾ ਰੁਝਾਨ’, ‘ਮੋਬਾਇਲ ਦੀ ਵਰਤੋਂ’, ‘ਕੁਦਰਤ ਦੀ ਕਰੋਪੀ ਅਤੇ ਇਸ ਤੋਂ ਕਿਵੇਂ ਬਚੀਏ? ਅਤੇ ‘ਅਜੋਕੀ ਅੌਰਤ ਦੀ ਸਥਿਤੀ‘ ਅਤੇ ਕਹਾਣੀ ਰਚਨਾ ਮੁਕਾਬਲੇ (600 ਸ਼ਬਦ) ਲਈ ‘ਨਸ਼ੇ’, ‘ਪਾਣੀ’, ‘ਅਜੋਕੇ ਮਨੁੱਖ ਦਾ ਦੋਗਲਾਪਣ’, ‘ਅੌਰਤ ਦੀ ਹੋਂਦ’ ਅਤੇ ‘ਅਜੋਕੇ ਰਿਸ਼ਤੇ’ ਵਿਸ਼ੇ ਦਿੱਤੇ ਗਏ। ਸਾਰੀਆਂ ਹੀ ਵਿਧਾਵਾਂ ਵਿੱਚ ਜ਼ਬਰਦਸਤ ਮੁਕਾਬਲਾ ਅਤੇ ਰੌਚਿਕਤਾ ਵੇਖਣ ਵਾਲੀ ਸੀ।
ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਭਵਜੀਤ ਸਿੰਘ, ਦੂਜਾ ਸਥਾਨ ਆਬਿਆ ਗਿੱਲ ਅਤੇ ਤੀਜਾ ਸਥਾਨ ਆਕ੍ਰਿਤੀ ਨੇਗੀ ਨੇ ਪ੍ਰਾਪਤ ਕੀਤਾ। ਕਹਾਣੀ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਰਸ਼ਪ੍ਰੀਤ ਕੌਰ, ਦੂਜਾ ਸਥਾਨ ਗੁਰਨੂਰ ਅਤੇ ਤੀਜਾ ਸਥਾਨ ਨੰਦਨੀ ਮਹਿਰਾ ਨੇ ਪ੍ਰਾਪਤ ਕੀਤਾ। ਕਵਿਤਾ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਏਕਨੂਰ ਸਿੰਘ, ਦੂਜਾ ਸਥਾਨ ਸੁਖਮਨ ਕੌਰ ਅਤੇ ਤੀਜਾ ਸਥਾਨ ਪੋਸ਼ੀਨ ਜੋਸ਼ੀ ਨੇ ਪ੍ਰਾਪਤ ਕੀਤਾ। ਲੇਖ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਸਿਮਰਨ ਸੋਹਲ, ਦੂਜਾ ਸਥਾਨ ਅਮਨਦੀਪ ਕੌਰ ਅਤੇ ਤੀਜਾ ਸਥਾਨ ਮਨਦੀਪ ਕੌਰ ਨੇ ਪ੍ਰਾਪਤ ਕੀਤਾ। ਮੁਕਾਬਲਿਆਂ ਉਪਰੰਤ ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਭਾਗੀਦਾਰੀ ਦਾ ਪ੍ਰਮਾਣ ਪੱਤਰ ਵੀ ਦਿੱਤਾ ਗਿਆ। ਜ਼ਿਲ੍ਹਾ ਪੱਧਰ ‘ਤੇ ਜੇਤੂ ਰਹੇ ਵਿਦਿਆਰਥੀ ਹੁਣ ਪਟਿਆਲੇ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ।

ਮੁਕਾਬਲਿਆਂ ਦੌਰਾਨ ਜੱਜਮੈਂਟ ਲਈ ਡਾ. ਸੰਤੋਖ ਸਿੰਘ, ਡਾ. ਮਨਜਿੰਦਰ ਸਿੰਘ, ਡਾ. ਪੁਸ਼ਪਿੰਦਰ ਕੌਰ, ਪ੍ਰੋ. ਗੁਰਜੋਧ ਕੌਰ, ਸ਼੍ਰੀ ਸੁਖਜੀਵਨ ਸਿੰਘ, ਡਾ. ਸੁਖਵਿੰਦਰ ਕੌਰ, ਜਤਿੰਦਰ ਸਿੰਘ, ਮੈਡਮ ਦਿਲਪ੍ਰੀਤ ਕੌਰ, ਡਾ. ਬਲਜੀਤ ਕੌਰ ਵੱਲੋਂ ਸਾਰਥਕ ਭੂਮਿਕਾ ਨਿਭਾਈ ਗਈ। ਮੰਚ ਸੰਚਾਲਨ ਦੀ ਭੂਮਿਕਾ ਡਾ. ਮਨਜਿੰਦਰ ਸਿੰਘ ਨੇ ਬਾਖ਼ੂਬੀ ਨਿਭਾਈ। ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਦੇ ਮਾਪੇ ਅਤੇ ਜ਼ਿਲ੍ਹੇ ਦੀਆਂ ਹੋਰ ਅਦਬੀ ਸ਼ਖਸ਼ੀਅਤਾਂ ਵੀ ਹਾਜ਼ਰ ਸਨ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਵਿਦਿਆਰਥੀਆਂ ਅੰਦਰ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨਰੋਏ ਜੀਵਨ ਮੁੱਲਾਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।